ਬਠਿੰਡਾ ਜ਼ਿਲੇ ''ਚ ਕੋਰੋਨਾ ਦੇ 5 ਨਵੇਂ ਮਾਮਲੇ ਆਏ ਸਾਹਮਣੇ

06/24/2020 8:09:03 PM

ਬਠਿੰਡਾ,(ਵਰਮਾ) -ਬਠਿੰਡਾ ਜ਼ਿਲੇ 'ਚ ਬੁੱਧਵਾਰ ਨੂੰ ਕੋਵਿਡ-19 ਬਿਮਾਰੀ ਦੇ 5 ਨਵੇਂ ਕੇਸ ਸਾਹਮਣੇ ਆਏ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਬੀ ਨਿਵਾਸਨ ਨੇ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਅੱਜ ਦੇ ਦਿਨ ਕੁੱਲ 397 ਨੈਗੇਟਿਵ ਰਿਪੋਰਟਾਂ ਵੀ ਪ੍ਰਾਪਤ ਹੋਈਆਂ ਹਨ। ਜਿੰਨ੍ਹਾਂ 'ਚੋਂ 388 ਅੱਜ ਸੁੱਵਖਤੇ ਮਿਲੀਆਂ ਸਨ, ਜਦਕਿ 9 ਹੋਰ ਸ਼ਾਮ ਸਮੇਂ ਪ੍ਰਾਪਤ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਜੋ 5 ਕੇਸ ਸਾਹਮਣੇ ਆਏ ਹਨ, ਇਹ ਸਾਰੇ ਪੰਜਾਬ ਰਾਜ ਤੋਂ ਬਾਹਰ ਤੋਂ ਪਰਤੇ ਸਨ, ਬਾਲਗ ਹਨ ਅਤੇ ਇਕਾਂਤਵਾਸ ਵਿਚ ਸਨ। ਉਨ੍ਹਾਂ ਨੇ ਜ਼ਿਲਾ ਵਾਸੀਆਂ ਨੂੰ ਇਸ ਬਿਮਾਰੀ ਪ੍ਰਤੀ ਵਧੇਰੇ ਸੁਚੇਤ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਸਾਡੀ ਛੋਟੀ ਜਿਹੀ ਲਾਪਰਵਾਹੀ ਪੂਰੇ ਪਰਿਵਾਰ ਜਾਂ ਸਮਾਜ ਲਈ ਘਾਤਕ ਹੋ ਸਕਦੀ ਹੈ।
ਸਿਵਲ ਸਰਜਨ ਡਾ: ਅਮਰੀਕ ਸਿੰਘ ਨੇ ਦੱਸਿਆ ਕਿ ਹੁਣ ਤੱਕ ਜ਼ਿਲੇ ਵਿਚ ਕੁੱਲ 109 ਕੇਸ ਪਾਜ਼ੇਟਿਵ ਆਏ ਹਨ, ਜਿੰਨਾਂ 'ਚੋਂ 84 ਬਠਿੰਡਾ ਜ਼ਿਲੇ ਨਾਲ ਸਬੰਧਤ ਹਨ ਅਤੇ ਬਾਕੀ ਦੂਸਰਿਆਂ ਜ਼ਿਲਿਆਂ ਜਾਂ ਦੁਸਰੇ ਰਾਜਾਂ ਨਾਲ ਸਬੰਧਤ ਹਨ। ਜਦ ਕਿ ਹੁਣ ਤੱਕ ਜ਼ਿਲੇ ਵਿਚ 68 ਲੋਕ ਤੰਦਰੁਸਤ ਹੋ ਕੇ ਘਰ ਪਰਤ ਚੁੱਕੇ ਹਨ। ਇਸ ਸਮੇਂ 37 ਲੋਕਾਂ ਦਾ ਬਠਿੰਡਾ ਜ਼ਿਲੇ 'ਚ ਹੀ ਇਲਾਜ ਚੱਲ ਰਿਹਾ ਹੈ ਜਦ ਕਿ ਇਕ ਫਰੀਦਕੋਟ ਅਤੇ ਇਕ ਲੁਧਿਆਣਾ ਵਿਖੇ ਇਲਾਜ ਅਧੀਨ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮਾਜਿਕ ਦੂਰੀ ਦਾ ਪਾਲਣ ਕਰਨ, ਮਾਸਕ ਪਾਉਣ ਅਤੇ ਵਾਰਵਾਰ ਹੱਥ ਧੋਂਦੇ ਰਹਿਣ।


Deepak Kumar

Content Editor

Related News