ਸਮੱਗਲਰ ਦੀ ਨਿਸ਼ਾਨਦੇਹੀ ’ਤੇ 400 ਗ੍ਰਾਮ ਹੈਰੋਇਨ ਬਰਾਮਦ

10/19/2019 8:23:28 PM

ਮੋਗਾ, (ਆਜ਼ਾਦ)- ਸੀ. ਆਈ. ਏ. ਸਟਾਫ ਮੋਗਾ ਦੀ ਪੁਲਸ ਪਾਰਟੀ ਵਲੋਂ ਬੀ. ਐੱਸ. ਐੱਫ. ਦੇ ਨਾਲ ਮਿਲ ਕੇ ਪਹਿਲਾਂ ਨਿਰਮਲ ਸਿੰਘ ਉਰਫ ਨਿੰਮਾ ਨਿਵਾਸੀ ਪਿੰਡ ਨਿਹਾਲਾ ਕਿਲਚਾ (ਮਮਦੋਟ) ਨੂੰ ਕਾਬੂ ਕਰ ਕੇ ਭਾਰਤ ਬਾਰਡਰ ’ਤੇ ਸਥਿਤ ਕੰਡਿਆਲੀ ਤਾਰ ਦੇ ਅੱਗੇ ਉਸਦੇ ਖੇਤ ’ਚ ਦਬਾ ਕੇ ਰੱਖੀ ਗਈ 2 ਬੋਤਲਾਂ ਵਿਚੋਂ 800 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ। ਇਸ ਸਬੰਧ ਵਿਚ ਥਾਣਾ ਬੱਧਨੀ ਕਲਾਂ ਵਿਚ ਮਾਮਲਾ ਦਰਜ ਕਰ ਲਿਆ ਗਿਆ ਸੀ। ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਆਈ. ਜੰਗਜੀਤ ਸਿੰਘ ਨੇ ਦੱਸਿਆ ਕਿ ਕਥਿਤ ਸਮੱਗਲਰ ਨਿਰਮਲ ਸਿੰਘ ਨਿੰਮਾ ਦਾ ਅਦਾਲਤ ਵਲੋਂ ਇਕ ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ ਸੀ, ਜਿਸ ਤੋਂ ਕੀਤੀ ਗਈ ਪੁੱਛਗਿੱਛ ਦੇ ਦੌਰਾਨ ਅੱਜ ਸੀ. ਆਈ. ਏ. ਇੰਚਾਰਜ ਇੰਸਪੈਕਟਰ ਤ੍ਰਿਲੋਚਨ ਸਿੰਘ ਨੇ ਨਿਰਮਲ ਸਿੰਘ ਨਿੰਮਾ ਦੇ ਖੇਤ ਵਿਚ ਦਬਾ ਕੇ ਰੱਖੀ ਗਈ 400 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ, ਜੋ ਇਕ ਬੋਤਲ ਵਿਚ ਭਰੀ ਹੋਈ ਸੀ। ਡੀ. ਐੱਸ. ਪੀ. ਜੰਗਜੀਤ ਸਿੰਘ ਨੇ ਕਿਹਾ ਕਿ ਉਕਤ ਮਾਮਲੇ ਵਿਚ ਪੁੱਛਗਿੱਛ ਦੇ ਦੌਰਾਨ ਇਹ ਵੀ ਪਤਾ ਲੱਗਾ ਕਿ ਉਕਤ ਹੈਰੋਇਨ ਵਿਕਰਮਜੀਤ ਸਿੰਘ ਨਿਵਾਸੀ ਪਿੰਡ ਫਤੇਵਾਲਾ ਹਥਾਡ਼ (ਮਮਦੋਟ) ਜੋ ਐੱਨ. ਡੀ. ਪੀ. ਐੱਸ. ਮਾਮਲੇ ਵਿਚ ਕਪੂਰਥਲਾ ਜੇਲ ਵਿਚ ਬੰਦ ਹੈ, ਵਲੋਂ ਪਾਕਿਸਤਾਨ ਤੋਂ ਮੰਗਵਾਈ ਗਈ ਸੀ। ਉਨ੍ਹਾਂ ਅੱਗੇ ਦੱਸਿਆ ਕਿ ਸ਼ਨੀਵਾਰ ਨਿਰਮਲ ਸਿੰਘ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਵਲੋਂ ਉਸਦਾ ਤਿੰਨ ਦਿਨ ਦਾ ਪੁਲਸ ਰਿਮਾਂਡ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪੁੱਛਗਿੱਛ ਦੌਰਾਨ ਹੋਰ ਵੀ ਹੈਰੋਇਨ ਸਮੱਗਲਿੰਗ ਦਾ ਸੁਰਾਗ ਮਿਲਣ ਦੀ ਸੰਭਾਵਨਾ ਹੈ।

KamalJeet Singh

This news is Content Editor KamalJeet Singh