ਡੂੰਮਵਾਲੀ ਮਾਈਨਰ ’ਚ ਪਿਆ 40 ਫੁੱਟ  ਚੌੜਾ ਪਾਡ਼

12/20/2018 6:38:25 AM

ਸੰਗਤ ਮੰਡੀ,(ਜ. ਬ.)-ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ ’ਤੇ ਪੈਂਦੇ ਪਿੰਡ ਪਥਰਾਲਾ ਵਿਖੇ ਤਿਉਣਾ ਰਜਬਾਹਾ ਡੂੰਮਵਾਲੀ ਮਾਈਨਰ ’ਚ ਬੁਰਜੀ ਨੰ. 71 ਕੋਲ ਕਿਸਾਨ ਗੁਰਬਖਸ਼ ਸਿੰਘ ਪੁੱਤਰ ਨਿਧਾਨ ਸਿੰਘ ਦੇ ਖ਼ੇਤ ’ਚ 40 ਫੁੱਟ ਚੌਡ਼ਾ ਪਾਡ਼ ਪੈ ਗਿਆ। ਪਾਡ਼ ਕਾਰਨ ਕਿਸਾਨ ਜਗਸੀਰ ਸਿੰਘ ਦੀ 5 ਏਕਡ਼ ਕਣਕ ’ਚ ਪਾਣੀ ਭਰਨ ਕਾਰਨ ਬਰਬਾਦ ਹੋ ਗਈ, ਜਿਸ ’ਚ ਉਸ ਨੇ ਦੋ ਏਕਡ਼ ਜ਼ਮੀਨ ਠੇਕੇ ’ਤੇ ਲਈ ਹੋਈ ਸੀ।
ਇਕੱਤਰ ਕੀਤੀ ਜਾਣਕਾਰੀ ਅਨੁਸਾਰ 25 ਦਿਨਾਂ ਦੀ ਬੰਦੀ ਕਾਰਨ ਰਾਤ ਹੀ ਰਜਬਾਹੇ ’ਚ ਨਹਿਰੀ ਵਿਭਾਗ ਵਲੋਂ ਪਾਣੀ ਛੱਡਿਆ ਗਿਆ ਸੀ। ਕਿਸਾਨ ਜਸਗੀਰ ਸਿੰਘ ਨੇ ਦੱਸਿਆ ਕਿ ਰੇਲਵੇ ਲਾਈਨ ਨੂੰ ਪਾਰ ਕਰਵਾਉਣ ਲਈ ਲਾਈਨ ਦੇ ਹੇਠਾਂ ਪਾਈਪ ਪਾਈ ਹੋਈ ਹੈ, ਪਾਈਪ ਤੰਗ ਹੋਣ ਕਾਰਨ ਰਜਬਾਹੇ ਦਾ ਪਾਣੀ ਓਵਰਫਲੋਅ ਹੋ ਗਿਆ ਜਿਸ ਕਾਰਨ ਰਜਬਾਹਾ ਟੁੱਟ ਗਿਆ। ਰਜਬਾਹੇ ਦੇ ਟੁੱਟਣ ਕਾਰਨ ਨਹਿਰੀ ਵਿਭਾਗ ਦੇ ਜੇ. ਈ. ਪ੍ਰਦੀਪ ਸਿੰਘ ਮੌਕੇ ’ਤੇ ਪਹੁੰਚ ਗਏ ਸਨ। ਪਿੰਡ ਵਾਸੀਆਂ ਵਲੋਂ ਆਪਣੇ ਕੋਲੋਂ ਜੇ.  ਸੀ. ਬੀ. ਮਸ਼ੀਨ ਅਤੇ ਟਰੈਕਟਰ ਲਾ ਕੇ ਪਾਡ਼ ਨੂੰ ਪੂਰਿਆ ਗਿਆ। ਕਿਸਾਨ ਜਗਸੀਰ ਸਿੰਘ ਨੇ ਦੱਸਿਆ ਕਿ  ਉਸ ਦਾ ਸਵਾ ਲੱਖ ਦੇ ਕਰੀਬ ਨੁਕਸਾਨ ਹੋ ਗਿਆ।