ਬਠਿੰਡਾ ਜ਼ਿਲੇ ’ਚ 4 ਨਵੇਂ ਕੇਸਾਂ ਦੀ ਹੋਈ ਪੁਸ਼ਟੀ

07/16/2020 2:43:53 AM

ਬਠਿੰਡਾ,(ਵਰਮਾ)- ਬਠਿੰਡਾ ’ਚ ਲਗਾਤਾਰ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਬੁੱਧਵਾਰ ਨੂੰ ਜ਼ਿਲੇ ’ਚ ਕੋਰੋਨਾ ਪਾਜ਼ੇਟਿਵ ਦੇ ਚਾਰ ਹੋਰ ਮਾਮਲੇ ਸਾਹਮਣੇ ਆਏ ਹਨ ਜਿਸ ’ਚ 2 ਸੰਗਤ, ਇਕ ਰਾਮਾਂ ਮੰਡੀ ਅਤੇ ਇਕ ਬਠਿੰਡਾ ਸਹਿਰ ਨਾਲ ਸਬੰਧਤ ਹੈ। ਬਠਿੰਡਾ ’ਚ ਆਇਆ ਕੇਸ ਸਿੱਧੂ ਕਾਲੋਨੀ ਨਾਲ ਸਬੰਧਤ ਹਨ। ਇਸ ’ਚ ਸਿਹਤ ਵਿਭਾਗ ਨੇ ਸਾਰੇ ਪੀੜਤ ਲੋਕਾਂ ਨੂੰ ਸਿਵਲ ਹਸਪਤਾਲ ’ਚ ਦਾਖਲ ਕਰ ਦਿੱਤਾ ਹੈ ਜਦਕਿ ਇਸ ਦੇ ਸੰਪਰਕ ’ਚ ਆਏ ਦਰਜਨ ਲੋਕਾਂ ਨੂੰ ਇਕਾਂਤਵਾਸ ਰੱਖਕੇ ਉਨ੍ਹਾਂ ਦੇ ਸੈਂਪਲ ਜਾਂਚ ਲਈ ਭੇਜ ਦਿੱਤੇ ਹਨ। ਇਨ੍ਹਾਂ ਸਾਰੇ ਸੈਂਪਲਾਂ ਦੀ ਰਿਪੋਰਟ ਦੋ ਦਿਨ ਤੱਕ ਆਉਣ ਦੀ ਸੰਭਾਵਨਾ ਹੈ। ਜ਼ਿਲੇ ’ਚ ਕੋਰੋਨਾ ਮਰੀਜ਼ਾਂ ਦੀ ਤਾਦਾਦ 220 ਤੱਕ ਪਹੁੰਚ ਗਈ ਹੈ ਜਦਕਿ ਐਕਟਿਵ ਕੇਸ 90 ਹਨ ਜਿਸ ਦਾ ਸਿਵਲ ਹਸਪਤਾਲ ਅਤੇ ਹੋਰ ਸਥਾਨਾਂ ’ਚ ਇਲਾਜ ਚੱਲ ਰਿਹਾ ਹੈ। ਸਿਹਤ ਵਿਭਾਗ ਵਲੋਂ ਉਕਤ ਨਵੇਂ ਮਰੀਜ਼ਾਂ ਦੇ ਸੰਪਰਕ ਦਾ ਪਤਾ ਲਾਇਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਵੀ ਇਕਾਂਤਵਾਸ ਕੀਤਾ ਜਾ ਸਕੇ। ਇਸ ਦੇ ਨਾਲ ਹੀ ਵਿਭਾਗ ਵਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਨਾਲ ਬਚਣ ਦੇ ਲਈ ਵੀ ਜਾਗਰੂਕ ਕੀਤਾ ਜਾ ਰਿਹਾ ਹੈ।

ਇਕ ਹੀ ਪਰਿਵਾਰ ਦੇ 3 ਮੈਂਬਰਾਂ ਦੀ ਰਿਪੋਰਟ ਆਈ ਪਾਜ਼ੇਟਿਵ

ਸੰਗਤ ਮੰਡੀ ’ਚ ਇਕ ਹੀ ਪਰਿਵਾਰ ਦੇ 3 ਮੈਂਬਰਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਉਣ ਕਾਰਨ ਹੜਕੰਪ ਮਚ ਗਿਆ ਹੈ ਜਦਕਿ ਪਰਿਵਾਰ ਦੇ 3 ਮੈਂਬਰਾਂ ਦੀ ਰਿਪੋਰਟ ਬਾਕੀ ਹੈ। ਉਕਤ ਪਰਿਵਾਰ ਨਾਲ ਸਬੰਧਤ ਚਾਚੀ-ਭਤੀਜੀ ਦੀ ਕੋਰੋਨਾ ਪਾਜ਼ੇਟਿਵ ਆਈ ਹੈ ਅਤੇ ਇਸ ਨਾਲ ਪਹਿਲਾ ਹੀ ਘਰ ਦੀ ਮੁੱਖ ਮਹਿਲਾ ਵੀ ਕੋਰੋਨਾ ਪਾਜ਼ੇਟਿਵ ਆ ਚੁੱਕੀ ਹੈ। ਔਰਤ ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਪਹਿਲਾ ਹੀ ਸਭ ਤਹਿਸੀਲ ’ਚ ਕੰਮ ਕਰਨ ਵਾਲੇ ਨਵੀਸਾਂ ਅਤੇ ਵਕੀਲਾਂ ਨੇ ਕੰਮਕਾਜ ਬੰਦ ਕਰ ਦਿੱਤਾ ਹੈ। ਇਸ ਬਾਰੇ ’ਚ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਸਰਬਜੀਤ ਸਿੰਘ ਨੇ ਦੱਸਿਆ ਕਿ ਪਰਿਵਾਰ ਦੇ ਮੈਂਬਰਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੇ ਸੰਪਰਕ ਦਾ ਪਤਾ ਲਗਾ ਕੇ ਸੈਂਪਲਿੰਗ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਿਹਤ ਵਿਭਾਗ ਨੇ ਜਾਣਕਾਰੀ ਦਿੱਤੀ ਕਿ ਸੋਮਵਾਰ ਨੂੰ ਜਿਹੜਾ ਮਰੀਜ਼ ਕਰੋਨਾ ਪਾਜ਼ੇਟਿਵ ਆਇਆ ਸੀ ਉਹ ਫੁੱਲੋਂ ਮਿੱਠੀ ਦਾ ਨਾ ਹੋ ਕਿ ਫੱਲੜ ਪਿੰਡ ਦਾ ਸੀ।

Bharat Thapa

This news is Content Editor Bharat Thapa