ਕਣਕ ਦੇ ਨਾੜ ਨੂੰ ਅੱਗ ਲਾਉਣ ਵਾਲਿਆਂ ਖਿਲਾਫ 35 FIR ਦਰਜ: ਡਿਪਟੀ ਕਮਿਸ਼ਨਰ

05/10/2020 8:50:17 PM

ਸੰਗਰੂਰ, (ਸਿੰਗਲਾ)- ਜ਼ਿਲ੍ਹਾ ਸੰਗਰੂਰ ਵਿਖੇ ਕਿਸਾਨਾਂ ਵੱਲੋਂ ਕਣਕ ਦੀ ਫਸਲ ਕੱਟਣ ਤੋਂ ਬਾਅਦ ਰਹਿ ਜਾਂਦੀ ਨਾੜ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਵਿਰੁੱਧ ਨੈਸ਼ਨਲ ਗਰੀਨ ਟ੍ਰਿਬਿਊਨਲ, ਨਵੀਂ ਦਿੱਲੀ ਦੇ ਹੁਕਮਾਂ ਅਨੁਸਾਰ ਸਖ਼ਤ ਕਾਰਵਾਈ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਅੱਜ ਤੱਕ ਜ਼ਿਲ੍ਹਾ ਸੰਗਰੂਰ ਵਿਖੇ ਇਸ ਮਾਮਲੇ ਵਿਚ 35 ਪੁਲਸ ਕੇਸ ਦਰਜ ਕੀਤੇ ਗਏ ਹਨ ਜਿਸ ਤਹਿਤ ਤਹਿਸੀਲ ਸੰਗਰੂਰ ਵਿਚ 14, ਭਵਾਨੀਗੜ੍ਹ ਵਿਖੇ 1,ਦਿੜ੍ਹਬਾ ਵਿਖੇ 7,ਧੂਰੀ ਵਿਖੇ 6, ਅਹਿਮਦਗੜ੍ਹ ਵਿਖੇ 2 ਅਤੇ ਲਹਿਰਾਗਾਗਾ ਵਿਖੇ 5 ਪੁਲਸ ਕੇਸ ਦਰਜ ਕੀਤੇ ਗਏ ਹਨ। ਸ਼੍ਰੀ ਥੋਰੀ ਨੇ ਦੱਸਿਆ ਕਿ ਨਾੜ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਗਠਿਤ ਕੀਤੀਆਂ ਗਈਆਂ ਟੀਮਾਂ ਨਾੜ ਨੂੰ ਅੱਗ ਲਾਉਣ ਦੇ ਕੇਸਾਂ ਦੀ ਮੌਨੀਟਰਿੰਗ ਕਰ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਨਾੜ ਸਾੜਨ ਦੇ ਕੇਸਾਂ ਵਿੱਚ ਕਿਸਾਨਾਂ ਨੂੰ 2 ਲੱਖ 45 ਹਜ਼ਾਰ ਰੁਪਏ ਦਾ ਜ਼ੁਰਮਾਨਾ ਕੀਤਾ ਗਿਆ ਹੈ। ਇਸ ਤੋਂ ਬਿਨਾਂ 48 ਕਿਸਾਨਾਂ ਦੇ ਖੇਤ ਦੀ ਜਮ੍ਹਾਬੰਦੀ ਚ ਰੈੱਡ ਐਂਟਰੀ ਕਰਵਾਈ ਜਾ ਚੁੱਕੀ ਹੈ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਣਕ ਦੀ ਨਾੜ ਨੂੰ ਅੱਗ ਨਾ ਲਗਾਉਣ ਤਾਂ ਕਿ ਵਾਤਾਵਰਣ ਨੂੰ ਦੂਸ਼ਿਤ ਹੋਣ ਅਤੇ ਮਿੱਟੀ ਵਿਚਲੇ ਖ਼ੁਰਾਕੀ ਤੱਤਾਂ ਨੂੰ ਖ਼ਤਮ ਹੋਣ ਤੋਂ ਬਚਾਇਆ ਜਾ ਸਕੇ।


Bharat Thapa

Content Editor

Related News