ਕਾਂਗਰਸ ਪਾਰਟੀ ਦਰਵੇਸ਼ ਅਕਾਲੀ ਆਗੂ ਸੰਤ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਕਰ ਰਹੀ ਹੈ ਡਰਾਮੇ : ਸੁਖਬੀਰ

08/21/2018 12:08:21 PM

ਲੌਂਗੋਵਾਲ (ਵਿਜੇ, ਵਸ਼ਿਸ਼ਟ)— ਸ਼੍ਰੋਮਣੀ ਅਕਾਲੀ ਦਲ ਵੱਲੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੀ 33ਵੀਂ ਬਰਸੀ ਸਬੰਧੀ ਸ਼ਹੀਦੀ ਸਮਾਰੋਹ ਇੱਥੋਂ ਦੇ ਸ਼ਹੀਦ ਭਾਈ ਦਿਆਲਾ ਸਕੂਲ ਵਿਖੇ ਕਰਵਾਇਆ ਗਿਆ। ਇਸ ਮੌਕੇ ਜੁੜੇ ਭਾਰੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅੱਜ ਦੀ ਕਾਂਗਰਸ ਪਾਰਟੀ ਦਰਵੇਸ਼ ਅਕਾਲੀ ਆਗੂ ਸੰਤ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਡਰਾਮੇ ਕਰ ਰਹੀ ਹੈ।

ਇਸ ਕਾਂਗਰਸ ਪਾਰਟੀ ਨੇ ਰਾਜੀਵ-ਲੌਂਗੋਵਾਲ ਸਮਝੌਤੇ ਤਹਿਤ ਸੰਤ ਜੀ ਅਤੇ ਸਮੁੱਚੇ ਪੰਜਾਬੀਆਂ ਨਾਲ ਧੋਖਾ ਕੀਤਾ ਸੀ। ਕਾਂਗਰਸ ਅਤੇ ਗਾਂਧੀ ਪਰਿਵਾਰ ਨੂੰ ਪੰਜਾਬੀਆਂ ਦਾ ਮੁੱਖ ਵਿਰੋਧੀ ਵਰਗ ਆਖਦਿਆਂ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹੀ ਇਕ ਅਜਿਹੀ ਪਾਰਟੀ ਹੈ, ਜਿਸ ਨੇ ਦੇਸ਼ 'ਤੇ ਪਈ ਹਰ ਔਂਕੜ ਦਾ ਡਟ ਕੇ ਸਾਹਮਣਾ ਕੀਤਾ। ਇਹੋ ਕਾਰਨ ਹੈ ਕਿ ਵੱਖ-ਵੱਖ ਮੋਰਚਿਆਂ 'ਤੇ ਲੋਕ ਲਹਿਰਾਂ ਵਿਚ ਸਭ ਤੋਂ ਵੱਧ ਸ਼ਹਾਦਤਾਂ ਪੰਜਾਬੀਆਂ ਦੀਆਂ ਹੀ ਹੋਈਆਂ ਹਨ। ਇਸ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਬਾਦਲ ਨੇ ਸੰਤ ਲੌਂਗੋਵਾਲ ਜੀ ਦੇ ਨਾਲ-ਨਾਲ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਜੀ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ। ਕੈਪਟਨ ਸਰਕਾਰ ਵਿਰੁੱਧ ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬੀਆਂ ਨਾਲ ਕੀਤੇ ਵਾਅਦੇ ਪੂਰੇ ਕਰਨ ਜਾਂ ਫਿਰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ।

ਉਨ੍ਹਾਂ ਕਿਹਾ ਕਿ ਸੰਤ ਲੌਂਗੋਵਾਲ ਜੀ ਦੀ ਸੋਚ 'ਤੇ ਪਹਿਰਾ ਦਿੰਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਸਮੁੱਚੇ ਕਾਰਜਕਾਲ ਦੌਰਾਨ ਮੁੱਖ ਮੰਤਰੀ ਨਹੀਂ ਸਗੋਂ ਸੇਵਾਦਾਰ ਵਜੋਂ ਕੰਮ ਕੀਤਾ ਹੈ। ਇਸੇ ਕਾਰਨ ਅਕਾਲੀ ਸਰਕਾਰ ਸਮੇਂ ਹਰ ਵਰਗ ਦੇ ਲੋਕਾਂ ਦਾ ਵਿਕਾਸ ਹੋਇਆ ਅਤੇ ਹਰ ਵਰਗ ਖੁਸ਼ਹਾਲੀ ਵੱਲ ਵਧਿਆ, ਦੂਜੇ ਪਾਸੇ ਮੌਜੂਦਾ ਕਾਂਗਰਸ ਪਾਰਟੀ ਵੱਲੋਂ ਅਕਾਲੀ ਸਰਕਾਰ ਵੱਲੋਂ ਜਨਤਾ ਦੀ ਭਲਾਈ ਲਈ ਕੀਤੇ ਗਏ ਕਾਰਜ ਬੰਦ ਕਰ ਦਿੱਤੇ ਗਏ ਹਨ। ਆਮ ਆਦਮੀ ਪਾਰਟੀ ਬਾਰੇ  ਸੁਖਬੀਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਉਨ੍ਹਾਂ ਆਗੂਆਂ ਦਾ ਸਮੂਹ ਹੈ ਜੋ ਵੱਖ-ਵੱਖ ਪਾਰਟੀਆਂ ਵੱਲੋਂ ਲਾਂਭੇ ਕੀਤੇ ਹੋਏ ਹਨ। ਉਨ੍ਹਾਂ ਕਿਹਾ ਕਿ ਅਗਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਸ ਪਾਰਟੀ ਦਾ ਖਾਤਮਾ ਹੋ ਜਾਵੇਗਾ।

ਇਸ ਮੌਕੇ ਰਾਜ ਸਭਾ ਮੈਂਬਰ ਅਤੇ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਜੀ ਦੀ ਕੁਰਬਾਨੀ ਸਦਕਾ ਹੀ ਅੱਜ ਨਾ ਸਿਰਫ ਪੰਜਾਬ ਸਗੋਂ ਸਮੁੱਚੇ ਦੇਸ਼ ਅੰਦਰ ਅਮਨ-ਸ਼ਾਂਤੀ ਬਣੀ ਹੋਈ ਹੈ । ਅਕਾਲੀ-ਭਾਜਪਾ ਸਰਕਾਰ ਵਿਚ ਵਿੱਤ ਮੰਤਰੀ ਵਜੋਂ ਸੇਵਾ ਨਿਭਾਅ ਚੁੱਕੇ ਪਰਮਿੰਦਰ ਸਿੰਘ ਢੀਂਡਸਾ ਨੇ ਸੰਤ ਲੌਂਗੋਵਾਲ ਜੀ ਨੂੰ ਸੰਤ ਸਿਪਾਹੀ ਦੱਸਿਆ ਤੇ ਕਿਹਾ ਕਿ ਸੰਤ ਜੀ ਵੱਲੋਂ ਦਿੱਤੀ ਗਈ ਕੁਰਬਾਨੀ ਸਦਕਾ ਹੀ ਅੱਜ ਸਮੁੱਚਾ ਦੇਸ਼ ਖੁਸ਼ਹਾਲ ਹੈ ਸੰਤ ਲੌਂਗੋਵਾਲ ਜੀ ਦੇ ਜਾਨਸ਼ੀਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਸੰਤ ਲੌਂਗੋਵਾਲ ਜੀ ਨੂੰ ਸ਼ਰਧਾਂਜਲੀ ਭੇਟ ਕਰਨ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੰਤ ਜੀ ਦੀਆਂ ਕੁਰਬਾਨੀਆਂ ਨੂੰ ਸਿੱਖ ਕੌਮ ਕਦੇ ਵੀ ਭੁਲਾ ਨਹੀਂ ਸਕੇਗੀ। ਭਾਰੀ ਗਰਮੀ 'ਚ ਵੱਡਾ ਇਕੱਠ ਇਸ ਗੱਲ ਦੀ ਗਵਾਹੀ ਭਰਦਾ ਹੈ।

ਇਸ ਮੌਕੇ  ਹਲਕਾ ਸ੍ਰੀ ਅਨੰਦਪੁਰ ਸਾਹਿਬ ਤਂੋ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੰਤਰੀ ਤੋਤਾ ਸਿੰਘ, ਮਨਪ੍ਰੀਤ ਸਿੰਘ ਇਆਲੀ, ਪੀ. ਆਰ. ਟੀ. ਸੀ. ਦੇ ਸਾਬਕਾ ਵਾਈਸ ਚੇਅਰਮੈਨ ਵਿਨਰਜੀਤ ਸਿੰਘ ਗੋਲਡੀ, ਤਕਨੀਕੀ ਸੰਸਥਾ 'ਸਲਾਈਟ' ਦੇ ਡਾਇਰੈਕਟਰ ਸ਼ੈਲੇਂਦਰ ਜੈਨ, ਡਾ. ਦਮਨਜੀਤ ਸਿੰਘ, ਮਹੇਸ਼ ਇੰਦਰ ਸਿੰਘ ਗਰੇਵਾਲ, ਰਜਿੰਦਰ ਸਿੰਘ ਕਾਂਝਲਾ, ਐੱਸ. ਜੀ. ਪੀ. ਸੀ. ਮੈਂਬਰ ਮਲਕੀਤ ਸਿੰਘ ਚੰਗਾਲ, ਜਥੇਦਾਰ ਉਧੇ ਸਿੰਘ, ਸਾਬਕਾ ਮੰਤਰੀ ਬਲਦੇਵ ਸਿੰਘ ਮਾਨ, ਗੁਰਬਚਨ ਸਿੰਘ, ਮੁਹੰਮਦ ਅਵੈਸ, ਪਰਮਜੀਤ ਸਿੰਘ ਖ਼ਾਲਸਾ, ਸੰਤ ਬਲਬੀਰ ਸਿੰਘ ਘੁੰਨਸ, ਬਾਬੂ ਪ੍ਰਕਾਸ਼ ਚੰਦ ਗਰਗ, ਭਾਜਪਾ ਵੱਲੋਂ ਜਤਿੰਦਰ ਕਾਲੜਾ, ਸ਼ਿਸ਼ਨਪਾਲ ਗਰਗ, ਡਾਕਟਰ ਕੇਵਲ ਚੰਦ ਧੌਲਾ ਅਤੇ ਪਵਨ ਕੁਮਾਰ ਤਾਇਲ ਨੇ ਵੀ ਸੰਬੋਧਨ ਕੀਤਾ।