ਸ੍ਰੀ ਮੁਕਤਸਰ ਸਾਹਿਬ ''ਚ ਕੋਰੋਨਾ ਦੇ 32 ਨਵੇਂ ਕੇਸਾਂ ਦੀ ਹੋਈ ਪੁਸ਼ਟੀ, 2 ਦੀ ਮੌਤ

09/24/2020 1:46:20 AM

ਸ੍ਰੀ ਮੁਕਤਸਰ ਸਾਹਿਬ, (ਪਵਨ ਤਨੇਜਾ, ਖੁਰਾਣਾ)- ਸ੍ਰੀ ਮੁਕਤਸਰ ਸਾਹਿਬ ਜ਼ਿਲੇ ਅੰਦਰ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਅੱਜ ਫਿਰ ਜ਼ਿਲੇ ਅੰਦਰ ਦੋ ਹੋਰ ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦੋਂਕਿ ਦੂਜੇ ਪਾਸੇ 32 ਨਵੇਂ ਕੇਸਾਂ ਦੀ ਵੀ ਪੁਸ਼ਟੀ ਹੋਈ ਹੈ। ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ ਅੱਜ 5 ਕੇਸ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਤੋਂ ਸਾਹਮਣੇ ਆਏ ਹਨ, ਜਦੋਂਕਿ 14 ਕੇਸ ਮਲੋਟ, 2 ਕੇਸ ਗਿੱਦੜਬਾਹਾ, 4 ਕੇਸ ਪੱਕੀ ਟਿੱਬੀ, 2 ਕੇਸ ਮੰਡੀ ਕਿੱਲਿਆਂਵਾਲੀ, 1 ਕੇਸ ਪਿੰਡ ਧਿਗਾਣਾ, 1 ਕੇਸ ਪਿੰਡ ਵੱਟੂ, 1 ਕੇਸ ਛੱਤੇਆਣਾ, 1 ਕੇਸ ਰਣਜੀਤਗੜ੍ਹ ਅਤੇ 1 ਕੇਸ ਬੁਰਜ਼ ਸਿੱਧਵਾਂ ਨਾਲ ਸਬੰਧਿਤ ਹਨ। ਅੱਜ 409 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 1261 ਸੈਂਪਲ ਬਕਾਇਆ ਹਨ। ਅੱਜ ਜ਼ਿਲੇ ਭਰ ਅੰਦਰੋਂ 557 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਹੁਣ ਜ਼ਿਲੇ ਅੰਦਰ ਕੋਰੋਨਾ ਪਾਜ਼ੇਟਿਵ ਮਾਮਲਿਆਂ ਦਾ ਅੰਕੜਾ 2211 ਹੋ ਗਿਆ ਹੈ, ਜਿਸ ਵਿਚੋਂ 1514 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਹੁਣ 664 ਕੇਸ ਐਕਟਿਵ ਹਨ। ਇਸ ਤੋਂ ਇਲਾਵਾ ਅੱਜ 27 ਮਰੀਜ਼ਾਂ ਨੂੰ ਠੀਕ ਕਰਕੇ ਘਰ ਵੀ ਭੇਜਿਆ ਗਿਆ ਹੈ।

57 ਅਤੇ 87 ਸਾਲਾ ਵਿਅਕਤੀਆਂ ਦੀ ਹੋਈ ਮੌਤ

ਸ੍ਰੀ ਮੁਕਤਸਰ ਸਾਹਿਬ ਜ਼ਿਲੇ ਅੰਦਰ ਅੱਜ ਕੋਰੋਨਾ ਕਰਕੇ ਦੋ ਹੋਰ ਮੌਤਾਂ ਹੋਈਆਂ ਹਨ। ਮ੍ਰਿਤਕ ਸ੍ਰੀ ਮੁਕਤਸਰ ਸਾਹਿਬ ਅਤੇ ਪਿੰਡ ਬੁਰਜ ਸਿੱਧਵਾਂ ਨਾਲ ਸਬੰਧਿਤ ਸਨ। ਪਹਿਲਾ ਮ੍ਰਿਤਕ ਦੀ ਉਮਰ 57 ਸਾਲ ਸੀ, ਜਿਸਨੂੰ ਬਠਿੰਡਾ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ, ਜਿਸਦੀ ਅੱਜ ਮੌਤ ਹੋਈ ਹੈ। ਦੂਜਾ ਮ੍ਰਿਤਕ 87 ਸਾਲਾ ਬਜ਼ੁਰਗ ਸੀ, ਜੋ ਸ੍ਰੀ ਮੁਕਤਸਰ ਸਾਹਿਬ ਦੇ ਜੋਧੂ ਕਾਲੋਨੀ ਦਾ ਵਾਸੀ, ਜਿਸਦਾ ਫਰੀਦਕੋਟ ਵਿਖੇ ਇਲਾਜ ਚੱਲ ਰਿਹਾ ਸੀ, ਜਿਸਨੇ ਅੱਜ ਦਮਤੋੜ ਦਿੱਤਾ ਹੈ। ਵਰਣਨਯੋਗ ਹੈ ਕਿ ਜ਼ਿਲੇ ਅੰਦਰ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਹੁਣ 33 ਹੋ ਗਈ ਹੈ।

Bharat Thapa

This news is Content Editor Bharat Thapa