ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 31 ਲੱਖ ਦੀ ਮਾਰੀ ਠੱਗੀ

05/26/2019 8:06:03 PM

ਖਨੌਰੀ, (ਜ.ਬ.)— ਥਾਣਾ ਖਨੌਰੀ ਵਿਖੇ ਕੋਰਟ ਵਿੱਚ ਕਲਰਕ ਦੀ ਨੌਕਰੀ ਲਵਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਇਆ ਦੀ ਠੱਗੀ ਮਾਰਨ ਵਾਲਿਆਂ ਖ਼ਿਲਾਫ਼ ਜ਼ਿਲ੍ਹਾ ਪੁਲਸ ਮੁਖੀ ਸੰਗਰੂਰ ਦੇ ਹੁਕਮ ਤੇ ਮੁਕੱਦਮਾ ਦਰਜ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਖਨੌਰੀ ਤੋਂ ਪ੍ਰਾਪਤ ਜਾਣਕਾਰੀ ਸ਼ਰਨਜੀਤ ਕੌਰ ਪੁੱਤਰੀ ਸਰਦੂਲ ਸਿੰਘ ਵਾਸੀ ਸਾਰੋਂ ਜ਼ਿਲ੍ਹਾ ਸੰਗਰੂਰ ਨੇ ਕਪਤਾਨ ਪੁਲਸ ਸੰਗਰੂਰ ਨੂੰ ਦਿੱਤੀ ਦਰਖਾਸਤ ਵਿੱਚ ਕਿਹਾ ਕਿ ਉਹ ਸਪੋਰਟਸ ਅਥਲੈਟਿਕਸ ਦੀ ਖਿਲਾੜੀ ਹੈ ਅਤੇ ਸਪੋਰਟਸ ਕੋਚ ਜਗਪਾਲ (ਸਾਬਕਾ ਫ਼ੌਜੀ) ਪੁੱਤਰ ਓਮ ਪ੍ਰਕਾਸ਼ ਵਾਸੀ ਭੁੱਲਣ ਤੋਂ ਖੇਡਾਂ ਦੀ ਕੋਚਿੰਗ ਲੈਂਦੀ ਹੈ ਅਤੇ ਸੋਹਣ ਲਾਲ ਵੀ ਕੋਚ ਜਗਪਾਲ ਕੌਲ ਖੇਡਣ ਆਉਂਦਾ ਸੀ। ਇਕ ਦਿਨ ਸੋਹਣ ਲਾਲ ਨੇ ਕਿਹਾ ਕਿ ਉਸ ਦਾ ਜੀਜਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜੱਜ ਲੱਗਿਆ ਹੋਇਆ ਹੈ। ਜਿਸ ਦੀ ਰਿਹਾਇਸ਼ ਜੀਂਦ ਵਿਖੇ ਹੈ ਅਤੇ ਉਹ ਉਨ੍ਹਾਂ ਨੂੰ ਕੋਰਟ ਵਿੱਚ ਕਲਰਕ ਦੀ ਨੌਕਰੀ ਲਗਵਾ ਸਕਦਾ ਹੈ। ਜਿਸ ਤੇ ਉਨ੍ਹਾਂ ਕੋਚ ਜਗਪਾਲ ਰਾਹੀ ਸੋਹਣ ਲਾਲ ਨਾਲ ਨੌਕਰੀ ਲੈਣ ਲਈ ਦੋ ਲੱਖ ਪੰਜ ਹਜ਼ਾਰ ਰੁਪਏ ਵਿਚ ਸੌਦਾ ਤੈਅ ਕੀਤਾ ਅਤੇ ਰਕਮ 5 ਹਜ਼ਾਰ ਨਗਦ ਅਤੇ 2 ਲੱਖ ਰੁਪਏ ਕੋਚ ਜਗਪਾਲ ਦੇ ਬੈਂਕ ਖਾਤੇ ਰਾਹੀ ਸੋਹਣ ਲਾਲ ਨੂੰ ਆਰ.ਟੀ.ਜੀ.ਐਸ. ਕੀਤੇ। ਸੋਹਣ ਲਾਲ ਦੇ ਨਾਲ ਮਲਕੀਤ ਸਿੰਘ ਪੁੱਤਰ ਲੀਲਾ, ਬਲਜੀਤ ਪੁੱਤਰ ਮਾਂਗੀ ਵਾਸੀਆਨ ਹਰਨਾਮਪੁਰਾ ਖੇੜਾ ਜ਼ਿਲ੍ਹਾ ਜੀਂਦ ਵੀ ਆਉਂਦੇ ਸਨ। ਮਿਤੀ 9-8-2017 ਨੂੰ ਇੰਟਰਵਿਊ ਲਈ ਜੀਂਦ ਕੋਰਟ ਵਿਚ ਬੁਲਾਇਆ ਅਤੇ ਅਤੇ ਸੋਹਣ ਲਾਲ ਕੋਰਟ ਦੇ ਗੇਟ ਤੋਂ ਉਸ ਨੂੰ ਆਪਣੇ ਨਾਲ ਕੋਰਟ ਦੇ ਇਕ ਕਮਰੇ 'ਚ ਲੈ ਗਿਆ ਉਸ ਸਮੇਂ ਸੋਹਣ ਲਾਲ ਦੇ ਨਾਲ ਮਲਕੀਤ ਸਿੰਘ ਅਤੇ ਬਲਜੀਤ ਇਕ ਹੋਰ ਵਿਅਕਤੀ ਵੀ ਮੌਜੂਦ ਸੀ। ਉਨ੍ਹਾਂ ਨੇ ਸਾਰੇ ਦਸਤਾਵੇਜ਼ ਲੈ ਲਏ ਤੇ ਕਹਿਣ ਲੱਗੇ ਕਿ ਤੇਰਾ ਨਿਯੁਕਤੀ ਪੱਤਰ ਘਰ ਆ ਜਾਵੇਗਾ ਪਰ ਕਈ ਦਿਨਾਂ ਬਾਅਦ ਵੀ ਕੋਈ ਨਿਯੁਕਤੀ ਪੱਤਰ ਨਹੀਂ ਆਇਆ ਅਤੇ ਪੁੱਛਣ ਦੇ ਦੋਸ਼ੀ ਤਰ੍ਹਾਂ-ਤਰ੍ਹਾਂ ਦੇ ਬਹਾਨੇ ਲੱਗਾ ਦੇ ਟਾਲਦੇ ਰਹੇ। 
ਜਨਵਰੀ 2018 ਨੂੰ ਉਹ ਤਿੰਨੇ ਵਿਅਕਤੀ ਕੋਚ ਜਗਪਾਲ ਦੇ ਘਰ ਭੁੱਲਣ ਆਏ ਅਤੇ ਕਹਿਣ ਲੱਗੇ ਕਿ ਜੱਜ ਸਾਹਿਬ ਨੇ ਤੁਹਾਡਾ ਕੰਮ ਕਰ ਦਿੱਤਾ ਹੈ ਅਤੇ ਮਿਤੀ 22 ਜਨਵਰੀ 2018 ਨੂੰ ਜਾਰੀ ਸ਼ੁਦਾ ਨਿਯੁਕਤੀ ਪੱਤਰ ਦੇ ਗਏ, ਜੋ ਬਤੌਰ ਕਲਰਕ ਸੰਗਰੂਰ ਕੋਰਟ ਦਾ ਸੀ ਜਿਸ ਦੀ ਨਿਯੁਕਤੀ ਦੀ ਮਿਤੀ 11 ਅਪ੍ਰੈਲ 2018 ਦੀ ਸੀ ਪਰ ਜਦੋਂ ਇਹ ਨਿਯੁਕਤੀ ਪੱਤਰ ਕੋਰਟ ਦੇ ਕਰਮਚਾਰੀਆਂ ਰਾਹੀ ਚੈੱਕ ਕੀਤਾ ਤਾਂ ਇਹ ਨਿਯੁਕਤੀ ਪੱਤਰ ਫ਼ਰਜ਼ੀ ਪਾਇਆ ਗਿਆ ਤਾਂ ਉਸ ਸਮੇਂ ਪੱਤਾ ਲੱਗਿਆ ਕਿ ਉਕਤ ਤਿੰਨੇ ਵਿਅਕਤੀਆਂ ਨੇ ਉਨ੍ਹਾਂ ਨੂੰ ਠੱਗ ਲਿਆ ਹੈ। ਬਾਅਦ ਵਿੱਚ ਪੰਚਾਇਤਾਂ ਹੋਇਆ ਤਾਂ ਸਾਹਮਣੇ ਆਇਆ ਕਿ ਉਕਤ ਵਿਅਕਤੀਆਂ ਨੇ ਜਗਪਾਲ ਕੋਰ ਰਾਹੀ ਹੋਰ ਕਈ ਬੱਚਿਆ ਦੇ ਵੀ ਲਗਭਗ 31 ਲੱਖ ਰੁਪਏ ਲਏ ਹੋਏ ਹਨ ਜਿਨ੍ਹਾਂ ਦੇ ਵੱਖ-ਵੱਖ ਕੋਰਟਾਂ ਵਿੱਚ ਇੰਟਰਵਿਊ ਲੈਂਦੇ ਸਨ। ਪੰਚਾਇਤ ਤੋਂ ਬਾਅਦ ਸੋਹਣ ਲਾਲ ਵਗ਼ੈਰਾ ਉਨ੍ਹਾਂ ਨੂੰ 2 ਲੱਖ 5 ਹਜ਼ਾਰ ਦਾ ਚੈੱਕ ਦੇ ਗਏ ਪਰ ਜਦੋਂ ਇਹ ਚੈੱਕ ਬੈਂਕ ਵਿਚ ਲਾਇਆ ਤਾਂ ਖਾਤੇ ਵਿਚ ਪੈਸੇ ਨਾ ਹੋਣ ਕਰਕੇ ਬੋਂਸ ਹੋ ਗਿਆ। ਦਰਖਾਸਤ ਦੀ ਪੜਤਾਲ ਸਪੈਸ਼ਲ ਸੈੱਲ ਦੇ ਡੀ.ਐਸ.ਪੀ. ਰੌਸ਼ਨ ਲਾਲ ਨੇ ਕੀਤੀ ਅਤੇ ਆਪਣੀ ਪੜਤਾਲੀਆਂ ਰਿਪੋਰਟ ਵਿਚ ਉਕਤ ਵਿਅਕਤੀਆਂ ਵੱਲੋਂ ਕੋਚ ਜਗਪਾਲ ਰਾਹੀ ਕੋਰਟ ਵਿਚ ਕਲਰਕ ਭਰਤੀ ਕਰਵਾਉਣ ਦਾ ਝਾਂਸਾ ਦੇ ਕੇ 31,39,797 ਰੁਪਏ ਠੱਗੇ ਹਨ ਅਤੇ ਵੱਖ-ਵੱਖ ਕੋਰਟਾਂ ਵਿਚ ਫ਼ਰਜ਼ੀ ਇੰਟਰਵਿਊ ਕਰਵਾ ਕੇ ਫ਼ਰਜ਼ੀ ਨਿਯੁਕਤੀ ਪੱਤਰ ਦਿੱਤੇ ਹਨ। ਜਿਸ ਤੇ ਥਾਣਾ ਖਨੌਰੀ ਵਿਖੇ ਸੋਹਣ ਲਾਲ, ਮਲਕੀਤ ਸਿੰਘ ਅਤੇ ਬਲਜੀਤ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ ਪਰ ਅਜੇ ਤੱਕ ਕਿਸੇ ਵੀ ਦੋਸ਼ੀ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ।
 

KamalJeet Singh

This news is Content Editor KamalJeet Singh