ਭਿਆਨਕ ਸਡ਼ਕ ਹਾਦਸੇ ’ਚ 1 ਦੀ ਮੌਤ

02/05/2020 12:02:00 AM

ਸਮਾਣਾ, (ਦਰਦ)- ਮੰਗਲਵਾਰ ਦੇਰ ਸ਼ਾਮ ਸਮਾਣਾ-ਪਾਤਡ਼ਾਂ ਸਡ਼ਕ ’ਤੇ ਸਥਿਤ ਪਿੰਡ ਰੇਤਗਡ਼੍ਹ ਨੇਡ਼ੇ ਪਿਕਅਪ ਵੈਨ ਅਤੇ 2 ਮੋਟਰਸਾਈਕਲਾਂ ਦਰਮਿਆਨ ਵਾਪਰੇ ਇਕ ਸਡ਼ਕ ਹਾਦਸੇ ਵਿਚ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਪਿੱਕਅਪ ਵਿਚ ਸਵਾਰ 2 ਨੌਜਵਾਨ ਅਤੇ ਦੂਜੇ ਮੋਟਰਸਾਈਕਲ ਸਵਾਰ ਨੌਜਵਾਨ ਸਣੇ 3 ਗੰਭੀਰ ਜ਼ਖ਼ਮੀ ਹੋ ਗਏ। ਲਾਸ਼ ਨੂੰ ਪੋਸਟਮਾਰਟਮ ਲਈ ਅਤੇ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਇਕ ਦੀ ਹਾਲਤ ਗੰਭੀਰ ਹੋਣ ਕਾਰਣ ਉਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਪਾਤਡ਼ਾਂ ਤੋਂ ਮਾਲ ਉਤਾਰ ਕੇ ਵਾਪਸ ਆ ਰਹੀ ਪਿਕਅਪ ਵੈਨ ਜਦੋਂ ਪਿੰਡ ਰੇਤਗਡ਼੍ਹ ਨੇਡ਼ੇ ਪਹੁੰਚੀ ਤਾਂ ਆ ਰਹੇ 2 ਮੋਟਰਸਾਈਕਲਾਂ ਨਾਲ ਉਸ ਦੀ ਟੱਕਰ ਹੋ ਗਈ। ਹਾਦਸੇ ਵਿਚ ਸਮਾਣਾ ਤੋਂ ਆਪਣਾ ਕੰਮ ਨਿਪਟਾ ਕੇ ਵਾਪਸ ਪਿੰਡ ਆ ਰਹੇ ਮੋਟਰਸਾਈਕਲ ਸਵਾਰ ਹਰਪ੍ਰੀਤ ਸਿੰਘ (34) ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਰੇਤਗਡ਼੍ਹ ਦੀ ਮੌਤ ਹੋ ਗਈ। ਜ਼ਖ਼ਮੀਆਂ ਵਿਚ ਦੂਜਾ ਮੋਟਰਸਾਈਕਲ ਸਵਾਰ ਕਰਮਜੀਤ ਸਿੰਘ ਵਾਸੀ ਪਿੰਡ ਚੁਪਕੀ, ਪਿਕਅਪ ਸਵਾਰ ਰਵੀ ਪੁੱਤਰ ਮੋਹਨ ਲਾਲ ਅਤੇ ਲਾਲ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਮਾਡ਼ੂ ਸ਼ਾਮਲ ਹਨ।

Bharat Thapa

This news is Content Editor Bharat Thapa