ਨਸ਼ਾ ਪੂਰਤੀ ਲਈ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲੇ 3 ਕਾਬੂ

01/29/2020 12:40:05 AM

ਲੁਧਿਆਣਾ, (ਰਾਜ)- ਨਸ਼ਾਪੂਰਤੀ ਲਈ ਰਾਹਗੀਰਾਂ ਨਾਲ ਲੁੱਟ ਦੀਆਂ ਵਾਰਦਾਤਾਂ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਥਾਣਾ ਫੋਕਲ ਪੁਆਇੰਟ ਦੇ ਤਹਿਤ ਚੌਕੀ ਇੰਡਸਟ੍ਰੀਅਲ ਏਰੀਆ ਦੀ ਪੁਲਸ ਨੇ ਕਾਬੂ ਕੀਤਾ ਹੈ। ਮੁਜਰਮ ਸਵਿੰਦਰ ਸਿੰਘ ਉਰਫ ਸੰਨੀ, ਦਲੀਪ ਕੁਮਾਰ ਉਰਫ ਸੋਨੂ ਅਤੇ ਪਿਊਸ਼ ਬਾਂਸਲ ਹੈ। ਮੁਜਰਮਾਂ ਦੇ ਕਬਜ਼ੇ ਵਿਚੋਂ ਲੁੱਟ ਦੇ ਪੰਜ ਮੋਬਾਇਲ, ਵਾਰਦਾਤ ਵਿਚ ਵਰਤੇ ਇਕ ਮੋਟਰਸਾਈਕਲ ਅਤੇ ਤੇਜ਼ਧਾਰ ਹਥਿਆਰ ਬਰਾਮਦ ਹੋਏ ਹਨ। ਮੁਜਰਮ ਨਸ਼ਾ ਕਰਨ ਦੇ ਆਦੀ ਹਨ ਜੋ ਕਿ ਨਸ਼ਾ ਪੂਰਤੀ ਲਈ ਵਾਰਦਾਤਾਂ ਕਰਦੇ ਸਨ। ਪੁਲਸ ਨੇ ਦੋਸ਼ੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ। ਚੌਕੀ ਇੰਚਾਰਜ ਕੁਲਵੰਤ ਚੰਦ ਨੇ ਦੱਸਿਆ ਕਿ 26 ਜਨਵਰੀ ਗਣਤੰਤਰ ਦਿਵਸ ਵਾਲੇ ਦਿਨ ਫੇਜ਼-5 ਦਾ ਰਹਿਣ ਵਾਲਾ ਸੰਤੋਸ਼ ਕੁਮਾਰ ਮੰਡਲ ਆਪਣੇ ਰਿਸ਼ਤੇਦਾਰ ਦੇ ਨਾਲ ਪੈਦਲ ਸਬਜ਼ੀ ਲੈਣ ਲਈ ਗਿਆ ਸੀ। ਜਦੋਂ ਉਹ ਵਾਪਸ ਜਾ ਰਿਹਾ ਸੀ ਉਦੋਂ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਤੇਜ਼ਧਾਰ ਹਥਿਆਰ ਦੀ ਨੋਕ ’ਤੇ ਸੰਤੋਸ਼ ਤੋਂ ਮੋਬਾਇਲ ਅਤੇ ਉਸ ਦੀ ਜੇਬ ਵਿਚੋਂ 1500 ਰੁਪਏ ਕੱਢ ਲਏ ਸਨ। ਇਸ ਦੌਰਾਨ ਸੰਤੋਸ਼ ਨੇ ਮੁਜਰਮਾਂ ਦੇ ਮੋਟਰਸਾਈਕਲ ਦਾ ਨੰਬਰ ਨੋਟ ਕਰ ਲਿਆ ਸੀ।

ਪੁਲਸ ਦਾ ਕਹਿਣਾ ਹੈ ਕਿ ਮੁਜਰਮਾਂ ਨੂੰ ਫਡ਼ਨ ਲਈ ਗਸ਼ਤ ਸ਼ੁਰੂ ਕੀਤੀ ਅਤੇ ਮੁਜਰਮਾਂ ਨੂੰ 24 ਘੰਟਿਆਂ ਅੰਦਰ ਕਾਬੂ ਕਰ ਲਿਆ। ਇਸ ਤੋਂ ਇਲਾਵਾ ਉਨ੍ਹਾਂ ਤੋਂ ਵਾਰਦਾਤ ਵਿਚ ਵਰਤਿਆ ਮੋਟਰਸਾਈਕਲ ਅਤੇ ਪੰਜ ਲੁੱਟ ਦੇ ਮੋਬਾਇਲ ਵੀ ਬਰਾਮਦ ਕੀਤੇ। ਮੁਜਰਮ ਸਵਿੰਦਰ ਅਤੇ ਪਿਊਸ਼ ਖਿਲਾਫ ਪਹਿਲਾਂ ਵੀ ਥਾਣਾ ਸਾਹਨੇਵਾਲ ਵਿਚ ਕੇਸ ਦਰਜ ਹੈ। ਉਹ ਪੰਜ ਮਹੀਨੇ ਪਹਿਲਾਂ ਹੀ ਜੇਲ ’ਚੋਂ ਜ਼ਮਾਨਤ ’ਤੇ ਬਾਹਰ ਆਏ ਸਨ ਅਤੇ ਆਉਂਦੇ ਹੀ ਦਿਲੀਪ ਨੂੰ ਨਾਲ ਮਿਲਾ ਕੇ ਵਾਰਦਾਤਾਂ ਸ਼ੁਰੂ ਕਰ ਦਿੱਤੀਆਂ। ਪੁਲਸ ਦਾ ਕਹਿਣਾ ਹੈ ਕਿ ਮੁਜਰਮਾਂ ਨੇ ਅੱਧਾ ਦਰਜਨ ਦੇ ਕਰੀਬ ਵਾਰਦਾਤਾਂ ਕੀਤੀਆਂ ਮੰਨੀਆਂ ਹਨ। ਮੁਜਰਮ ਇਕ ਦਿਨ ਦੇ ਪੁਲਸ ਰਿਮਾਂਡ ’ਤੇ ਹਨ। ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


Bharat Thapa

Content Editor

Related News