ਬਲੈਰੋ ਗੱਡੀਆਂ ਚੋਰੀ ਕਰਨ ਦੇ ਮਾਮਲੇ ’ਚ 3 ਵਿਅਕਤੀ ਕਾਬੂ, 1 ਨਾਮਜ਼ਦ

02/24/2022 11:12:21 AM

ਕੋਟਕਪੂਰਾ (ਨਰਿੰਦਰ) : ਜ਼ਿਲ੍ਹਾ ਪੁਲਸ ਮੁਖੀ ਵਰੁਣ ਸ਼ਰਮਾ ਵੱਲੋਂ ਬੁਰੇ ਅਨਸਰਾਂ ਖ਼ਿਲਾਫ਼ ਸਖਤ ਕਾਰਵਾਈ ਕਰਨ ਦੀਆਂ ਹਦਾਇਤਾਂ ’ਤੇ ਡੀ. ਐੱਸ. ਪੀ. ਕੋਟਕਪੂਰਾ ਰਮਨਦੀਪ ਸਿੰਘ ਭੁੱਲਰ ਦੀ ਅਗਵਾਈ ਹੇਠ ਥਾਣਾ ਸਿਟੀ ਪੁਲਸ ਵੱਲੋਂ ਬੀਤੇ ਦਿਨੀਂ ਕੋਟਕਪੂਰਾ ਵਿਖੇ 2 ਬਲੈਰੋ ਗੱਡੀਆਂ ਚੋਰੀ ਕਰਨ ਦੇ ਮਾਮਲੇ ਵਿਚ 3 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਤੋਂ ਚੋਰੀ ਕੀਤੀਆਂ ਗੱਡੀਆਂ ਵੀ ਬਰਾਮਦ ਕਰ ਲਈਆਂ ਗਈਆਂ ਹਨ।

ਇਹ ਵੀ ਪੜ੍ਹੋ : ਵਿਆਹ ਵਾਲੇ ਲਾੜੇ ਦੇ ਪਿਤਾ ਕੋਲੋਂ ਲੁਟੇਰਾ ਸਾਢੇ 3 ਲੱਖ ਰੁਪਏ ਅਤੇ ਸੋਨੇ ਦੇ ਗਹਿਣਿਆਂ ਨਾਲ ਭਰਿਆ ਬੈਗ ਖੋਹ ਕੇ ਫਰਾਰ

ਇਸ ਸਬੰਧੀ ਡੀ. ਐੱਸ. ਪੀ. ਕੋਟਕਪੂਰਾ ਰਮਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ 21 ਫਰਵਰੀ ਨੂੰ ਗੁਰਸੇਵਕ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਫੇਰੂਮਾਨ ਚੌਕ ਕੋਟਕਪੂਰਾ ਨੇ ਥਾਣਾ ਸਿਟੀ ਪੁਲਸ ਵਿਖੇ ਜਾਣਕਾਰੀ ਦਿੱਤੀ ਕਿ ਉਸਦਾ ਸ਼ਰਾਬ ਦੀ ਠੇਕੇਦਾਰੀ ਦਾ ਕੰਮ ਹੈ ਅਤੇ ਸ਼ਰਾਬ ਸਪਲਾਈ ਕਰਨ ਤੇ ਕੈਸ਼ ਇਕੱਠਾ ਕਰਨ ਦਾ ਕੰਮ ਆਪਣੀਆਂ 2 ਬਲੈਰੋ ਗੱਡੀਆਂ ਰਾਹੀਂ ਕਰਦਾ ਹੈ। 20 ਫਰਵਰੀ ਨੂੰ ਰਾਤ 10:30 ਵਜੇ ਦੇ ਕਰੀਬ ਉਨ੍ਹਾਂ ਨੇ ਆਪਣੀਆਂ ਦੋਵੇਂ ਗੱਡੀਆਂ ਸਥਾਨਕ ਮੋਗਾ ਰੋਡ ’ਤੇ ਸਥਿਤ ਆਪਣੇ ਦਫਤਰ ਅੱਗੇ ਖੜ੍ਹੀਆਂ ਕਰ ਦਿੱਤੀਆਂ ਸਨ ਅਤੇ ਅਗਲੇ ਦਿਨ ਸਵੇਰੇ 8:30 ਵਜੇ ਆ ਕੇ ਵੇਖਿਆ ਤਾਂ ਉਕਤ ਗੱਡੀਆਂ ਉੱਥੇ ਮੌਜੂਦ ਨਹੀਂ ਸਨ, ਜਿਨ੍ਹਾਂ ਨੂੰ ਕੋਈ ਅਣਪਛਾਤੇ ਵਿਅਕਤੀ ਚੋਰੀ ਕਰ ਕੇ ਲੈ ਗਏ। ਮੁਦਈ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਸਿਟੀ ਪੁਲਸ ਕੋਟਕਪੂਰਾ ਵੱਲੋਂ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਗਈ, ਜਿਸ ਤੋਂ ਬਾਅਦ ਤਫਤੀਸ਼ੀ ਅਧਿਕਾਰੀ ਐੱਸ. ਆਈ. ਪ੍ਰੀਤਮ ਸਿੰਘ ਵੱਲੋਂ ਚੋਰੀ ਕੀਤੀਆਂ ਦੋਵੇਂ ਗੱਡੀਆਂ ਬਲਵਿੰਦਰ ਸਿੰਘ ਵਾਸੀ ਬਸਤੀ ਮਧਰੇ ਦਾਖਲੀ ਲੰਗੇਆਣਾ (ਫਿਰੋਜਪੁਰ), ਮੇਜ਼ਰ ਸਿੰਘ ਵਾਸੀ ਪਿੰਡ ਸੂਬਾ ਜਦੀਦ (ਫਿਰੋਜ਼ਪੁਰ) ਅਤੇ ਕਾਬਲ ਸਿੰਘ ਵਾਸੀ ਖਾਈ ਫੇਮੇ (ਫਿਰੋਜ਼ਪੁਰ) ਤੋਂ ਬਰਾਮਦ ਕੀਤੀਆਂ।

ਇਹ ਵੀ ਪੜ੍ਹੋ : ਟਰਾਲੇ ਦੀ ਲਪੇਟ ’ਚ ਆਉਣ ਨਾਲ ਇਕ ਲੜਕੀ ਦੀ ਮੌਤ, ਦੂਜੀ ਜ਼ਖਮੀ

ਉਕਤ ਤਿੰਨਾਂ ਵਿਅਕਤੀਆਂ ਨੂੰ ਕਾਬੂ ਕਰ ਕੇ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਪੁਲਸ ਰਿਮਾਂਡ ਲੈ ਕੇ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਗਈ। ਇਸ ਦੌਰਾਨ ਉਕਤ ਵਿਅਕਤੀਆਂ ਤੋਂ ਪਤਾ ਲੱਗਿਆ ਕਿ ਚੋਰੀ ਦੀ ਇਸ ਵਾਰਦਾਤ ਵਿਚ ਜੱਗਾ ਸਿੰਘ ਵਾਸੀ ਬਸਤੀ ਮਧਰੇ ਦਾਖਲੀ ਲੰਗੇਆਣਾ (ਫਿਰੋਜ਼ਪੁਰ) ਵੀ ਸ਼ਾਮਲ ਸੀ, ਜਿਸ ਤੋਂ ਬਾਅਦ ਪੁਲਸ ਵੱਲੋਂ ਉਕਤ ਵਿਅਕਤੀ ਨੂੰ ਨਾਮਜ਼ਦ ਕਰ ਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਕਾਬੂ ਕੀਤੇ ਗਏ ਉਕਤ ਵਿਅਕਤੀਆਂ ਖਿਲਾਫ ਪਹਿਲਾਂ ਵੀ ਕਈ ਥਾਣਿਆਂ ’ਚ ਵੱਖ-ਵੱਖ ਕੇਸਾਂ ਤਹਿਤ ਮਾਮਲੇ ਦਰਜ ਹਨ। ਇਸ ਐੱਸ. ਆਈ. ਪ੍ਰੀਤਮ ਸਿੰਘ, ਜਸਵਿੰਦਰ ਸਿੰਘ ਰੀਡਰ ਡੀ. ਐੱਸ. ਪੀ. ਆਦਿ ਪੁਲਸ ਕਰਮਚਾਰੀ ਹਾਜ਼ਰ ਸਨ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Anuradha

This news is Content Editor Anuradha