ਕਰੋੜਾਂ ਦੀ ਚੋਰੀ ਦੇ ਮਾਮਲੇ ''ਚ 3 ਦੋਸ਼ੀ ਗ੍ਰਿਫਤਾਰ

05/19/2020 8:42:33 PM

ਬਠਿੰਡਾ, (ਵਰਮਾ)— ਮਾਡਲ ਟਾਊਨ ਫੇਸ-1 'ਚ ਪੰਜ ਦਿਨ ਪਹਿਲਾਂ 14 ਮਈ ਦੀ ਅੱਧੀ ਰਾਤ ਨੂੰ ਚੋਰਾਂ ਨੇ ਸਾਬਕਾ ਚੀਫ ਇੰਜੀਨੀਅਰਿੰਗ ਦੇ ਘਰ ਸੇਂਧਮਾਰੀ ਕਰ ਕੇ ਉਥੋਂ ਕਰੋੜਾਂ ਰੁਪਏ ਦੇ ਗਹਿਣੇ ਅਤੇ ਨਕਦੀ ਉਡਾ ਲਈ ਸੀ। ਜਿਸ 'ਚ ਪੁਲਸ ਨੇ 3 ਸ਼ਾਤਰ ਚੋਰਾਂ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਇਕ ਅਜੇ ਫਰਾਰ ਹੈ। ਫੜੇ ਗਏ ਚੋਰਾਂ ਤੋਂ ਪੁਲਸ ਨੇ ਸੋਨੇ ਚਾਂਦੀ ਦੇ ਗਹਿਣੇ ਬਰਾਮਦ ਕੀਤੇ। ਇਸ ਸਬੰਧੀ ਪ੍ਰੈੱਸ ਕਾਨਫਰੰਸ 'ਚ ਡੀ. ਐੱਸ. ਪੀ. ਅਸ਼ਵੰਤ ਸਿੰਘ ਧਾਲੀਵਾਲ ਅਤੇ ਸੀ. ਆਈ-2 ਦੇ ਪ੍ਰਮੁੱਖ ਤਰਜਿੰਦਰ ਸਿੰਘ ਨੇ ਦੱਸਿਆ ਕਿ ਮਾਡਲ ਟਾਊਨ ਕੋਠੀ ਨੰਬਰ 63 'ਚ ਚੋਰੀ ਸਬੰਧੀ ਘਟਨਾ 16 ਮਈ ਨੂੰ ਦਰਜ ਕਰਵਾਈ ਗਈ ਸੀ। ਕਿਉਂਕਿ ਪਰਿਵਾਰਕ ਮੈਂਬਰ ਕਰਫਿਊ ਦੇ ਚਲਦੇ ਪੰਚਕੁਲਾ 'ਚ ਫਸੇ ਹੋਏ ਸੀ ਅਤੇ ਉਨ੍ਹਾਂ ਦੇ ਕਿਰਾਏਦਾਰ ਵੀ ਇਥੇ ਨਹੀਂ ਸੀ ਜਿਵੇਂ ਹੀ ਕਿਰਾਏਦਾਰ ਆਏ ਤਾਂ ਉਨ੍ਹਾਂ ਨੇ ਇਸਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ 'ਤੇ ਵੱਖ-ਵੱਖ ਮਾਮਲਿਆਂ ਤਹਿਤ 26 ਮਾਮਲੇ ਦਰਜ ਹਨ। ਜਿੰਨ੍ਹਾਂ 'ਚ ਲੁੱਟ-ਖੋਹ, ਚੋਰੀ, ਹੱਤਿਆ, ਨਸ਼ਾ ਸਮੱਗਲਿੰਗ ਆਦਿ ਸ਼ਾਮਲ ਹੈ ਫਰਾਰ ਹੋਏ ਵਿਅਕਤੀ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਕੋਠੀ ਦਾ ਉਪਰੀ ਹਿੱਸਾ ਕਰਨ ਨਾਮ ਇਕ ਵਿਅਕਤੀ ਨੂੰ ਕਿਰਾਏ 'ਤੇ ਦਿੱਤਾ ਸੀ। ਚੋਰੀ ਦੀ ਵਾਰਦਾਤ ਵੇਲੇ ਕਰਨ ਵੀ ਘਰ ਨਹੀਂ ਸੀ ਅਤੇ ਡੂੰਮਵਾਲੀ ਆਪਣੇ ਪਰਿਵਾਰ ਕੋਲ ਚਲਾ ਗਿਆ ਸੀ। ਇਸੇ ਦਾ ਫਾਇਦਾ ਚੁੱਕ ਕੇ ਕਰਨਵੀਰ ਸਿੰਘ ਉਰਫ ਜੋਨੀ ਬਾਬਾ ਵਾਸੀ ਭਾਗੂ ਰੋਡ ਬਠਿੰਡਾ ਅਤੇ ਕਾਲੂ ਰਾਮ ਵਾਸੀ ਪਿਲਾਇਆ ਪੰਗਾ ਰਾਜਸਥਾਨ ਨੇ ਘਰ ਦੀ ਰੇਕੀ ਕਰ ਕੇ ਸੇਂਧਮਾਰੀ ਦੀ ਯੋਜਨਾ ਬਣਾਈ ਅਤੇ ਰਾਤ ਨੂੰ ਕੋਠੀ 'ਚ ਦਾਖਲ ਹੋ ਕੇ ਲੱਖਾਂ ਰੁਪਇਆ ਦੇ ਸੋਨੇ ਚਾਂਦੀ ਦੇ ਗਹਿਣੇ ਚੋਰੀ ਕਰ ਲੈ ਗਏ। ਪੁਲਸ ਨੇ ਮਾਮਲੇ ਦੀ ਸ਼ਿਕਾਇਤ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਤਾਂ ਆਸ-ਪਾਸ ਦੇ ਸੀ. ਸੀ ਟੀ. ਵੀ. ਕੈਮਰਿਆਂ ਦੀ ਫੁਟੇਜ ਅਤੇ ਲੋਕਾਂ ਦੇ ਬਿਆਨ ਦੇ ਆਧਾਰ 'ਤੇ ਕਰਨਵੀਰ ਸਿੰਘ ਜੋਨੀ ਬਾਬਾ ਅਤੇ ਕਾਲੂ ਰਾਮ ਨੂੰ ਰਿੰਗ ਰੋਡ ਨਜ਼ਦੀਕ ਪਾਣੀ ਵਾਲੀ ਟੈਂਕੀ ਮਾਡਲ ਟਾਊਨ ਤੋਂ ਗ੍ਰਿਫਤਾਰ ਕਰ ਲਿਆ। ਉਕਤ ਲੋਕਾਂ ਕੋਲੋਂ 364 ਗ੍ਰਾਮ ਦੇ 19 ਸੋਨੇ ਦੀ ਚੂੜੀਆਂ, ਚਾਰ ਸੋਨੇ ਦੇ ਕੰਗਨ ਬਰਾਮਦ ਕਰ ਲਏ ਉਥੇ ਹੀ ਦੋਨਾਂ ਦੀ ਨਿਸ਼ਾਨਦੇਹੀ 'ਤੇ ਗੁਰੂ ਤੇਗ ਬਹਾਦੁਰ ਨਗਰ 'ਚ ਬਣੇ ਇਕ ਘਰੋਂ 241 ਗ੍ਰਾਮ ਗਹਿਣੇ ਅਤੇ ਦੋ ਕਿਲੋ 300 ਗ੍ਰਾਮ ਚਾਂਦੀ ਦੇ ਗਹਿਣੇ, ਚਾਂਦੀ ਦੇ ਬਰਤਨ ਅਤੇ ਸਿੱਕੇ ਅਤੇ 395 ਗ੍ਰਾਮ ਸੋਨਾ ਬਰਾਮਦ ਕੀਤਾ। ਇਹ ਸਾਰਾ ਸਾਮਾਨ ਉਕਤ ਲੋਕਾਂ ਨੇ ਤੀਜੇ ਮੁਲਜ਼ਮ ਰਮੇਸ਼ ਕੁਮਾਰ ਕੋਲ ਰੱਖਿਆ ਸੀ। ਉਥੇ ਹੀ ਇਸ ਪੂਰੇ ਕਾਂਡ 'ਚ ਦੋਸ਼ੀ ਸੁਭਾਸ਼ ਚੰਦਰ ਵੀ ਸ਼ਾਮਲ ਸੀ ਜਿਸ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ।
ਜਾਂਚ ਪੜਤਾਲ 'ਚ ਖੁਲਾਸਾ ਹੋਇਆ ਕਿ ਮੁਲਜ਼ਮ ਲੋਕ ਨਸ਼ਾ ਕਰਨ ਅਤੇ ਹੈਰੋਇਨ ਆਦਿ ਵਰਗੇ ਮਹਿੰਗੇ ਨਸ਼ੇ ਦਾ ਸੇਵਨ ਕਰਨ ਦੇ ਆਦਿ ਸੀ। ਇਸ ਨਸ਼ੇ ਦੀ ਲਤ ਦੇ ਚਲਦੇ ਉਹ ਅਕਸਰ ਵੱਡੀਆਂ ਕੋਠੀਆਂ 'ਚ ਸੇਂਧਮਾਰੀ ਕਰ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ। ਘਟਨਾ ਨੂੰ ਅੰਜਾਮ ਤੱਕ ਪਹੁੰਚਾਉਣ ਤੋਂ ਪਹਿਲਾ ਮੁਲਜ਼ਮਾਂ ਨੇ ਘਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਤੋੜਨ ਦੇ ਨਾਲ ਡੀ. ਬੀ. ਆਰ. ਨੂੰ ਵੀ ਨੁਕਸਾਨ ਪਹੁੰਚਾਇਆ। ਮੁਲਜ਼ਮਾਂ 'ਚ ਸ਼ਾਮਲ ਰਾਮੇਸ਼ ਕੁਮਾਰ ਵਾਸੀ ਮੋਟੋਰੀਆ ਵਾਲੀ ਢਾਨੀ ਹਨੂਮਾਨਗੜ੍ਹ ਰਾਜਸਥਾਨ ਚੋਰੀ ਦੇ ਸਾਰੇ ਸਾਮਾਨ ਨੂੰ ਠਿਕਾਣੇ ਲਾਉਣ ਦਾ ਕੰਮ ਕਰਦਾ ਸੀ। ਇਹੀਂ ਨਹੀਂ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ 'ਚ ਕਰਨਵੀਰ ਸਿੰਘ ਜੋਨੀ ਬਾਬਾ ਦੇ ਖਿਲਾਫ ਹੱਤਿਆ, ਲੁੱਟ ਅਤੇ ਚੋਰੀ ਦੇ 9 ਮਾਮਲੇ ਦਰਜ ਹਨ। ਉਥੇ ਹੀ ਕਾਲੂ ਰਾਮ ਵਾਸੀ ਪਿਲਿਆ ਬੰਗਾ ਰਾਜਸਥਾਨ ਖਿਲਾਫ 17 ਅਪਰਾਧਿਕ ਮਾਮਲੇ ਦਰਜ ਹਨ।




 


KamalJeet Singh

Content Editor

Related News