ਹੈਰੋਇਨ, ਨਾਜਾਇਜ਼ ਸ਼ਰਾਬ ਤੇ ਲਾਹਣ ਸਮੇਤ 3 ਦੋਸ਼ੀ ਗ੍ਰਿਫਤਾਰ

05/29/2020 8:07:39 PM

ਫਿਰੋਜ਼ਪੁਰ/ਗੁਰੂਹਰਸਹਾਏ, (ਕੁਮਾਰ, ਆਵਲਾ, ਮਨਦੀਪ)— ਜ਼ਿਲ੍ਹਾ ਫਿਰੋਜ਼ਪੁਰ ਪੁਲਸ ਨੇ ਨਸ਼ੇ ਦਾ ਧੰਦਾ ਕਰਨ ਵਾਲਿਆਂ ਖਿਲਾਫ ਚਲਾਈ ਮੁਹਿੰਮ ਤਹਿਤ 10 ਗ੍ਰਾਮ ਹੈਰੋਇਨ, 80.5 ਬੋਤਲਾਂ ਨਾਜਾਇਜ਼ ਸ਼ਰਾਬ ਅਤੇ 400 ਲੀਟਰ ਲਾਹਣ ਬਰਾਮਦ ਕਰ ਕੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਦਕਿ 4 ਕਥਿਤ ਦੋਸ਼ੀ ਫਰਾਰ ਹੋ ਗਏ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਥਾਣਾ ਕੁਲਗੜ੍ਹੀ ਦੀ ਪੁਲਸ ਨੇ ਏ. ਐੱਸ. ਆਈ. ਬਲਦੇਵ ਸਿੰਘ ਦੀ ਅਗਵਾਈ ਹੇਠ ਮਿਲੀ ਸੂਚਨਾ ਦੇ ਅਧਾਰ 'ਤੇ ਰੇਡ ਕਰਦਿਆਂ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਨ ਵਾਲੇ ਵਿਜੇ ਪੁੱਤਰ ਲੱਭਾ ਵਾਸੀ ਬਜੀਦਪੁਰ ਨੂੰ ਸਵਾ 9 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਹੈ, ਜਿਸ ਨੂੰ ਜ਼ਮਾਨਤ 'ਤੇ ਪੁਲਸ ਨੇ ਰਿਹਾਅ ਕਰ ਦਿੱਤਾ ਹੈ।
ਇਸੇ ਤਰ੍ਹਾਂ ਥਾਣਾ ਲੱਖੋ ਕੇ ਬਹਿਰਾਮ ਦੇ ਏ. ਐੱਸ. ਆਈ. ਪਰਗਟ ਸਿੰਘ ਦੀ ਅਗਵਾਈ ਹੇਠ ਪੁਲਸ ਨੇ ਪਿੰਡ ਸੋਢੀ ਵਾਲਾ ਵਿਖੇ ਛਾਪਾਮਾਰੀ ਕਰਦੇ ਹੋਏ ਸਵਾ 9 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ, ਜਦਕਿ ਕਥਿਤ ਦੋਸ਼ੀ ਅਸ਼ੋਕ ਪੁੱਤਰ ਜੋਗਿੰਦਰ ਫਰਾਰ ਹੋ ਗਿਆ ਹੈ। ਇਸੇ ਥਾਣੇ ਦੇ ਏ. ਐੱਸ. ਆਈ. ਬਲਵੀਰ ਸਿੰਘ ਦੀ ਅਗਵਾਈ ਹੇਠ ਪੁਲਸ ਨੇ ਪਿੰਡ ਭੂਰੇ ਖੁਰਦ ਵਿਖੇ ਛਾਪੇਮਾਰੀ ਕਰਦਿਆਂ 200 ਲੀਟਰ ਲਾਹਨ ਬਰਾਮਦ ਕੀਤੀ ਹੈ, ਜਿਸ ਦਾ ਦੋਸ਼ੀ ਹਰਪ੍ਰੀਤ ਸਿੰਘ ਉਰਫ ਪੱਪੂ ਪੁਲਸ ਨੂੰ ਦੇਖਦੇ ਹੀ ਫਰਾਰ ਹੋ ਗਿਆ। ਦੂਜੇ ਪਾਸੇ ਥਾਣਾ ਮਮਦੋਟ ਦੀ ਪੁਲਸ ਨੇ ਮਿਲੀ ਗੁਪਤ ਸੂਚਨਾ ਦੇ ਅਧਾਰ 'ਤੇ ਪਿੰਡ ਚੱਕ ਖੁੰਦਰ ਵਿਖੇ ਰੇਡ ਕਰਕੇ 200 ਲੀਟਰ ਲਾਹਣ ਅਤੇ 22 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ, ਜਿਸਦਾ ਦੋਸ਼ੀ ਜਸਪਾਲ ਸਿੰਘ ਉਰਫ ਬੱਬੀ ਪੁੱਤਰ ਬਾਜ ਸਿੰਘ ਵਾਸੀ ਚੱਕ ਖੁੰਦਰ ਪੁਲਸ ਨੂੰ ਦੇਖਦੇ ਹੀ ਫਰਾਰ ਹੋ ਗਿਆ।
ਉਧਰ ਥਾਣਾ ਗੁਰੂਹਰਸਹਾਏ ਦੇ ਪੁਲਸ ਸੂਤਰਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਸ ਪਾਰਟੀ ਨਾਲ ਗਸ਼ਤ ਕਰਦਿਆਂ ਏ. ਐੱਸ. ਆਈ. ਗੁਰਚਰਨ ਸਿੰਘ ਵੱਲੋਂ ਮਿਲੀ ਗੁਪਤ ਸੂਚਨਾ ਦੇ ਅਧਾਰ 'ਤੇ ਜਦ ਪਿੰਡ ਛਾਂਗਾ ਰਾਏ ਉਤਾੜ ਵਿਖੇ ਰੇਡ ਕੀਤੀ ਤਾਂ ਕਥਿਤ ਦੋਸ਼ੀ ਫਲਕ ਸਿੰਘ ਪੁੱਤਰ ਬੱਘਾ ਸਿੰਘ ਵਾਸੀ ਝੁੱਗੇ ਸੰਤਾ ਸਿੰਘ ਵਾਲੇ ਜੋ ਕਿ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ, ਪੁਲਸ ਨੂੰ ਦੇਖਦੇ ਹੀ ਫਰਾਰ ਹੋ ਗਿਆ ਤੇ ਪੁਲਸ ਨੇ ਮੌਕੇ 'ਤੇ 40 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਦੂਜੇ ਪਾਸੇ ਐੱਸ. ਟੀ. ਐਫ. ਰੇਂਜ ਫਿਰੋਜਪੁਰ ਦੇ ਇੰਚਾਰਜ ਇੰਸਪੈਕਟਰ ਜਸਵਿੰਦਰ ਸਿੰਘ ਦੀ ਅਗਵਾਈ ਹੇਠ 10 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤੇ ਦੋ ਕਥਿਤ ਦੋਸ਼ੀਆਂ ਸਬੰਧੀ ਜਾਣਕਾਰੀ ਦਿੰਦੇ ਸਬ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਐੱਸ. ਐੱਸ. ਟੀ. ਐੱਫ. ਰੇਂਜ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੁਰਬਖਸ਼ ਸਿੰਘ ਪੁੱਤਰ ਵਿਰਸਾ ਸਿੰਘ ਵਾਸੀ ਸੈਦ ਪੱਤੀ ਮੁਦੱਕੀ ਅਤੇ ਮਨਦੀਪ ਕੁਮਾਰ ਪੁੱਤਰ ਜਗਦੀਸ਼ ਕੁਮਾਰ ਵਾਸੀ ਮੁਦੱਕੀ ਹੀਰੋਇਨ ਵੇਚਣ ਦਾ ਧੰਦਾ ਕਰਦੇ ਹਨ ਤੇ ਅੱਜ ਵੀ ਮੋਟਰਸਾਈਕਲ 'ਤੇ ਹੈਰੋਇਨ ਸਪਲਾਈ ਕਰਦੇ ਫਿਰਦੇ ਹਨ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਸ਼ਹੀਦ ਗੰਜ ਗੁਰਦੁਆਰਾ ਸਾਹਿਬ ਦੇ ਕੋਲ ਨਾਕਾਬੰਦੀ ਕਰ ਕੇ ਨਾਮਜ਼ਦ ਵਿਅਕਤੀਆਂ ਨੂੰ ਮੋਟਰਸਾਈਕਲ ਸਮੇਤ ਕਾਬੂ ਕੀਤਾ ਗਿਆ ਤੇ ਤਲਾਸ਼ੀ ਦੌਰਾਨ ਉਨ੍ਹਾਂ ਕੋਲੋ 10 ਗ੍ਰਾਮ ਹੀਰੋਇਨ ਬਰਾਮਦ ਹੋਈ, ਜਿਸ ਸਬੰਧੀ ਦੋਸ਼ੀਆਂ ਖਿਲਾਫ ਥਾਣਾ ਘੱਲ ਖੁਰਦ 'ਚ ਮੁਕੱਦਮਾ ਦਰਜ ਕੀਤਾ ਗਿਆ ਹੈ।

 

KamalJeet Singh

This news is Content Editor KamalJeet Singh