ਹਾਦਸੇ ’ਚ ਜਾਨ ਗੁਆਉਣ ਵਾਲੇ ਦੋ ਨੌਜਵਾਨਾਂ ਦੇ ਪਰਿਵਾਰ ਲਈ 29. 21 ਲੱਖ ਦਾ ਮੁਆਵਜ਼ਾ ਮਨਜ਼ੂਰ

01/13/2019 7:35:45 AM

 ਚੰਡੀਗਡ਼੍ਹ, (ਸੰਦੀਪ)- ਟਰੱਕ ਦੀ ਲਪੇਟ ’ਚ ਆ ਕੇ ਜਾਨ ਗੁਆਉਣ ਵਾਲੇ ਦੋ ਨੌਜਵਾਨਾਂ ਦੇ ਪਰਿਵਾਰ ਵਾਲਿਆਂ ਲਈ ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ ਨੇ 29 ਲੱਖ 21 ਹਜ਼ਾਰ ਰੁਪਏ ਮੁਆਵਜ਼ਾ ਮਨਜ਼ੂਰ ਕੀਤਾ ਹੈ।  ਟ੍ਰਿਬਿਊਨਲ ਨੇ ਮੁਆਵਜ਼ਾ ਰਾਸ਼ੀ ਟਰੱਕ ਡਰਾਈਵਰ, ਟਰੱਕ ਦੇ ਮਾਲਕ ਅਤੇ ਬੀਮਾ ਕੰਪਨੀ ਨੂੰ ਸਾਂਝੇ ਤੌਰ ’ਤੇ ਦੇਣ ਦੇ ਹੁਕਮ ਦਿੱਤੇ ਹਨ।  ਇਹ ਰਾਸ਼ੀ ਹਾਦਸੇ ’ਚ ਮਾਰੇ ਗਏ ਪੰਜਾਬ ਨਿਵਾਸੀ ਜਸਵੀਰ ਸਿੰਘ ਅਤੇ ਗੁਰਦੇਵ ਸਿੰਘ ਦੇ ਪਰਿਵਾਰ ਨੂੰ ਮਿਲੇਗੀ। ਦੋਵਾਂ ਪਰਿਵਾਰਾਂ ਨੇ ਟ੍ਰਿਬਿਊਨਲ ’ਚ ਕਲੇਮ ਪਟੀਸ਼ਨ ਦਰਜ ਕਰਕੇ ਮੁਆਵਜ਼ੇ ਦੀ ਅਪੀਲ ਕੀਤੀ ਸੀ। 
 ਦਰਜ ਅਪੀਲ ’ਚ ਪਰਿਵਾਰ ਵਾਲਿਆਂ ਨੇ ਦੱਸਿਆ ਸੀ ਕਿ ਅਪ੍ਰੈਲ 2018 ’ਚ ਗੁਰਦੇਵ ਅਤੇ ਜਸਵੀਰ ਖੋਡਿਆਂਵਲੀ ਪਿੰਡ ਤੋਂ ਜ਼ਿਲਾ ਫਾਜ਼ਿਲਕਾ  ਵੱਲ ਮੋਟਰਸਾਈਕਲ ’ਤੇ ਜਾ ਰਹੇ ਸਨ  ਕਿ ਬੱਸ ਸਟਾਪ ਕੋਲ ਗਲਤ ਦਿਸ਼ਾ ਤੋਂ ਆ ਰਹੇ ਇਕ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਜਸਵੀਰ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਗੁਰਦੇਵ ਨੇ ਹਸਪਤਾਲ ’ਚ ਦਮ ਤੋਡ਼ ਦਿੱਤਾ। ਪਰਿਵਾਰ ਵਾਲਿਆਂ ਨੇ ਦਰਜ ਅਪੀਲ ’ਚ ਕਿਹਾ ਕਿ ਘਟਨਾ ਟਰੱਕ ਡਰਾਈਵਰ ਦੀ ਲਾਪ੍ਰਵਾਹੀ ਕਾਰਨ ਹੋਈ ਹੈ, ਉਥੇ ਹੀ ਟਰੱਕ ਡਰਾਈਵਰ ਅਤੇ ਮਾਲਕ ਨੇ ਕਿਹਾ ਕਿ ਉਨ੍ਹਾਂ ਨੂੰ ਮਾਮਲੇ ’ਚ ਫਸਾਇਆ ਜਾ ਰਿਹਾ ਹੈ। ਉਨ੍ਹਾਂ ਦੇ  ਟਰੱਕ ਨਾਲ ਕੋਈ ਵੀ ਹਾਦਸਾ ਹੋਇਆ ਹੀ ਨਹੀਂ ਸੀ। ਦੋਨਾਂ ਧਿਰਾਂ ਵਲੋਂ ਦਿੱਤੀਆਂ ਗਈਆਂ ਦਲੀਲਾਂ ਸੁਣਨ ਤੋਂ ਬਾਅਦ ਟ੍ਰਿਬਿਊਨਲ ਨੇ ਮ੍ਰਿਤਕਾਂ ਦੇ ਪਰਿਵਾਰ ਨੂੰ ਇਹ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ।