ਸਤਲੁਜ ਦਰਿਆ ''ਚ ਪਾਣੀ ਦਾ ਪੱਧਰ ਵਧਿਆ, ਧਰਮਕੋਟ ਦੇ 22 ਪਿੰਡ ਪਾਣੀ ਦੀ ਲਪੇਟ ''ਚ

08/19/2019 12:36:35 AM

ਫਤਿਹਗੜ੍ਹ ਪੰਜਤੂਰ (ਰੋਮੀ)— ਮੌਸਮ ਵਿਭਾਗ ਵੱਲੋਂ ਦਿੱਤੀ ਗਈ ਚਿਤਾਵਨੀ ਤੋਂ ਬਾਅਦ ਭਾਖੜਾ ਡੈਮ ਪ੍ਰਬੰਧਕਾਂ ਵੱਲੋਂ ਸਤਲੁਜ ਦਰਿਆ 'ਚ ਪਾਣੀ ਛੱਡੇ ਜਾਣ ਕਾਰਣ ਹਲਕਾ ਧਰਮਕੋਟ ਦੇ ਸਤਲੁਜ ਦਰਿਆ ਕੰਢੇ ਵੱਸਦੇ 22 ਪਿੰਡ ਪਾਣੀ ਦੀ ਲਪੇਟ 'ਚ ਆ ਗਏ ਹਨ ਤੇ ਹਜ਼ਾਰਾਂ ਏਕੜ ਫਸਲ ਪਾਣੀ 'ਚ ਡੁੱਬ ਚੁੱਕੀ ਹੈ। ਇਸ ਸਬੰਧੀ 'ਜਗ ਬਾਣੀ' ਦੀ ਟੀਮ ਵੱਲੋਂ ਐਤਵਾਰ ਫਤਿਹਗੜ੍ਹ ਪੰਜਤੂਰ ਦੇ ਨੇੜੇ ਸਤਲੁਜ ਦਰਿਆ ਦੇ ਕੰਢੇ ਵੱਸਦੇ ਪਿੰਡ ਸੰਘੇੜਾ ਅਤੇ ਮਦਾਰਪੁਰ ਦਾ ਜਦੋਂ ਦੌਰਾ ਕੀਤਾ ਗਿਆ ਤਾਂ ਸੰਘੇੜਾ ਪਿੰਡ ਚਾਰੇ ਪਾਸਿਓਂ ਪਾਣੀ ਨਾਲ ਘਿਰਿਆ ਹੋਇਆ ਦਿਖਾਈ ਦਿੱਤਾ ਅਤੇ ਇਸ ਪਿੰਡ ਦਾ ਸੜਕੀ ਮਾਰਗ ਤੋਂ ਲਿੰਕ ਪੂਰੀ ਤਰ੍ਹਾਂ ਟੁੱਟ ਚੁੱਕਿਆ ਹੈ। ਇਸ ਮੌਕੇ ਸਰੂਪ ਸਿੰਘ, ਜਗੀਰ ਸਿੰਘ, ਬਲਕਾਰ ਸਿੰਘ, ਅਮਰਜੀਤ ਸਿੰਘ, ਮਲਕੀਤ ਸਿੰਘ, ਗੁਰਬਚਨ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕਿ ਇਸ ਮਹੀਨੇ ਦੌਰਾਨ ਤੀਸਰੀ ਵਾਰ ਸਾਡਾ ਪਿੰਡ ਅਤੇ ਖੇਤ ਪਾਣੀ ਦੀ ਲਪੇਟ 'ਚ ਆ ਚੁੱਕੇ ਹਨ, ਜਿਸ ਕਾਰਣ ਸਾਡੀਆਂ ਫਸਲਾਂ, ਮੋਟਰਾਂ ਅਤੇ ਟਿਊਬਲ ਪਾਣੀ 'ਚ ਡੁੱਬ ਚੁੱਕੇ ਹਨ ਪਰ ਪ੍ਰਸ਼ਾਸਨ ਵੱਲੋਂ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਸਾਡੀ ਮੱਦਦ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਭਾਖੜਾ ਡੈਮ ਤੋਂ ਵੱਡੀ ਮਾਤਰਾ 'ਚ ਸਤਲੁਜ ਦਰਿਆ 'ਚ ਪਾਣੀ ਛੱਡੇ ਜਾਣ ਕਾਰਣ ਪਿੰਡ ਵਾਸੀਆਂ 'ਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ। ਉਨ੍ਹਾਂ ਪ੍ਰਾਸ਼ਾਸਨ 'ਤੇ ਨਾਰਾਜ਼ਗੀ ਜ਼ਾਹਿਰ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਪਿਛਲੇ ਤਿੰਨ ਦਿਨਾਂ ਤੋਂ ਰਾਜ ਦੇ ਸਾਰੇ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਇਸ ਸਬੰਧੀ ਚਿਤਾਵਨੀ ਪੱਤਰ ਜਾਰੀ ਕਰ ਕੇ ਪਾਣੀ ਦੀ ਇਸ ਸਮੱਸਿਆ ਨਾਲ ਨਜਿੱਠਣ ਲਈ ਅਗਾਊਂ ਪ੍ਰਬੰਧ ਕਰਨ ਦੇ ਹੁਕਮ ਦਿੱਤੇ ਗਏ ਸਨ ਪਰ ਇਹ ਚਿਤਾਵਨੀ ਪੱਤਰ ਸਿਰਫ ਕਾਗਜ਼ਾਂ 'ਚ ਹੀ ਰੁਲ ਕੇ ਰਹਿ ਗਏ ਅਤੇ ਸਾਡੇ ਲਈ ਕਿਸੇ ਵੀ ਤਰ੍ਹਾਂ ਦੇ ਅਗਾਊਂ ਪ੍ਰਬੰਧ ਪ੍ਰਸ਼ਾਸਨ ਵੱਲੋਂ ਨਹੀਂ ਕੀਤੇ ਗਏ ਅਤੇ ਨਾ ਹੀ ਕਿਸੇ ਅਧਿਕਾਰੀ ਨੇ ਮੌਕੇ 'ਤੇ ਆ ਕੇ ਸਾਡੀ ਸਾਰ ਲਈ।


ਵਿਭਾਗ ਦੇ ਅਧਿਕਾਰੀ ਕਾਰ 'ਚ ਬੈਠੇ ਹੀ ਸਥਿਤੀ ਦਾ ਕਰਦੇ ਰਹੇ ਮੁਆਇਨਾ
ਜਿਥੇ ਇਕ ਪਾਸੇ ਸਤਲੁਜ ਦਰਿਆ 'ਚ ਪਾਣੀ ਆਉਣ ਕਾਰਣ ਪਿੰਡ ਸੰਘੇੜਾ ਦੇ ਵਾਸੀ ਧੁੱਸੀ ਬੰਨ੍ਹ 'ਤੇ ਬੈਠਣ ਲਈ ਮਜਬੂਰ ਹੋ ਕੇ ਮੁਸ਼ਕਲ ਸਥਿਤੀ 'ਚੋਂ ਲੰਘ ਰਹੇ ਹਨ, ਉਥੇ ਹੀ ਅੱਜ ਸਰਕਾਰੀ ਹਦਾਇਤਾਂ 'ਤੇ ਡਰੇਨਜ਼ ਵਿਭਾਗ ਦੇ ਕੁਝ ਅਧਿਕਾਰੀ ਸਥਿਤੀ ਦਾ ਜਾਇਜ਼ਾ ਲੈਣ ਲਈ ਧੁੱਸੀ ਬੰਨ੍ਹ 'ਤੇ ਆਪਣੀ ਨਿੱਜੀ ਕਾਰ ਰਾਹੀਂ ਪਹੁੰਚੇ ਪਰ ਇਨ੍ਹਾਂ ਅਧਿਕਾਰੀਆਂ ਵੱਲੋਂ ਆਪਣੀ ਕਾਰ 'ਚੋਂ ਥੱਲੇ ਉਤਰ ਕੇ ਪੀੜਤ ਲੋਕਾਂ ਨਾਲ ਗੱਲ ਤੱਕ ਕਰਨਾ ਮੁਨਾਸਿਬ ਨਹੀਂ ਸਮਝਿਆ ਅਤੇ ਉਕਤ ਅਧਿਕਾਰੀ ਕਾਰ ਦੇ ਏ.ਸੀ. ਦੀ ਠੰਡੀ ਹਵਾ ਲੈਂਦੇ ਹੋਏ ਕਾਰ 'ਚ ਬੈਠੇ-ਬੈਠੇ ਹੀ ਆਪਣੀ ਰਿਪੋਰਟ ਤਿਆਰ ਕਰ ਕੇ ਚੱਲਦੇ ਬਣੇ।


ਸੰਘੇੜਾ ਅਤੇ ਕੰਬੋ ਕਲਾਂ ਦੇ ਲੋਕਾਂ 'ਚ ਸਹਿਮ
ਸਤਲੁਜ ਦਰਿਆ ਦੇ ਕੰਢੇ ਵੱਸਦੇ ਪਿੰਡ ਸੰਘੇੜਾ ਅਤੇ ਕੰਬੋ ਕਲਾਂ ਦੇ ਵਸਨੀਕਾਂ 'ਚ ਅੱਜ ਭਾਖੜਾ ਡੈਮ ਤੋਂ ਵੱਡੀ ਮਾਤਰਾ 'ਚ ਸਤਲੁਜ ਦਰਿਆ 'ਚ ਛੱਡੇ ਗਏ ਪਾਣੀ ਕਾਰਣ ਡਰ ਦਾ ਮਾਹੌਲ ਵੱਧਦਾ ਜਾ ਰਿਹਾ ਹੈ, ਜ਼ਿਕਰਯੋਗ ਹੈ ਕਿ ਅੱਜ ਸਵੇਰ ਤੱਕ ਦਰਿਆ 'ਚ ਪਾਣੀ ਦਾ ਪੱਧਰ ਹੋਰ ਵਧ ਸਕਦਾ ਹੈ।


ਕੀ ਕਹਿਣੈ ਨਾਇਬ ਤਹਿਸੀਲਦਾਰ ਦਾ
ਧੁੱਸੀ ਬੰਨ੍ਹ 'ਤੇ ਪਹੁੰਚੇ ਨਾਇਬ ਤਹਿਸੀਲਦਾਰ ਮਨਿੰਦਰ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਮੋਗਾ ਦੀਆਂ ਹਦਾਇਤਾਂ 'ਤੇ ਅਜਿਹੀ ਸਥਿਤੀ ਨਾਲ ਨਜਿੱਠਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਹਲਕਾ ਧਰਮਕੋਟ ਦੇ ਜਿਹੜੇ ਵੀ ਪਿੰਡ ਦਰਿਆ ਦੇ ਪਾਣੀ ਦੀ ਲਪੇਟ 'ਚ ਆਏ ਹਨ ਉਨ੍ਹਾਂ ਪਿੰਡਾਂ ਦੇ ਲੋਕਾਂ ਦੀ ਸੁਰੱਖਿਆ ਲਈ ਕਿਸ਼ਨਪੁਰਾ, ਧਰਮਕੋਟ, ਖੰਬੇ ਅਤੇ ਫਤਿਹਗੜ੍ਹ ਪੰਜਤੂਰ 'ਚ ਚਾਰ ਬੇਸ ਕੈਂਪ ਬਣਾ ਕੇ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ ਹੈ, ਜਿਥੇ ਲੋੜ ਪੈਣ 'ਤੇ ਇਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਸ਼ਿਫਟ ਕੀਤਾ ਜਾਵੇਗਾ।

KamalJeet Singh

This news is Content Editor KamalJeet Singh