ਕੈਨੇਡਾ ਭੇਜਣ ਤੇ ਕੰਪਨੀ ''ਚ ਹਿੱਸੇਦਾਰੀ ਦੇ ਨਾਂ ''ਤੇ ਕੀਤੀ ਸਾਢੇ 21 ਲੱਖ ਦੀ ਠੱਗੀ

06/23/2019 1:13:54 AM

ਬਠਿੰਡਾ (ਵਰਮਾ)— ਗੁਰੂ ਤੇਗ ਬਹਾਦਰ ਨਗਰ ਵਾਸੀ ਨੌਜਵਾਨ ਨੂੰ ਕੈਨੇਡਾ ਭੇਜਣ ਤੇ ਕੰਪਨੀ ਵਿਚ ਹਿੱਸੇਦਾਰੀ ਦੇਣ ਦੇ ਨਾਂ 'ਤੇ ਸਾਢੇ 21 ਲੱਖ ਦੀ ਠੱਗੀ ਕੀਤੀ ਗਈ, ਜਿਸ ਸਬੰਧੀ ਥਾਣਾ ਸਿਵਲ ਲਾਈਨ ਪੁਲਸ ਨੇ ਪਤੀ-ਪਤਨੀ ਸਮੇਤ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੀੜਤ ਉਪਿੰਦਰਜੀਤ ਸਿੰਘ ਪੁੱਤਰ ਗੁਰਬਖਸ਼ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਹ 12ਵੀਂ ਪਾਸ ਹੈ ਤੇ ਬੇਰੋਜ਼ਗਾਰ ਹੈ। ਸਾਲ 2017 'ਚ ਉਸਦੇ ਦੋਸਤ ਰਣਜੀਤ ਸਿੰਘ ਨੇ ਉਸ ਨੂੰ ਚੰਗੁਲ ਵਿਚ ਫਸਾਇਆ ਅਤੇ ਕਿਹਾ ਕਿ ਕੈਨੇਡਾ ਚਲਾ ਜਾਵੇ, ਜਿਸ ਨਾਲ ਉਸਦੀ ਬੇਰੋਜ਼ਗਾਰੀ ਵੀ ਦੂਰ ਹੋ ਜਾਵੇਗੀ ਤੇ ਅੱਗੇ ਦੀ ਜ਼ਿੰਦਗੀ ਵੀ ਸੁਧਰ ਜਾਵੇਗੀ।
ਰਣਜੀਤ ਸਿੰਘ ਨੇ ਪੀੜਤ ਨੂੰ ਦੱਸਿਆ ਕਿ ਕੈਨੇਡਾ ਤੋਂ ਅਮਨਦੀਪ ਸਿੰਘ ਵਾਸੀ ਸੰਗਰੂਰ ਪੰਜਾਬ ਵਿਚ ਆਇਆ ਹੋਇਆ ਹੈ, ਜਦਕਿ ਕੈਨੇਡਾ ਵਿਚ ਉਸਦੀ ਸੁਖਮਨੀ ਇੰਟਰਪ੍ਰਾਈਜ਼ਿਜ਼ ਕੰਪਨੀ ਵੀ ਹੈ, ਜਿਸ ਲਈ ਉਸ ਨੂੰ ਇਕ ਦਰਜਨ ਨੌਜਵਾਨਾਂ ਦੀ ਜ਼ਰੂਰਤ ਹੈ। ਵਿਸ਼ਵਾਸ ਜਤਾਉਣ ਲਈ ਉਸਨੇ ਕਿਹਾ ਕਿ ਅਮਨਦੀਪ ਨੇ ਉਸਦਾ ਥਾਈਲੈਂਡ ਦਾ ਵੀਜ਼ਾ ਲਾ ਕੇ ਦਿੱਤਾ ਸੀ। ਪੀੜਤ ਆਪਣੇ ਦੋਸਤ ਦੀਆਂ ਗੱਲਾਂ ਵਿਚ ਆ ਗਿਆ ਅਤੇ ਉਸਨੇ ਸੰਗਰੂਰ ਵਾਸੀ ਅਮਨਦੀਪ ਸਿੰਘ ਨੂੰ ਮਿਲਣ ਦਾ ਮਨ ਬਣਾਇਆ। ਫੋਨ 'ਤੇ ਗੱਲਬਾਤ ਸ਼ੁਰੂ ਹੋਈ ਤਾਂ ਮੁਲਜ਼ਮ ਨੇ ਕਿਹਾ ਕਿ ਉਸਨੇ ਆਪਣੀ ਸੁਖਮਨੀ ਇੰਟਰਪ੍ਰਾਈਜ਼ਿਜ਼ ਕੰਪਨੀ ਦੇ ਨਾਲ ਫੂਡ ਪੈਕੇਜ ਦੀ ਇਕ ਨਵੀਂ ਕੰਪਨੀ ਸ਼ੁਰੂ ਕੀਤੀ ਹੈ, ਜਿਸ ਵਿਚ ਉਸ ਨੂੰ ਨੌਜਵਾਨਾਂ ਦੀ ਜ਼ਰੂਰਤ ਹੈ। ਇਹੀ ਨਹੀਂ ਉਸਨੇ ਕਿਹਾ ਕਿ ਉਸਦੀ ਭੈਣ ਜਸਕਰਨਜੀਤ ਕੌਰ ਕੈਨੇਡਾ ਅੰਬੈਂਸੀ ਵਿਚ ਕੌਂਸਲਰ ਹੈ, ਜਦਕਿ ਉਸਦਾ ਜੀਜਾ ਕੇ. ਐੱਲ. ਐੱਮ. ਰਾਇਲ ਡਿਚ 'ਚ ਮੈਨੇਜਰ ਹੈ। ਉਸ ਨੂੰ ਕੈਨੇਡਾ ਜਾਣ ਲਈ ਵੀਜ਼ਾ ਤੇ ਟਿਕਟ ਵਿਚ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ। ਇਥੋਂ ਤੱਕ ਕਿ ਕੈਨੇਡਾ ਦੇ ਲੱਗੇ ਕੁਝ ਵੀਜ਼ੇ ਵੀ ਦਿਖਾਏ ਗਏ। ਅਮਨਦੀਪ ਸਿੰਘ ਨੂੰ ਝਾਂਸਾ ਦਿੱਤਾ ਕਿ ਉਹ ਉਸ ਨੂੰ ਕੈਨੇਡਾ 'ਚ ਦਸ ਫੀਸਦੀ ਹਿੱਸੇਦਾਰ ਵਜੋਂ ਲੈ ਜਾਵੇਗਾ, ਜਿਸ ਨਾਲ ਵੀਜ਼ੇ ਵਿਚ ਕੋਈ ਰੁਕਾਵਟ ਨਹੀਂ ਆਵੇਗਾ।
ਮੁਲਜ਼ਮ ਨੇ ਉਸ ਨੂੰ ਕਿਹਾ ਕਿ ਇਸ 'ਤੇ 22 ਲੱਖ ਰੁਪਏ ਦਾ ਖਰਚ ਆਵੇਗਾ ਤਾਂ ਉਪਿੰਦਰ ਨੇ ਉਸਨੂੰ ਕਿਸ਼ਤਾਂ 'ਚ ਸਾਢੇ 21 ਲੱਖ ਰੁਪਏ ਦੇ ਦਿੱਤੇ। ਕੁਝ ਸਮੇਂ ਤੱਕ ਮੁਲਜ਼ਮ ਉਸ ਨਾਲ ਗੱਲਬਾਤ ਕਰਦੇ ਰਹੇ ਅਤੇ ਉਸ ਨੂੰ ਦਿਲਾਸਾ ਦਿੰਦੇ ਰਹੇ ਕਿ ਥੋੜ੍ਹਾ ਸਮਾਂ ਲੱਗੇਗਾ ਅਤੇ ਇੰਝ ਕਈ ਮਹੀਨੇ ਲੰਘ ਗਏ ਅਤੇ ਉਨ੍ਹਾਂ ਨੇ ਫੋਨ 'ਤੇ ਗੱਲਬਾਤ ਕਰਨੀ ਬੰਦ ਕਰ ਦਿੱਤੀ। ਖੁਦ ਨੂੰ ਠੱਗਿਆ ਮਹਿਸੂਸ ਕਰਦਿਆਂ ਪੀੜਤ ਨੇ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ। ਉਸਨੇ ਪੁਲਸ ਨੂੰ ਦੱਸਿਆ ਕਿ ਅਮਨਦੀਪ ਸਿੰਘ, ਉਸਦੀ ਪਤਨੀ ਸਰਬਜੀਤ ਕੌਰ ਵਾਸੀ ਸੰਗਰੂਰ ਤੇ ਇਕ ਸਾਥੀ ਸੁਲਤਾਨ ਵਾਸੀ ਲੁਧਿਆਣਾ ਵੀ ਸ਼ਾਮਲ ਹੈ। ਥਾਣਾ ਸਿਵਲ ਲਾਈਨ ਪ੍ਰਮੁੱਖ ਨੇ ਦੱਸਿਆ ਕਿ ਸ਼ਿਕਾਇਤ 'ਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਮੁਲਜ਼ਮਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।

KamalJeet Singh

This news is Content Editor KamalJeet Singh