ਹਮਖਿਆਲੀ ਪਾਰਟੀਆਂ ਨਾਲ ਮਿਲ ਕੇ 2022 ਦੀਆਂ ਚੋਣਾਂ ਲੜਾਂਗੇ : ਪਰਮਿੰਦਰ ਢੀਡਸਾ

06/18/2020 7:12:46 PM

ਬਰੇਟਾ,(ਬਾਂਸਲ) : ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਅਸਲ ਲੀਹਾਂ 'ਤੇ ਲਿਆਉਣ ਲਈ ਰਾਜ ਸਭਾ ਮੈਂਬਰ  ਸੁਖਦੇਵ ਸਿੰਘ ਢੀਂਡਸਾ ਵੱਲੋਂ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਪੰਜਾਬ ਵਿੱਚ ਭਰਵਾ ਹੁੰਗਾਰਾ ਮਿਲ ਰਿਹਾ ਹੈ। ਇਹ ਸ਼ਬਦ ਅੱਜ ਇੱਥੇ ਰਾਜਦੀਪ ਸਿੰਘ ਬਰੇਟਾ ਅਧਿਆਪਕ ਆਗੂ ਦੇ ਘਰ ਪਹੁੰਚੇ ਸਾਬਕਾ ਖਜ਼ਾਨਾ ਮੰਤਰੀ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਹੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪੂਰੇ ਪੰਜਾਬ ਦਾ ਦੌਰਾ ਕੀਤਾ ਜਾ ਰਿਹਾ ਹੈ ਅਤੇ ਕਿਹਾ ਕਿ ਜਲਦ ਹੀ ਪੰਜਾਬ ਵਿੱਚ ਨਵੀਂ ਸਿਆਸੀ ਪਾਰਟੀ ਦਾ ਐਲਾਨ ਕੀਤਾ ਜਾਵੇਗਾ ਜੋ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਹਮਖਿਆਲੀ ਪਾਰਟੀਆਂ ਨਾਲ ਗਠਜੋੜ ਕੀਤਾ ਜਾਵੇਗਾ, ਜਿਸ ਦੀ ਰਣਨੀਤੀ ਤਿਆਰ ਕਰਨ ਲਈ ਪਾਰਟੀ ਦੀ ਕੋਰ ਕਮੇਟੀ ਸਥਾਪਿਤ ਕੀਤੀ ਜਾਵੇਗੀ।  ਢੀਂਡਸਾ ਨੇ ਕਿਹਾ ਕਿ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਪਾਰਟੀ ਦੀ ਮਜ਼ਬੂਤੀ ਅਤੇ ਜ਼ਮਹੂਰੀਅਤ ਨੂੰ ਬਹਾਲ ਕਰਵਾਉੁਣ ਲਈ ਸ਼ਹਿਰ-ਸ਼ਹਿਰ ਅਤੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਲਾਮਬੰਦ ਕਰ ਰਹੇ ਹਾਂ, ਜਿਸ ਲਈ ਸਾਨੂੰ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ ਹੈ।

ਉਨ੍ਹਾ ਕਿਹਾ ਕਿ ਆਉਣ ਵਾਲੇ ਸਮੇਂ 'ਚ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਅਤੇ ਘੁਟਣ ਮਹਿਸੂਸ ਕਰ ਰਹੇ ਇੱਕ ਦਰਜਨ ਦੇ ਕਰੀਬ ਨੇਤਾ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਕਬੂਲਣ ਜਾ ਰਹੇ ਹਨ। ਸਾਬਕਾ ਮੰਤਰੀ ਨੇ ਕਿਹਾ ਕਿ ਅਸੀਂ ਪੰਜਾਬ ਵਿੱਚ ਇਕ ਨਵੀਂ ਪਾਰਟੀ ਬਣਾ ਕੇ ਸਭ ਧਰਮਾਂ, ਵਰਗਾਂ ਅਤੇ ਹਰ ਉਮਰ ਦੇ ਲੋਕਾਂ ਨੂੰ ਨਾਲ ਲੈ ਕੇ ਪੰਜਾਬ ਦੀ ਤਰੱਕੀ ਲਈ ਭ੍ਰਿਸ਼ਟਾਚਾਰੀ ਲੋਕਾਂ ਨੂੰ ਪਾਸੇ ਕਰਨ ਲਈ ਤੁਹਾਡਾ ਸਾਥ ਮੰਗਦੇ ਹਾਂ। ਉਨ੍ਹਾਂ ਦੱਸਿਆ ਕਿ ਮਾਨਸਾ ਜਿਲ੍ਹੇ ਦੇ ਪਿੰਡ ਬੀਰੇਵਾਲਾ ਡੋਗਰਾ ਨਾਲ ਸੰਬੰਧਤ ਭਾਰਤ ਚੀਨ ਦੀ ਝੜੱਪ ਦੌਰਾਨ ਸ਼ਹੀਦ ਹੋਏ ਫੌਜੀ ਜਵਾਨ ਗੁਰਤੇਜ਼ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਗਲਵਾਨ ਘਾਟੀ ਵਿਖੇ ਦੇਸ਼ ਦੀ ਖਾਤਰ ਦੁਸ਼ਮਣ ਨਾਲ ਲੋਹਾ ਲੈਂਦਿਆਂ ਕਈ ਬਹਾਦਰ ਸੈਨਿਕ ਸ਼ਹੀਦ ਹੋ ਗਏ, ਜਿਨ੍ਹਾਂ ਵਿੱਚ 4 ਬਹਾਦਰ ਨੌਜਵਾਨ ਪੰਜਾਬ ਦੇ ਹਨ। ਅੱਜ ਹਲਕੇ ਦੇ ਪਿੰਡ ਬੀਰੇਵਾਲਾ ਡੋਗਰਾ ਨਾਲ ਸੰਬੰਧਤ ਸ਼ਹੀਦ ਗੁਰਤੇਜ਼ ਸਿੰਘ (22) ਸਾਲਾਂ ਖੜਦੀ ਉਮਰੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਗਿਆ। ਮੈਂ ਇਨ੍ਹਾਂ ਨੌਜਵਾਨਾਂ ਦੀ ਬਹਾਦਰੀ ਅੱਗੇ ਸਿਰ ਝੁਕਾਉਦਾ ਹਾਂ। ਉਨ੍ਹਾਂ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਸ਼ਹੀਦਾਂ ਦੇ ਪਰਿਵਾਰ ਨੂੰ ਬੱਲ ਬਖਸ਼ੇ। ਇਸ ਮੌਕੇ ਮਾਸਟਰ ਰਾਜਦੀਪ ਸਿੰਘ ਦੇ ਘਰ ਦਰਸ਼ਨ ਸਿੰਘ ਬਖਸ਼ੀਵਾਲਾ, ਹਰਬੰਸ ਸਿੰਘ, ਮਾਸਟਰ ਚਿਮਨ ਲਾਲ ਆਦਿ ਹਾਜ਼ਰ ਸਨ।

Deepak Kumar

This news is Content Editor Deepak Kumar