2019 ''ਚ ਮੋਦੀ ਨੂੰ ਰਾਜ ਤਿਲਕ ਨਹੀਂ ਬਨਵਾਸ ਹੋਵੇਗਾ : ਭੱਠਲ

09/17/2018 3:31:27 PM

ਲਹਿਰਾਗਾਗਾ (ਗਰਗ, ਜਿੰਦਲ)— ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਲਗਾਤਾਰ ਹੋ ਰਹੇ ਵਾਧੇ ਨੇ ਮੋਦੀ ਸਰਕਾਰ ਦਾ ਲੋਕ ਵਿਰੋਧੀ ਚਿਹਰਾ ਨੰਗਾ ਕਰ ਦਿੱਤਾ ਹੈ। ਲੋਕ ਮੋਦੀ ਨੂੰ ਸੱਤਾ 'ਚ ਲਿਆ ਕੇ ਪਛਤਾ ਰਹੇ ਹਨ, ਜਿਸ ਕਾਰਨ 2019 'ਚ ਮੋਦੀ ਨੂੰ ਰਾਜ ਤਿਲਕ ਨਹੀਂ ਬਲਕਿ ਬਨਵਾਸ ਹੋਵੇਗਾ। ਇਸ ਗੱਲ ਦਾ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਯੋਜਨਾ ਬੋਰਡ ਦੀ ਵਾਈਸ ਚੇਅਰਪਰਸਨ ਬੀਬੀ ਰਾਜਿੰਦਰ ਕੌਰ ਭੱਠਲ ਨੇ ਹਲਕੇ ਦੇ ਵੱਖ-ਵੱਖ ਪਿੰਡਾਂ 'ਚ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਦੇ ਰੂ-ਬਰੂ ਹੁੰਦਿਆਂ ਕੀਤਾ।

ਉਨ੍ਹਾਂ ਅਕਾਲੀ ਦਲ ਦੀ ਫ਼ਰੀਦਕੋਟ ਰੈਲੀ ਤੇ ਸਰਕਾਰ ਵੱਲੋਂ ਪਾਬੰਦੀ ਲਾਏ ਜਾਣ ਬਾਰੇ ਗੱਲ ਕਰਦਿਆਂ ਕਿਹਾ ਕਿ ਅਕਾਲੀ ਦਲ ਪੰਜਾਬ ਦੇ ਮਾਹੌਲ ਨੂੰ ਜਾਣ-ਬੁੱਝ ਕੇ ਖ਼ਰਾਬ ਕਰਨਾ ਚਾਹੁੰਦਾ ਹੈ ਪਰ ਸਰਕਾਰ ਅਜਿਹਾ ਹੋਣ ਨਹੀਂ ਦੇਵੇਗੀ। ਉਹ ਕੋਰਟ ਦੇ ਫੈਸਲੇ ਦਾ ਸਤਿਕਾਰ ਕਰਦੇ ਹਨ ਪਰ ਅਕਾਲੀ ਦਲ ਵਾਲੇ ਜਾਣ-ਬੁੱਝ ਕੇ ਟਕਰਾਅ ਦੀ ਸਥਿਤੀ ਪੈਦਾ ਕਰ ਰਹੇ ਹਨ। ਸਰਕਾਰ ਉਕਤ ਮਾਮਲੇ 'ਤੇ ਨਜ਼ਰ ਰੱਖ ਰਹੀ ਹੈ। ਇਸ ਮੌਕੇ ਸੂਬਾ ਸਕੱਤਰ ਸੋਮਨਾਥ ਸਿੰਗਲਾ, ਸੀਨੀਅਰ ਆਗੂ ਵਰਿੰਦਰ ਗੋਇਲ ਐਡਵੋਕੇਟ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜੀਵਨ ਕੁਮਾਰ ਰੱਬੜ, ਮੀਡੀਆ ਸਲਾਹਕਾਰ ਸਨਮੀਕ ਸਿੰਘ ਹੈਨਰੀ, ਸੁਰੇਸ਼ ਕੁਮਾਰ ਠੇਕੇਦਾਰ, ਗੌਰਵ ਗੋਇਲ ਯੂਥ ਆਗੂ, ਜਗਰਾਜ ਸਿੰਘ ਬਾਗੜੀ ਭੁਟਾਲ, ਨਗਰ ਕੌਂਸਲ ਦੇ ਸੀਨੀਅਰ ਵਾਈਸ ਪ੍ਰਧਾਨ ਨੀਟੂ ਸ਼ਰਮਾ, ਅਮਰਨਾਥ ਕੋਕੀ, ਪ੍ਰਸ਼ੋਤਮ ਲੇਹਲ ਕਲਾਂ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।