ਕੈਨੇਡਾ ਭੇਜਣ ਦੇ ਨਾਂ ''ਤੇ ਕੀਤੀ 20 ਲੱਖ ਦੀ ਠੱਗੀ

02/16/2020 12:17:15 AM

ਸਾਹਨੇਵਾਲ/ਕੁਹਾੜਾ, (ਜਗਰੂਪ)— ਇਕ ਏਜੰਟ ਵੱਲੋਂ ਕੈਨੇਡਾ ਭੇਜਣ ਦੇ ਨਾਂ 'ਤੇ ਇਕ ਲੜਕੀ ਨਾਲ ਕਰੀਬ 20 ਲੱਖ ਰੁਪਏ ਦੀ ਧੋਖਾਧੜੀ ਕੀਤੀ ਗਈ। ਜਿਸ ਵੱਲੋਂ ਦਿੱਤੀ ਗਈ ਦਰਖਾਸਤ ਦੀ ਜਾਂਚ ਦੇ ਬਾਅਦ ਥਾਣਾ ਸਾਹਨੇਵਾਲ ਦੀ ਪੁਲਸ ਨੇ ਸ਼ਿਕਾਇਤਕਰਤਾ ਲੜਕੀ ਦੇ ਬਿਆਨਾਂ 'ਤੇ ਏਜੰਟ ਖਿਲਾਫ ਸਾਜ਼ਿਸ਼ ਤਹਿਤ ਧੋਖਾਧੜੀ ਤੇ ਇਮੀਗ੍ਰੇਸ਼ਨ ਐਕਟ ਦੇ ਤਹਿਤ ਮੁਕੱਦਮਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਪੁਸ਼ਪਿੰਦਰ ਕੌਰ ਪੁੱਤਰੀ ਹਰਜਿੰਦਰ ਸਿੰਘ ਵਾਸੀ ਪਿੰਡ ਮੰਗਲੀ ਨੀਚੀ, ਲੁਧਿਆਣਾ ਨੇ ਦੱਸਿਆ ਕਿ ਉਸਨੇ ਫੇਸਬੁੱਕ ਰਾਹੀਂ ਕੁਲਦੀਪ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਪਿੰਡ ਭੀਖਮਪੁਰ, ਪੀਲੀਭੀਤ, ਯੂ. ਪੀ. ਨੂੰ ਕੈਨੇਡਾ ਜਾਣ ਲਈ ਪਹਿਲਾਂ 15 ਲੱਖ ਤੇ ਫਿਰ 5 ਲੱਖ ਕੁੱਲ 20 ਲੱਖ ਰੁਪਏ ਦਿੱਤੇ ਸਨ। ਜਿਸਨੇ ਉਸਨੂੰ ਵੀਜ਼ੇ ਦੇ ਕਾਗਜ਼ਾਤ ਤੇ ਪਾਸਪੋਰਟ ਦੇ ਦਿੱਤਾ ਪਰ ਜਦੋਂ ਉਸਨੇ ਇੰਡੋਨੇਸ਼ੀਆ ਤੋਂ ਭਾਰਤ ਆ ਕੇ ਆਪਣਾ ਵੀਜ਼ਾ ਚੈੱਕ ਕਰਵਾਇਆ ਤਾਂ ਉਹ ਜਾਅਲੀ ਨਿਕਲਿਆ। ਜਿਸਨੇ ਅਜਿਹਾ ਕਰ ਕੇ ਉਸਦੇ ਨਾਲ ਧੋਖਾਧੜੀ ਕੀਤੀ ਹੈ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਉਕਤ ਕੁਲਦੀਪ ਸਿੰਘ ਨੇ ਨਾ ਤਾਂ ਉਸਨੂੰ ਕੈਨੇਡਾ ਭੇਜਿਆ ਅਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ। ਥਾਣਾ ਸਾਹਨੇਵਾਲ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਹੈ।

KamalJeet Singh

This news is Content Editor KamalJeet Singh