ਆਪਣੇ ਸੂਬਿਆਂ ਨੂੰ ਵਾਪਸ ਜਾਣ ਲਈ 20 ਹਜ਼ਾਰ ਲੋਕਾਂ ਨੇ ਕਰਵਾਈ ਰਜਿਸਟਰੇਸ਼ਨ

05/04/2020 11:39:31 PM

ਪਟਿਆਲਾ, (ਜ. ਬ.)— ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕੇਂਦਰ ਸਰਕਾਰ ਨਾਲ ਕੀਤੇ ਗਏ ਤਾਲਮੇਲ ਤੋਂ ਬਾਅਦ ਦੇਸ਼-ਵਿਆਪੀ 'ਲਾਕਡਾਊਨ' ਤੇ ਕਰਫਿਊ ਕਾਰਣ ਹੋਰਨਾ ਰਾਜਾਂ ਦੇ ਪੰਜਾਬ 'ਚ ਫਸੇ ਅਤੇ ਵਾਪਸੀ ਦੇ ਚਾਹਵਾਨ ਵਿਅਕਤੀਆਂ ਨੂੰ ਪਟਿਆਲਾ ਜ਼ਿਲ੍ਹੇ 'ਚੋਂ ਵਾਪਸ ਭੇਜਣਾ ਸ਼ੁਰੂ ਕਰ ਦਿੱਤਾ ਗਿਆ ਹੈ। ਜਦੋਂਕਿ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਲਿੰਕ http://www.covidhelp.punjab.gov.in/PunjabOutRegistration.aspx 'ਤੇ ਜ਼ਿਲ੍ਹੇ ਅੰਦਰ ਹੁਣ ਤੱਕ 20 ਹਜ਼ਾਰ ਲੋਕਾਂ ਨੇ ਰਜਿਸਟਰੇਸ਼ਨ ਕਰਵਾਈ ਹੈ।

ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਜ਼ਿਲ੍ਹੇ 'ਚੋਂ ਜੰਮੂ ਤੇ ਕਸ਼ਮੀਰ ਦੇ 500 ਅਤੇ ਰਾਜਸਥਾਨ ਦੇ 145 ਬਸ਼ਿੰਦਿਆਂ ਨੂੰ ਬੱਸਾਂ ਰਾਹੀਂ ਵਾਪਸ ਭਿਜਵਾਇਆ ਗਿਆ ਹੈ। ਇਨ੍ਹਾਂ ਦੀ ਸੋਮਵਾਰ ਸਮਾਣਾਂ ਤੇ ਪਾਤੜਾਂ ਤੋਂ ਰਵਾਨਗੀ ਕਰਵਾਈ ਗਈ ਅਤੇ ਇਸ ਤੋਂ ਪਹਿਲਾਂ ਬੱਸਾਂ ਨੂੰ ਸੈਨੇਟਾਈਜ਼ ਕਰਵਾਇਆ ਗਿਆ ਅਤੇ ਇਨ੍ਹਾਂ ਦੀ ਮੈਡੀਕਲ ਸਕਰੀਨਿੰਗ ਕਰ ਕੇ ਸਰਟੀਫਿਕੇਟ ਜਾਰੀ ਕੀਤੇ ਗਏ। ਜਾਣ ਤੋਂ ਪਹਿਲਾਂ ਇਨ੍ਹਾਂ ਨੂੰ ਭੋਜਨ ਦੇ ਪੈਕੇਟ ਅਤੇ ਪਾਣੀ ਵੀ ਦਿੱਤਾ ਗਿਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਾਕੀ ਸਬੰਧਤ ਰਾਜਾਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ ਤਾਂ ਕਿ ਦੂਸਰੇ ਰਾਜਾਂ ਦੇ ਵਸਨੀਕਾਂ ਨੂੰ ਉਨ੍ਹਾਂ ਦੀ ਇੱਛਾ ਮੁਤਾਬਕ ਉਨ੍ਹਾਂ ਦੇ ਰਾਜਾਂ ਵਿਚ ਭੇਜਿਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਅੰਦਰ ਰਹਿ ਰਹੇ ਅਜਿਹੇ ਵਿਅਕਤੀਆਂ ਦੀ ਸਹੂਲਤ ਲਈ ਹੈਲਪਲਾਈਨ ਸ਼ੁਰੂ ਕੀਤੀ ਗਈ ਸੀ, ਜਿਸ ਦੇ ਫੋਨ ਨੰਬਰ ਪਟਿਆਲਾ ਅਤੇ ਦੂਧਨਸਾਧਾਂ ਲਈ 0175-2355800, 0175-5191263, ਸਮਾਣਾ ਅਤੇ ਪਾਤੜਾਂ ਲਈ 0175-2358560, ਨਾਭਾ ਲਈ 0175-2353523 ਅਤੇ ਰਾਜਪੁਰਾ ਲਈ 0175-2311315 ਜਾਰੀ ਕੀਤੇ ਗਏ ਸਨ।


KamalJeet Singh

Content Editor

Related News