ਯੂਕ੍ਰੇਨ ਤੋਂ ਮਲੋਟ ਪਰਤੇ 2 ਵਿਦਿਆਰਥੀ, ਪਰਿਵਾਰਕ ਮੈਂਬਰਾਂ ਦੀ ਖੁਸ਼ੀ ਦਾ ਨਾ ਰਿਹਾ ਟਿਕਾਣਾ

03/05/2022 8:48:03 PM

ਮਲੋਟ (ਸ਼ਾਮ ਜੁਨੇਜਾ) : ਰੂਸ ਵੱਲੋਂ ਹਮਲੇ ਤੋਂ ਬਾਅਦ ਯੂਕ੍ਰੇਨ 'ਚ ਹਜ਼ਾਰਾਂ ਭਾਰਤੀ ਫਸ ਗਏ ਹਨ, ਜਿਨ੍ਹਾਂ 'ਚੋਂ ਵੱਡੀ ਗਿਣਤੀ ਵਿਦਿਆਰਥੀਆਂ ਦੀ ਹੈ। ਇਨ੍ਹਾਂ 'ਚੋਂ ਮਲੋਟ ਨਾਲ ਸਬੰਧਿਤ 2 ਵਿਦਿਆਰਥੀ ਚੀਨੂੰ ਵਧਵਾ ਪੁੱਤਰੀ ਪ੍ਰੀਵਨ ਵਧਵਾ ਤੇ ਪ੍ਰਤੀਕ ਬੁਲਾਨਾ ਪੁੱਤਰ ਸਤੀਸ਼ ਕੁਮਾਰ ਬੁਲਾਨਾ ਅੱਜ ਭਾਰਤ ਪੁੱਜਣ ਪਿੱਛੋਂ ਮਲੋਟ ਆਪਣੇ ਘਰ ਪੁੱਜ ਗਏ। ਬੱਚਿਆਂ ਦੀ ਘਰ ਵਾਪਸੀ 'ਤੇ ਪਰਿਵਾਰਕ ਮੈਂਬਰਾਂ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਇਨ੍ਹਾਂ ਬੱਚਿਆਂ 'ਚੋਂ ਲੜਕੀ ਚੀਨੂੰ ਵਧਵਾ ਮੈਡੀਕਲ ਦੀ ਪੜ੍ਹਾਈ ਕਰਦੀ ਹੈ, ਜਦ ਕਿ ਲੜਕਾ ਪ੍ਰਤੀਕ ਇੰਜੀਨੀਅਰਿੰਗ ਦਾ ਵਿਦਿਆਰਥੀ ਹੈ। ਦੋਵੇਂ ਯੂਕ੍ਰੇਨ ਦੇ ਸ਼ਹਿਰ ਖਾਰਕੀਵ ਦੇ ਵੱਖ-ਵੱਖ ਹਿੱਸੇ ਵਿਚ ਰਹਿੰਦੇ ਸਨ। ਮਲੋਟ ਪੁੱਜਣ 'ਤੇ ਦੋਵਾਂ ਦੇ ਪਰਿਵਾਰਾਂ ਨੇ ਬੱਚਿਆਂ ਦੇ ਸਵਾਗਤ ਦੇ ਨਾਲ-ਨਾਲ ਪ੍ਰਮਾਤਮਾ ਦਾ ਧੰਨਵਾਦ ਵੀ ਕੀਤਾ।

ਇਹ ਵੀ ਪੜ੍ਹੋ : MBBS ਦੀ ਪੜ੍ਹਾਈ ਲਈ ਯੂਕ੍ਰੇਨ ਗਈ ਸਾਵਨੀ ਪੁੱਜੀ ਘਰ, ਕਿਹਾ- ਹਾਲਾਤ ਠੀਕ ਹੋਣ 'ਤੇ ਮੁੜ ਜਾਵੇਗੀ ਵਾਪਸ

PunjabKesari

ਇਸ ਮੌਕੇ ਇਨ੍ਹਾਂ ਪਰਿਵਾਰਾਂ ਦੇ ਰਿਸ਼ਤੇਦਾਰਾਂ ਅਤੇ ਨਜ਼ਦੀਕੀਆਂ ਵੱਲੋਂ ਬੱਚਿਆਂ ਦੇ ਸੁਖੀ-ਸਾਂਦੀ ਘਰ ਪੁੱਜਣ 'ਤੇ ਪਰਿਵਾਰਾਂ ਨੂੰ ਵਧਾਈ ਦੇਣ ਦੇ ਨਾਲ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਜਾ ਰਿਹਾ ਸੀ। ਬੱਚਿਆਂ ਨੇ ਦੱਸਿਆ ਕਿ ਜੰਗ ਦੇ ਸ਼ੁਰੂਆਤੀ ਦਿਨਾਂ ਵਿਚ ਉਹ ਸ਼ੈਲਟਰਾਂ ਵਿਚ ਰਹਿਣ ਲੱਗੇ ਅਤੇ ਸਟੋਰ ਬੰਦ ਹੋਣ ਕਰਕੇ ਖਾਣ-ਪੀਣ ਦਾ ਸਾਮਾਨ ਮਹਿੰਗਾ ਹੋ ਗਿਆ ਸੀ। ਸ਼ੈਲਟਰਾਂ 'ਚ ਭਾਰਤੀ ਅਤੇ ਯੂਕ੍ਰੇਨੀ ਔਰਤਾਂ ਅਤੇ ਬੱਚੇ ਰਹਿ ਰਹੇ ਸਨ ਪਰ ਜਦੋਂ ਉਹ ਖਾਰਕੀਵ ਤੋਂ ਬਾਹਰ ਨਿਕਲ ਗਏ, ਉਸ ਤੋਂ ਬਾਅਦ ਬੰਬਾਰੀ ਅਤੇ ਮਿਜ਼ਾਇਲਾਂ ਦੇ ਹਮਲੇ ਵੱਧ ਗਏ, ਜਿਸ ਪਿੱਛੋਂ ਇਹ ਰਮੇਨੀਆ ਦੇ ਬਾਰਡਰ ਰਾਹੀਂ ਪੋਲੈਂਡ ਪੁੱਜੇ ਅਤੇ ਭਾਰਤ ਸਰਕਾਰ ਵੱਲੋਂ ਕੀਤੇ ਪ੍ਰਬੰਧਾਂ ਸਦਕਾ ਉਹ ਆਪਣੇ ਦੇਸ਼ ਵਾਪਸ ਪੁੱਜੇ ਹਨ, ਜਿਸ ਤੋਂ ਬਾਅਦ ਇਨ੍ਹਾਂ ਦੇ ਪਰਿਵਾਰ ਵਾਲੇ ਘਰ ਲੈ ਕੇ ਆਏ। ਇਨ੍ਹਾਂ ਬੱਚਿਆਂ ਨੇ ਦੱਸਿਆ ਕਿ ਅਜੇ ਵੀ 2 ਹਜ਼ਾਰ ਤੋਂ ਵੱਧ ਵਿਦਿਆਰਥੀ ਉਥੇ ਫਸੇ ਹੋਏ ਹਨ।

ਇਹ ਵੀ ਪੜ੍ਹੋ : ਯੂਕ੍ਰੇਨ ਤੋਂ ਪਰਤਿਆ ਖੇੜੀ ਕਲਾਂ ਦਾ ਵਿਦਿਆਰਥੀ, ਪੰਜਾਬ ਸਰਕਾਰ ’ਤੇ ਦਿਖਾਈ ਨਾਰਾਜ਼ਗੀ


Anuradha

Content Editor

Related News