23,400 ਨਸ਼ੇ ਵਾਲੀਆਂ ਗੋਲੀਆਂ ਸਮੇਤ 2 ਵਿਅਕਤੀ ਕੀਤੇ ਕਾਬੂ

04/09/2021 1:40:45 PM

ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ)-ਜ਼ਿਲ੍ਹਾ ਪੁਲਸ ਮੁਖੀ ਡੀ. ਸੂਡਰਵਿਜੀ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਦੌਰਾਨ ਪੁਲਸ ਨੂੰ ਕਾਮਯਾਬੀ ਮਿਲ ਰਹੀ ਹੈ। ਇਸੇ ਅਧੀਨ ਕੁਲਵੰਤ ਰਾਏ ਐੱਸ. ਪੀ. (ਪੀ. ਬੀ. ਆਈ.) ਤੇ ਹਰਵਿੰਦਰ ਸਿੰਘ ਚੀਮਾ ਡੀ. ਐੱਸ. ਪੀ. (ਐੱਚ) ਦੀ ਅਗਵਾਈ ਹੇਠ ਇੰਸਪੈਕਟਰ ਮੋਹਨ ਲਾਲ ਮੁੱਖ ਅਫਸਰ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਨੇ 23,400 ਨਸ਼ੇ ਵਾਲੀਆਂ ਗੋਲੀਆਂ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਨ ’ਚ ਵੱਡੀ ਸਫਲਤਾ ਹਾਸਿਲ ਕੀਤੀ ਹੈ।

ਜਾਣਕਾਰੀ ਅਨੁਸਾਰ ਥਾਣਾ ਸਿਟੀ ਪੁਲਸ ਪਾਰਟੀ ਗਸ਼ਤ ਤੇ ਨਾਕਾਬੰਦੀ ਦੌਰਾਨ ਅੰਬੇਦਕਰ ਚੌਕ ਨਜ਼ਦੀਕ ਬੱਸ ਅੱਡਾ ਮੌਜੂਦ ਸੀ ਤਾਂ ਸਾਹਮਣੇ ਤੋਂ ਇੱਕ ਸਵਿਫਟ ਡਿਜ਼ਾਇਰ ਕਾਰ ਨੰਬਰ ਪੀ. ਬੀ.-30ਟੀ-7591, ਜੋ ਮਲੋਟ ਵਲੋਂ ਆ ਰਹੀ ਸੀ, ਨੂੰ ਇੱਕ ਨੌਜਵਾਨ ਚਲਾ ਰਿਹਾ ਸੀ। ਸ਼ੱਕ ਦੇ ਆਧਾਰ ’ਤੇ ਰੋਕ ਕੇ ਕਾਰ ’ਚ ਸਵਾਰ ਵਿਅਕਤੀਆ ਦੇ ਨਾਂ ਪੁੱਛੇ ਤਾਂ ਡਰਾਈਵਰ ਸੀਟ ’ਤੇ ਬੈਠੇ ਵਿਅਕਤੀ ਨੇ ਆਪਣਾ ਨਾਂ ਮਨਦੀਪ ਕੁਮਾਰ ਪੁੱਤਰ ਸਤਪਾਲ ਵਾਸੀ ਜੰਡੋਕੇ ਦੱਸਿਆ ਅਤੇ ਕੰਡਕਟਰ ਸੀਟ ’ਤੇ ਬੈਠੇ ਵਿਅਕਤੀ ਨੇ ਆਪਣਾ ਨਾਂ ਪ੍ਰਗਟ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਬੁੱਢੀਮੱਲ ਦੱਸਿਆ। ਮੌਕੇ ’ਤੇ ਹਰਵਿੰਦਰ ਸਿੰਘ ਚੀਮਾ ਡੀ. ਐੱਸ. ਪੀ. (ਸ. ਡ.) ਦੀ ਨਿਗਰਾਨੀ ਹੇਠ ਉਨ੍ਹਾਂ ਦੀ ਕਾਰ ਦੀ ਤਲਾਸ਼ੀ ਲਈ ਤਾਂ ਕੰਡਕਟਰ ਸਾਈਡ ਦੇ ਹੇਠਾਂ ਫਰਸ਼ ਦੇ ਥੱਲੇ ਵਾਲੇ ਪਾਸੇ ਬਣੇ ਹੋਏ ਆਰਜ਼ੀ ਖਾਨੇ ਨੂੰ ਚੈੱਕ ਕੀਤਾ ਤਾਂ ਉਸ ’ਚੋਂ ਇੱਕ ਕਾਲੇ ਰੰਗ ਦਾ ਮੋਮੀ ਲਿਫਾਫਾ ਬਰਾਮਦ ਹੋਇਆ, ਜਿਸ ’ਚੋਂ ਨਸ਼ੇ ਵਾਲੀਆਂ ਗੋਲੀਆਂ 390 ਪੱਤੇ ਹਰੇਕ, 23,400 ਗੋਲੀਆਂ ਬਰਾਮਦ ਹੋਈਆਂ, ਜਿਸ ’ਤੇ ਪੁਲਸ ਵੱਲੋਂ 22ਸੀ /61/85 ਐੱਨ. ਡੀ. ਪੀ. ਐੱਸ. ਐਕਟ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਵਿਖੇ  ਮਾਮਲਾ ਦਰਜ ਕਰ ਲਿਆ ਗਿਆ ।

Anuradha

This news is Content Editor Anuradha