ਬੱਸ ਦੀ ਲਪੇਟ ''ਚ ਆਉਣ ਨਾਲ 2 ਵਿਅਕਤੀਆਂ ਦੀ ਮੌਤ

02/28/2020 8:14:00 PM

ਅਬੋਹਰ, (ਸੁਨੀਲ)— ਸ਼ੁੱਕਰਵਾਰ ਸਵੇਰੇ ਅਬੋਹਰ-ਮਲੋਟ ਰੋਡ 'ਤੇ ਸਥਿਤ ਪਿੰਡ ਬੱਲੂਆਣਾ ਨੇੜੇ ਪੰਜਾਬ ਰੋਡਵੇਜ਼ ਦੇ ਫਿਰੋਜ਼ਪੁਰ ਡਿਪੂ ਦੀ ਬੱਸ ਦੀ ਟੱਕਰ ਨਾਲ ਟੈਂਪੂ ਚਾਲਕ ਸਮੇਤ ਇਕ ਵਿਅਕਤੀ ਦੀ ਮੌਤ ਹੋ ਗਈ। ਦੱਸਿਆ ਜਾਂਦਾ ਹੈ ਕਿ ਮੂਲ ਰੂਪ ਤੋਂ ਮਲੋਟ ਵਾਸੀ ਅਤੇ ਨਾਨਕ ਨਗਰੀ ਅਬੋਹਰ 'ਚ ਵਿਆਹੁਤਾ ਵਿਅਕਤੀ ਆਪਣੇ ਵਿਆਹ ਦੇ ਮਿਲੇ ਗੱਦੇ ਬਦਲਾਉਣ ਲਈ ਟੈਂਪੂ 'ਤੇ ਅਬੋਹਰ ਆ ਰਿਹਾ ਸੀ ਜਦਕਿ ਅਬੋਹਰ ਪਹੁੰਚਣ ਤੋਂ ਪਹਿਲਾਂ ਰਸਤੇ 'ਚ ਹੀ ਸੜਕ ਹਾਦਸੇ 'ਚ ਉਸ ਦੀ ਮੌਤ ਹੋ ਗਈ। ਥਾਣਾ ਸਦਰ ਅਬੋਹਰ ਦੇ ਸਬ-ਇੰਸਪੈਕਟਰ ਬਲਵਿੰਦਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੰਜਾਬ ਰੋਡਵੇਜ਼ ਦੀ ਬੱਸ ਦਾ ਚਾਲਕ ਅਤੇ ਕੰਡਕਟਰ ਆਪਣਾ ਵਾਹਨ ਛੱਡ ਕੇ ਫਰਾਰ ਹੋ ਗਿਆ।
ਜਾਣਕਾਰੀ ਅਨੁਸਾਰ ਮੂਲ ਰੂਪ ਤੋਂ ਮਲੋਟ ਵਾਸੀ ਅਤੇ ਨਾਨਕ ਨਗਰੀ ਅਬੋਹਰ 'ਚ ਪਵਨ ਧੂੜੀਆ ਪੁੱਤਰ ਸ਼ਗਨ ਲਾਲ ਵਿਆਹ ਦੇ ਮਿਲੇ ਗੱਦੇ ਬਦਲਾਉਣ ਲਈ ਟੈਂਪੂ 'ਤੇ ਅਬੋਹਰ ਆ ਰਿਹਾ ਸੀ, ਜਿਸ ਨੂੰ ਪਿੰਡ ਘੁਮਿਆਰਾਂਵਾਲੀ ਮਲੋਟ ਵਾਸੀ 40 ਸਾਲਾ ਗੁਰਪਿਆਰ ਸਿੰਘ ਪੁੱਤਰ ਤੇਜਾ ਸਿੰਘ ਚਲਾ ਰਿਹਾ ਸੀ। ਰਸਤੇ 'ਚ ਪਿੰਡ ਬੱਲੂਆਣਾ ਨੇੜੇ ਪਹੁੰਚਣ 'ਤੇ ਪਿੱਛੇ ਤੋਂ ਆ ਰਹੀ ਪੰਜਾਬ ਰੋਡਵੇਜ਼ ਫਿਰੋਜ਼ਪੁਰ ਡਿਪੂ ਦੀ ਬੱਸ ਨੇ ਉਨ੍ਹਾਂ ਦੇ ਟੈਂਪੂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਨਾਲ ਟੈਂਪੂ ਉਛਲ ਕੇ ਸੜਕ ਕੰਢੇ ਰੁੱਖ ਨਾਲ ਜਾ ਟਕਰਾਇਆ। ਟੈਂਪੂ ਚਾਲਕ ਗੁਰਪਿਆਰ ਸਿੰਘ ਅਤੇ ਉਸ 'ਚ ਸਵਾਰ ਪਵਨ ਧੂੜੀਆ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੜਕ ਹਾਦਸੇ ਦੀ ਸੂਚਨਾ ਮਿਲਦੇ ਹੀ ਸਮਾਜ ਸੇਵੀ ਸੰਸਥਾ ਨਰ ਸੇਵਾ ਨਾਰਾਇਣ ਸੇਵਾ ਦੇ ਮੈਂਬਰਾਂ ਨੇ ਪਹੁੰਚ ਕੇ ਥਾਣਾ ਸਦਰ ਅਬੋਹਰ ਦੀ ਪੁਲਸ ਨੂੰ ਸੂਚਿਤ ਕੀਤਾ। ਸਬ-ਇੰਸਪੈਕਟਰ ਬਲਵਿੰਦਰ ਸਿੰਘ ਨੇ ਬੱਸ ਕਬਜ਼ੇ 'ਚ ਲੈ ਕੇ ਮੁਲਜ਼ਮ ਡਰਾਈਵਰ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।
 

KamalJeet Singh

This news is Content Editor KamalJeet Singh