ਸਡ਼ਕ ਹਾਦਸਿਆਂ ’ਚ ਔਰਤ ਸਣੇ 2 ਦੀ ਮੌਤ

12/26/2020 7:46:55 PM

ਅਬੋਹਰ, (ਰਹੇਜਾ)– ਅਣਪਛਾਤੇ ਵਾਹਨ ਦੀ ਟੱਕਰ ’ਚ ਪਿੰਡ ਆਲਮਗਡ਼੍ਹ ਵਾਸੀ ਵਿਅਕਤੀ ਦੀ ਮੌਤ ਹੋ ਗਈ। ਸਦਰ ਥਾਣਾ ਪੁਲਸ ਨੇ ਲਾਸ਼ ਨੂੰ ਪੋਸਟਮਾਟਰਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ’ਚ ਰੱਖਵਾਇਆ ਹੈ।

ਜਾਣਕਾਰੀ ਮੁਤਾਬਕ ਪੇਸ਼ੇ ਤੋਂ ਟਰੱਕ ਡਰਾਈਵਰ ਕੁਲਦੀਪ ਸਿੰਘ ਪੁੱਤਰ ਸੰਤੋਖ ਸਿੰਘ ਬੀਤੀ ਰਾਤ ਸਾਈਕਲ ’ਤੇ ਆਲਮਗਡ਼੍ਹ ਵੱਲੋਂ ਆ ਰਿਹਾ ਸੀ ਕਿ ਰਸਤੇ ’ਚ ਉਸਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਸਡ਼ਕ ’ਤੇ ਡਿੱਗ ਕੇ ਜ਼ਖਮੀ ਹੋ ਗਿਆ। ਬੇਸੁਧ ਪਿਆ ਦੇਖ ਲੋਕਾਂ ਨੇ ਉਸਨੂੰ ਹਸਪਤਾਲ ਪਹੁੰਚਾਇਆ ਅਤੇ ਪਰਿਵਾਰ ਵਾਲੇ ਉਸਦਾ ਮੁੱਢਲਾ ਇਲਾਜ ਕਰਵਾ ਕੇ ਘਰ ਲੈ ਗਏ ਪਰ ਸ਼ਨੀਵਾਰ ਸਵੇਰੇ ਉਸਦੀ ਮੌਤ ਹੋ ਗਈ। ਇੱਧਰ ਥਾਣਾ ਸਦਰ ਦੇ ਏ. ਐੱਸ. ਆਈ. ਗੁਰਮੇਲ ਨੇ ਉਸਦੇ ਭਤੀਜੇ ਅਮਨਦੀਪ ਦੇ ਬਿਆਨਾਂ ਦੇ ਆਧਾਰ ’ਤੇ 174 ਦੀ ਕਾਰਵਾਈ ਕੀਤੀ ਹੈ।

ਇਸੇ ਤਰ੍ਹਾਂ ਗੋਬਿੰਦਗਡ਼੍ਹ ਲਿੰਕ ਰੋਡ ’ਤੇ ਮੋਟਰਸਾਈਕਲ ਸਵਾਰ ਦਾ ਮੋਟਰਸਾਈਕਲ ਖੱਡੇ ’ਚ ਡਿੱਗਣ ਕਾਰਣ ਔਰਤ ਦੀ ਮੌਤ ਹੋ ਗਈ ਅਤੇ ਉਸਦਾ ਪਤੀ ਵਾਲ-ਵਾਲ ਬੱਚ ਗਿਆ। ਜਾਣਕਾਰੀ ਮੁਤਾਬਕ ਰਾਣੀ ਪਤਨੀ ਮਦਨ ਲਾਲ ਅਾਪਣੇ ਪਤੀ ਦੇ ਨਾਲ ਮੋਟਰਸਾਈਕਲ ’ਤੇ ਗੋਬਿੰਦਗਡ਼੍ਹ ਵੱਲ ਜਾ ਰਹੇ ਸਨ ਕਿ ਲਿੰਕ ਰੋਡ ’ਤੇ ਅਚਾਨਕ ਕੁੱਤਾ ਸਾਹਮਣੇ ਆਉਣ ਕਾਰਣ ਇਸ ਰੋਡ ’ਤੇ ਬਣੇ ਵੱਡੇ-ਵੱਡੇ ਖੱਡਿਆਂ ’ਚ ਜਾ ਟਕਰਾਇਆ, ਜਿਸ ਨਾਲ ਰਾਣੀ ਮੋਟਰਸਾਈਕਲ ਤੋਂ ਹੇਠਾਂ ਡਿੱਗ ਕੇ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਅਤੇ ਮੌਕੇ ’ਤੇ ਹੀ ਉਸਦੀ ਮੌਤ ਹੋ ਗਈ। ਲੋਕਾਂ ਨੇ ਪ੍ਰਸ਼ਾਸਨ ਤੋਂ ਗੋਬਿੰਦਗਡ਼੍ਹ ਲਿੰਕ ਰੋਡ ’ਤੇ ਗਹਿਰੇ ਖੱਡਿਆਂ ਨੂੰ ਭਰਨ ਦੀ ਮੰਗ ਕੀਤੀ ਹੈ।

Bharat Thapa

This news is Content Editor Bharat Thapa