170 ਗ੍ਰਾਮ ਹੈਰੋਇਨ ਤੇ ਡਰੱਗ ਮਨੀ ਸਮੇਤ 2 ਕਾਬੂ

04/21/2021 1:31:33 PM

ਫ਼ਿਰੋਜ਼ਪੁਰ (ਕੁਮਾਰ, ਜਸਪਾਲ)-ਫ਼ਿਰੋਜ਼ਪੁਰ ਦੇ ਕਸਬਾ ਮੱਲਾਂਵਾਲਾ ਦੀ ਪੁਲਸ ਨੇ ਏ. ਐੱਸ. ਆਈ. ਜਸਵਿੰਦਰ ਪਾਲ ਸਿੰਘ ਤੇ ਅਵਨੀਤ ਸਿੰਘ ਦੀ ਅਗਵਾਈ ’ਚ 2 ਵਿਅਕਤੀਆਂ ਨੂੰ 170 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਜਸਵਿੰਦਰ ਪਾਲ ਸਿੰਘ ਤੇ ਅਵਨੀਤ ਸਿੰਘ ਨੇ ਦੱਸਿਆ ਕਿ ਗਸ਼ਤ ਤੇ ਚੈਕਿੰਗ ਦੌਰਾਨ ਉਨ੍ਹਾਂ ਨੂੰ ਇਹ ਗੁਪਤ ਸੂਚਨਾ ਮਿਲੀ ਸੀ ਕਿ ਹਰਪ੍ਰੀਤ ਸਿੰਘ ਹੈਰੀ ਵਾਸੀ ਪਿੰਡ ਭਾਗੋਂ ਕੇ ਅਤੇ ਵਾਰਸ ਵਾਸੀ ਪਿੰਡ ਟਿੰਡਵਾ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ ਤੇ ਇਸ ਸਮੇਂ ਖੋਸਾ ਦਲ ਸਿੰਘ ਵਾਲੀ ਸਾਈਡ ਤੋਂ ਇੰਡੀਕਾ ਕਾਰ ’ਤੇ ਮੱਲਾਂਵਾਲਾ ਵੱਲ ਆ ਰਹੇ ਹਨ।

ਉਨ੍ਹਾਂ ਦੱਸਿਆ ਕਿ ਪੁਲਸ ਪਾਰਟੀ ਵੱਲੋਂ ਪਿੰਡ ਕੋਹਾਲਾ ਦੇ ਸੂਆ ਪੁਲ ’ਤੇ ਨਾਕਾਬੰਦੀ ਕਰ ਦਿੱਤੀ ਗਈ ਤੇ ਜਦੋਂ ਦੋਵਾਂ ਵਿਅਕਤੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 170 ਗ੍ਰਾਮ ਹੈਰੋਇਨ, 40 ਹਜ਼ਾਰ ਰੁਪਏ ਦੀ ਡਰੱਗ ਮਨੀ ਤੇ ਇਕ ਕੰਪਿਊਟਰਾਈਜ਼ਡ ਕੰਡਾ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਫੜੇ ਗਏ ਵਿਅਕਤੀਆਂ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


Manoj

Content Editor

Related News