ਟਾਸਕ ਫੋਰਸ ਟੀਮ ਨੇ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਕਾਰਵਾਈ, 2 ਲੜਕੀਆਂ ਨੂੰ ਬਾਲ ਮਜ਼ਦੂਰੀ ਤੋਂ ਕਰਵਾਇਆ ਆਜ਼ਾਦ

07/27/2022 5:17:40 PM

ਲੁਧਿਆਣਾ(ਖੁਰਾਣਾ) : ਉਪਕਾਰ ਨਗਰ ਸਥਿਤ ਸਿਲਵਰ ਸਪੂਨ ਹੋਟਲ ਨੇੜੇ ਪੈਂਦੀ ਇਕ ਕੋਠੀ ’ਚ ਜ਼ਿਲ੍ਹਾ ਟਾਸਕ ਫੋਰਸ ਟੀਮ ਨੇ ਮਨੁੱਖੀ ਸਮੱਗਲਿੰਗ ਵਿਰੋਧੀ ਪੁਲਸ ਦਸਤੇ ਨਾਲ ਸ਼ਿਕਾਇਤ ਦੇ ਆਧਾਰ ’ਤੇ ਚੈਕਿੰਗ ਮੁਹਿੰਮ ਚਲਾਉਂਦੇ ਹੋਏ 2 ਲੜਕੀਆਂ ਨੂੰ ਕਥਿਤ ਬਾਲ ਮਜ਼ਦੂਰੀ ਕਰਵਾਉਣ ਦੇ ਦੋਸ਼ਾਂ ’ਚ ਆਜ਼ਾਦ ਕਰਵਾਇਆ ਹੈ। ਮੌਕੇ ’ਤੇ ਮੌਜੂਦ ਸ਼ਿਕਾਇਤਕਰਤਾ ਕੌਂਸਲਰ ਸੁਸ਼ੀਲ ਰਾਜੂ ਥਾਪਰ ਨੇ ਦੋਸ਼ ਲਾਏ ਹਨ ਕਿ ਉਕਤ ਪਰਿਵਾਰ ਵੱਲੋਂ ਲੜਕੀਆਂ ਤੋਂ ਪਿਛਲੇ ਲੰਮੇ ਸਮੇਂ ਤੋਂ ਕਥਿਤ ਬਾਲ ਮਜ਼ਦੂਰੀ ਕਰਵਾਈ ਜਾ ਰਹੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਸ ਦੇ ਉਨ੍ਹਾਂ ਕੋਲ ਪੁਖਤਾ ਸਬੂਤ ਹਨ, ਜਿਸ ਦੇ ਸਬੰਧ ਵਿਚ ਉਨ੍ਹਾਂ ਨੇ ਡੀ. ਸੀ. ਨੂੰ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਹਰਕਤ ’ਚ ਆਏ ਅਧਿਕਾਰੀਆਂ ਨੇ ਉਕਤ ਕਾਰਵਾਈ ਨੂੰ ਅੰਜਾਮ ਦਿੱਤਾ ਹੈ।

ਇਹ ਵੀ ਪੜ੍ਹੋ- ਜਗਰਾਓਂ ਦੇ SSP ਦਫ਼ਤਰ 'ਚ ਚੱਲੀ AK-47, ਥਾਣੇਦਾਰ ਦੀ ਮੌਤ (ਵੀਡੀਓ)

ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਜਦੋਂ ਜ਼ਿਲ੍ਹਾ ਟਾਸਕ ਫੋਰਸ ਦੀ ਟੀਮ ਵੱਲੋਂ ਕਾਰਵਾਈ ਕੀਤੀ ਗਈ ਤਾਂ ਇਸ ਦੌਰਾਨ ਪਰਿਵਾਰ ਨੇ ਦੋਵੇਂ ਲੜਕੀਆਂ ਨੂੰ ਕਿਤੇ ਲੁਕੋ ਦਿੱਤਾ ਸੀ ਅਤੇ ਜੇਕਰ ਸਮੇਂ ਸਿਰ ਵਿਭਾਗ ਵੱਲੋਂ ਲੜਕੀਆਂ ਨੂੰ ਬਰਾਮਦ ਨਾ ਕੀਤਾ ਜਾਂਦਾ ਤਾਂ ਲੜਕੀਆਂ ਦੀ ਸਿਹਤ ਕਥਿਤ ਤੌਰ ’ਤੇ ਵਿਗੜ ਸਕਦੀ ਸੀ। ਦੂਜੇ ਪਾਸੇ ਤਮੰਨਾ ਮੈਨੀ ਨੇ ਕੌਂਸਲਰ ਰਾਜੂ ਥਾਪਰ ਵੱਲੋਂ ਲਗਾਏ ਗਏ ਸਾਰੇ ਦੋਸ਼ਾਂ ਨੂੰ ਸਿਰਿਓਂ ਖਾਰਜ ਕਰਦਿਆਂ ਕਿਹਾ ਕਿ ਲੜਕੀਆਂ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਹਨ ਅਤੇ ਉਹ ਉਨ੍ਹਾਂ ਦੀ ਬੇਟੀ ਨੂੰ ਮਹਿੰਦੀ ਲਗਾਉਣ ਆਈਅਾਂ ਸਨ, ਨਾ ਕਿ ਉਹ ਲੜਕੀਆਂ ਤੋਂ ਕਿਸੇ ਤਰ੍ਹਾਂ ਦੀ ਬਾਲ ਮਜ਼ਦੂਰੀ ਕਰਵਾ ਰਹੇ ਹਨ।

ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਕਤਲਕਾਂਡ : ਮਾਨਸਾ ਪੁਲਸ ਨੂੰ ਫਿਰ ਮਿਲਿਆ 3 ਸ਼ਾਰਪ ਸ਼ੂਟਰਾਂ ਦਾ ਰਿਮਾਂਡ

ਉਨ੍ਹਾਂ ਕਿਹਾ ਕਿ ਕੌਂਸਲਰ ਰਾਜੂ ਥਾਪਰ ਨਾਲ ਉਨ੍ਹਾਂ ਦਾ ਵਿਵਾਦ ਚੱਲ ਰਿਹਾ ਹੈ ਅਤੇ ਰੰਜ਼ਿਸ਼ ਕਾਰਨ ਪਰਿਵਾਰ ਨੂੰ ਜਾਣ ਬੁੱਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਹਾਲ ਦੀ ਘੜੀ ਮਾਮਲੇ ਨੂੰ ਲੈ ਕੇ ਵਿਭਾਗੀ ਅਧਿਕਾਰੀ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹਨ ਕਿਉਂਕਿ ਦੋਵੇਂ ਧਿਰਾਂ ਵੱਲੋਂ ਇਕ-ਦੂਜੇ ਦੇ ਖਿਲਾਫ ਲਗਾਏ ਜਾ ਰਹੇ ਦੋਸ਼ਾਂ ਨੂੰ ਲੈ ਕੇ ਮਾਮਲਾ ਸ਼ੱਕੀ ਦਿਖਾਈ ਦੇ ਰਿਹਾ ਹੈ। ਜਦੋਂਕਿ ਜ਼ਿਲਾ ਟਾਸਕ ਫੋਰਸ ਟੀਮ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਆਜ਼ਾਦ ਕਰਵਾਈਆਂ ਗਈਆਂ ਦੋਵੇਂ ਲੜਕੀਆਂ ਨੂੰ ਅਗਲੀ ਵਿਭਾਗੀ ਕਾਰਵਾਈ ਸਬੰਧੀ ਚਾਈਲਡ ਵੈੱਲਫੇਅਰ ਕਮੇਟੀ ਦੇ ਅਧਿਕਾਰੀਆਂ ਨੂੰ ਸੌਂਪਿਆ ਗਿਆ, ਜਿੱਥੇ ਅਧਿਕਾਰੀਆਂ ਨੇ ਕਾਗਜ਼ੀ ਕਾਰਵਾਈ ਕਰਨ ਤੋਂ ਬਾਅਦ ਲੜਕੀਆਂ ਨੂੰ ਹਾਲ ਦੀ ਘੜੀ ਉਨ੍ਹਾਂ ਦੀ ਮਾਤਾ ਦੇ ਹਵਾਲੇ ਕਰ ਦਿੱਤਾ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।

Anuradha

This news is Content Editor Anuradha