ਟਰੱਕ ਚਾਲਕਾਂ ਨੂੰ ਰਾਤ ਸਮੇਂ ਲੁੱਟਣ ਦੇ ਮਾਮਲੇ ’ਚ ਸਹਾਇਕ ਥਾਣੇਦਾਰ ਸਮੇਤ 2 ਕਾਬੂ

08/13/2020 3:09:14 AM

ਮੋਗਾ, (ਆਜ਼ਾਦ)- ਮੋਗਾ ਪੁਲਸ ਦੀ ਵਰਦੀ ਇਕ ਵਾਰ ਉਸ ਸਮੇਂ ਫਿਰ ਦਾਗਦਾਰ ਹੋਈ ਗਈ, ਜਦੋਂ ਅੱਧੀ ਰਾਤ ਟਰੱਕਾਂ ’ਤੇ ਮਾਲ ਲੈ ਕੇ ਜਾਣ ਵਾਲੇ ਟਰੱਕ ਚਾਲਕਾਂ ਨੂੰ ਘੇਰ ਕੇ ਨਕਦੀ ਲੁੱਟਣ ਦੇ ਮਾਮਲੇ ’ਚ ਮੋਗਾ ਪੁਲਸ ਨੇ ਇਕ ਸਹਾਇਕ ਥਾਣੇਦਾਰ ਸਮੇਤ ਉਸਦੇ ਇਕ ਸਾਥੀ ਨੂੰ ਕਾਬੂ ਕਰ ਲਿਆ ਹੈ। ਗੁਰਜੀਤ ਸਿੰਘ ਨਿਵਾਸੀ ਪਿੰਡ ਅਜਨਾਲੀ (ਮੰਡੀ ਗੋਬਿੰਦਗੜ੍ਹ) ਨੇ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਕਿਹਾ ਕਿ ਉਹ ਉਪਲ ਟਰਾਂਸਪੋਰਟ ਮੰਡੀ ਗੋਬਿੰਦਗੜ੍ਹ ਵਿਚ ਪਿਛਲੇ ਇਕ ਸਾਲ ਤੋਂ ਬਤੌਰ ਡਰਾਈਵਰ ਨੌਕਰੀ ਕਰਦਾ ਆ ਰਿਹਾ ਹੈ।

ਬੀਤੀ 10 ਅਗਸਤ ਨੂੰ ਜਦੋਂ ਉਹ ਟਰੱਕ ਡਰਾਈਵਰ ਜਗਰਾਮ ਨਿਵਾਸੀ ਸੁਲਤਾਨਾ ਖੁਰਦ (ਯੂ. ਪੀ.) ਹਾਲ ਅਬਾਦ ਅਜਨਾਲੀ ਸਮੇਤ ਆਪਣੇ-ਆਪਣੇ ਟਰੱਕਾਂ ’ਤੇ ਮੰਡੀ ਗੋਬਿੰਦਗੜ੍ਹ ਤੋਂ ਹਰੀਕੇ ਸਾਈਡ ਵੱਲ ਨੂੰ ਜਾ ਰਹੇ ਸੀ ਤਾਂ ਉਹ ਰਾਤ 2 ਵਜੇ ਕਰੀਬ ਪਿੰਡ ਚੀਮਾਂ ਕੋਲ ਪੁੱਜੇ ਤਾਂ ਰਸਤੇ ਵਿਚ ਦੋ ਵਿਅਕਤੀਆਂ ਨੇ ਉਨ੍ਹਾਂ ਨੂੰ ਇਸ਼ਾਰਾ ਕਰ ਕੇ ਰੋਕਿਆ, ਜਿਨ੍ਹਾਂ ਵਿਚੋਂ ਇਕ ਵਿਅਕਤੀ ਦੇ ਏ. ਐੱਸ. ਆਈ. ਦੀ ਵਰਦੀ ਪਹਿਨੀ ਹੋਈ ਸੀ ਤੇ ਦੂਜਾ ਸਿਵਲ ਕੱਪੜਿਆ ਵਿਚ ਸੀ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਕਿ ਮੈਂ ਸੇਲ ਟੈਕਸ ਵਿਭਾਗ ਵਿਚ ਇੰਸਪੈਕਟਰ ਲੱਗਾ ਹਾਂ, ਮੈਂਨੂੰ ਟਰੱਕ ਦੇ ਕਾਗਜ਼ਾਤ ਦਿਖਾਓ। ਜਦੋਂ ਮੈਂ ਉਸ ਨੂੰ ਪਹਿਚਾਣ ਪੱਤਰ ਦਿਖਾਉਣ ਲਈ ਕਿਹਾ ਤਾਂ ਉਹ ਮੇਰੇ ਨਾਲ ਬਹਿਸਬਾਜ਼ੀ ਕਰਨ ਲੱਗ ਪਿਆ ਅਤੇ ਟਰੱਕ ਅੰਦਰ ਆ ਗਿਆ। ਉਸ ਨੇ ਡੈਸ਼ਬੋਰਡ ’ਤੇ ਪਏ 800 ਰੁਪਏ ਜਬਰਦਸਤੀ ਚੁੱਕ ਲਏ।

ਇਸੇ ਤਰ੍ਹਾਂ ਦੂਜੇ ਟਰੱਕ ਡਰਾਈਵਰ ਜਗਰਾਮ ਨਾਲ ਵੀ ਬਹਿਸਬਾਜ਼ੀ ਕਰ ਕੇ ਉਸਦੇ ਡੈਸ਼ਬੋਰਡ ’ਤੇ ਪਏ 800 ਰੁਪਏ ਜਬਰੀ ਚੁੱਕ ਲਏ, ਜਦਕਿ ਵਰਦੀ ਵਾਲਾ ਸਹਾਇਕ ਥਾਣੇਦਾਰ ਪਿੱਛੇ ਇਕ ਜਗ੍ਹਾ ’ਤੇ ਹੀ ਖੜਾ ਰਿਹਾ। ਅਸੀਂ ਦੋਨਾਂ ਅਣਪਛਾਤੇ ਵਿਅਕਤੀਆਂ ਦੀ ਪਛਾਣ ਕਰਨ ਦਾ ਯਤਨ ਕਰਦੇ ਰਹੇ। ਹੁਣ ਸਾਨੂੰ ਪਤਾ ਲੱਗਾ ਕਿ ਵਰਦੀਧਾਰੀ ਸਹਾਇਕ ਥਾਣੇਦਾਰ ਮੇਜਰ ਸਿੰਘ ਜੋ ਪੁਲਸ ਚੌਂਕੀ ਬਲਖੰਡੀ ਵਿਚ ਤਾਇਨਾਤ ਹੈ, ਉਸਦਾ ਸਾਥੀ ਸੁਖਮੰਦਰ ਸਿੰਘ ਨਿਵਾਸੀ ਪਿੰਡ ਗਲੋਟੀ ਸਨ। ਇਸ ਸਬੰਧ ਵਿਚ ਡੀ. ਐੱਸ. ਪੀ. ਧਰਮਕੋਟ ਸੁਬੇਗ ਸਿੰਘ ਨੇ ਦੱਸਿਆ ਕਿ ਦੋਵਾਂ ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ ਹੈ,ਜਿਨ੍ਹਾਂ ਨੂੰ ਪੁੱਛ-ਗਿੱਛ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।


Bharat Thapa

Content Editor

Related News