16 ਐੱਸ. ਐੱਚ. ਓਜ਼ ਰਾਤ 2 ਵਜੇ ਤਕ ਸਡ਼ਕਾਂ ’ਤੇ, ਫਿਰ ਵੀ 12:30 ਵਜੇ ਗੰਨ ਪੁਆਇੰਟ ’ਤੇ ਲੁੱਟ

09/11/2018 7:24:24 AM

ਚੰਡੀਗਡ਼੍ਹ, (ਸੁਸ਼ੀਲ)- ਐਤਵਾਰ ਸਵੇਰੇ ਐੱਸ. ਐੱਸ. ਪੀ.  ਨਿਲਾਂਬਰੀ ਵਿਜੇ ਜਗਦਲੇ ਨੇ 16 ਐੱਸ. ਐੱਚ. ਓਜ਼ ਨੂੰ ਦੇਰ ਰਾਤ ਤਕ ਪੈਟਰੋਲਿੰਗ ਦੇ ਨਿਰਦੇਸ਼ ਦਿੱਤੇ ਤੇ ਰਾਤ 12:30 ਵਜੇ ਹੀ ਸੈਕਟਰ-33/34 ਦੀ ਡਿਵਾਈਡਿੰਗ ਸਡ਼ਕ ’ਤੇ ਇਨੋਵਾ ਅਤੇ ਸਵਿਫਟ ਸਵਾਰ ਅੱਧਾ ਦਰਜਨ ਲੁਟੇਰੇ ਸ਼ਰਾਬ ਦੇ ਠੇਕੇਦਾਰ ਦੀ ਮਾਰ-ਕੁਟਾਈ ਕਰਕੇ ਉਸ ਤੋਂ ਗੰਨ ਪੁਆਇੰਟ ’ਤੇ ਸਾਢੇ ਤਿੰਨ ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ।  
ਮੋਹਾਲੀ ਦੇ ਸੈਕਟਰ-79 ਨਿਵਾਸੀ ਕੁਲਬੀਰ ਸਿੰਘ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਲੁਟੇਰਿਆਂ ਬਾਰੇ ਐਂਟਰੀ ਪੁਆਇੰਟ ’ਤੇ ਅਲਰਟ ਕੀਤਾ  ਪਰ ਲੁਟੇਰੇ ਹੱਥ ਨਹੀਂ ਆਏ। ਸੈਕਟਰ-34 ਥਾਣਾ ਪੁਲਸ ਨੇ ਮਾਮਲੇ ਵਿਚ ਡੀ. ਡੀ. ਆਰ. ਦਰਜ ਕੀਤੀ ਤੇ ਸ਼ਰਾਬ ਦੇ ਠੇਕੇਦਾਰ ਤੋਂ ਪੁੱਛਗਿੱਛ ਸ਼ੁਰੂ ਕੀਤੀ। ਪੁਲਸ ਅਨੁਸਾਰ ਮੁੱਢਲੀ ਜਾਂਚ ’ਚ ਲੁੱਟ ਦਾ ਮਾਮਲਾ ਸ਼ੱਕੀ ਲਗ ਰਿਹਾ ਹੈ। ਪੁਲਸ ਜਾਂਚ ’ਚ ਜੁਟੀ ਹੋਈ ਹੈ।
ਅਜੇ ਦਰਜ ਨਹੀਂ ਕੀਤਾ ਮਾਮਲਾ
ਕੁਲਬੀਰ ਨੇ ਪੁਲਸ ਨੂੰ ਦੱਸਿਆ ਕਿ ਦੋਵੇਂ ਹੀ ਗੱਡੀਆਂ ਉਸਦੇ ਪਿੱਛੇ ਸੈਕਟਰ-21 ਤੋਂ ਆ ਰਹੀਅਾਂ ਸਨ। ਲੁੱਟ ਤੋਂ ਪਹਿਲਾਂ ਕਾਰ ਸਵਾਰ ਲੁਟੇਰੇ ਨੇ ਉਸ ਦੀ ਰੇਕੀ ਕੀਤੀ ਹੈ। ਉਥੇ ਹੀ ਸੈਕਟਰ-34 ਥਾਣਾ ਪੁਲਸ ਨੇ ਸੋਮਵਾਰ ਨੂੰ ਕੁਲਬੀਰ ਤੇ ਉਸਦੇ ਰਿਸ਼ਤੇਦਾਰ ਨੂੰ ਥਾਣੇ ਬੁਲਾ ਕੇ ਲੁੱਟ ਬਾਰੇ ਸਵਾਲ-ਜਵਾਬ ਕੀਤੇ। ਪੁਲਸ ਮਾਮਲੇ ਨੂੰ ਸ਼ੱਕੀ ਮੰਨ ਰਹੀ ਹੈ। ਇਸ ਲਈ ਪੁਲਸ ਨੇ ਅਜੇ ਤਕ ਮਾਮਲਾ ਦਰਜ ਨਹੀਂ ਕੀਤਾ।
ਰਾਤ 2 ਵਜੇ ਤਕ ਸ਼ਰਾਬੀਅਾਂ ਨੂੰ ਫਡ਼ਨ ’ਚ ਜੁਟੀ ਰਹੀ ਪੁਲਸ
ਲੁੱਟ ਅਤੇ ਸਨੈਚਿੰਗ ਦੀਆਂ ਵਾਰਦਾਤਾਂ ਰੋਕਣ ਲਈ ਐੱਸ. ਐੱਸ. ਪੀ. ਨੇ ਐਤਵਾਰ ਨੂੰ ਸਾਰੇ ਥਾਣਾ ਇੰਚਾਰਜਾਂ ਨਾਲ ਬੈਠਕ ਕੀਤੀ। ਬੈਠਕ ਵਿਚ ਉਨ੍ਹਾਂ ਆਪਣੇ-ਆਪਣੇ ਇਲਾਕੇ ਵਿਚ ਦੇਰ ਰਾਤ ਪੈਟਰੋਲਿੰਗ ਕਰਨ ਦੇ ਹੁਕਮ ਦਿੱਤੇ ਸਨ। ਇਸ ਤੋਂ ਇਲਾਵਾ ਉਨ੍ਹਾਂ ਐਤਵਾਰ ਰਾਤ ਦੋ ਵਜੇ ਤਕ ਸਾਰੇ ਥਾਣਾ ਇੰਚਾਰਜਾਂ ਨੂੰ ਆਪਣੇ-ਆਪਣੇ ਇਲਾਕਿਆਂ ਵਿਚ ਪੈਟਰੋਲਿੰਗ ਕਰਨ ਅਤੇ ਸ਼ਰਾਬੀਆਂ ਨੂੰ ਫਡ਼ਨ ਦੇ ਆਦੇਸ਼ ਦਿੱਤੇ ਸਨ। ਐੱਸ. ਐੱਸ. ਪੀ.  ਦੇ ਹੁਕਮਾਂ ਤੋਂ ਬਾਅਦ ਪੁਲਸ ਨੇ ਸ਼ਰਾਬ ਪੀ ਕੇ ਹੁਡ਼ਦੰਗ ਮਚਾਉਣ ਵਾਲੇ 106 ਸ਼ਰਾਬੀਆਂ ਨੂੰ ਵੱਖ-ਵੱਖ ਥਾਵਾਂ ਤੋਂ ਕਾਬੂ ਕੀਤਾ। 13 ਵਾਹਨਾਂ ਨੂੰ ਜ਼ਬਤ ਵੀ ਕੀਤਾ।
ਲੁੱਟ ਤੋਂ ਪਹਿਲਾਂ ਹੋਈ ਸੀ ਸਨੈਚਿੰਗ
ਸ਼ਰਾਬ ਦੇ ਠੇਕੇਦਾਰ ਨਾਲ ਲੁੱਟ ਦੀ ਵਾਰਦਾਤ ਤੋਂ ਪਹਿਲਾਂ ਐਕਟਿਵਾ ਸਵਾਰ ਤਿੰਨ ਨੌਜਵਾਨ ਕਜਹੇਡ਼ੀ ਦੇ ਸਰਕਾਰੀ ਸਕੂਲ ਕੋਲ ਬਾਈਕ ਸਵਾਰ ਤੋਂ ਮੋਬਾਇਲ ਫੋਨ ਖੋਹ ਕੇ ਲੈ ਗਏ ਸਨ। ਕਜਹੇਡ਼ੀ ਨਿਵਾਸੀ ਕਿਰਪਾਲ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਮੋਹਾਲੀ ਤੋਂ ਬਾਈਕ ’ਤੇ ਘਰ ਜਾ ਰਿਹਾ ਸੀ, ਜਦੋਂ ਉਹ ਸਕੂਲ ਕੋਲ ਪਹੁੰਚਿਆ ਤਾਂ ਐਕਟਿਵਾ ਸਵਾਰ ਤਿੰਨ ਨੌਜਵਾਨਾਂ ਨੇ ਉਸ ਨੂੰ ਰੋਕ ਲਿਆ। ਐਕਟਿਵਾ ਸਵਾਰ ਦੋ ਨੌਜਵਾਨ ਉਤਰੇ ਤੇ ਉਸਦੇ ਹੱਥੋਂ ਮੋਬਾਇਲ ਫੋਨ ਖੋਹ ਕੇ ਫਰਾਰ ਹੋ ਗਏ। ਕਿਰਪਾਲ ਦੇ ਬਿਆਨਾਂ ’ਤੇ ਸੈਕਟਰ-36 ਥਾਣਾ ਪੁਲਸ ਨੇ ਮਾਮਲਾ ਦਰਜ ਕੀਤਾ।
ਮੋਹਾਲੀ ਦੇ ਸੈਕਟਰ-79 ਨਿਵਾਸੀ ਕੁਲਬੀਰ ਸਿੰਘ ਨੇ ਦੱਸਿਆ ਕਿ ਉਸਦੇ ਸੈਕਟਰ-27 ਅਤੇ 21 ਵਿਚ ਸ਼ਰਾਬ ਦੇ ਠੇਕੇ ਹਨ। ਐਤਵਾਰ ਰਾਤ ਨੂੰ ਉਹ ਆਪਣੇ ਦੋਸਤ ਨਾਲ ਸਵਿਫਟ ਗੱਡੀ ਵਿਚ ਦੋਨਾਂ ਸ਼ਰਾਬ ਦੇ ਠੇਕਿਆਂ ਤੋਂ ਸਾਢੇ ਤਿੰਨ ਲੱਖ ਰੁਪਏ ਕੈਸ਼ ਲੈ ਕੇ ਘਰ ਜਾ ਰਿਹਾ ਸੀ। ਜਦੋਂ ਉਹ ਸੈਕਟਰ-33/34 ਦੀ ਡਿਵਾਈਡਿੰਗ ਸਡ਼ਕ ’ਤੇ ਪਹੁੰਚਿਆ ਤਾਂ ਉਸਦੀ ਗੱਡੀ ਦੇ ਅੱਗੇ ਇਨੋਵਾ ਗੱਡੀ ਆ ਕੇ ਰੁਕੀ। ਉਹ ਗੱਡੀ ਪਿੱਛੇ ਕਰਨ ਲੱਗਾ ਤਾਂ ਪਿੱਛੇ ਸਵਿਫਟ ਗੱਡੀ ਖਡ਼੍ਹੀ ਹੋ ਗਈ।
ਹਾਕੀਅਾਂ ਅਤੇ ਡੰਡਿਆਂ ਨਾਲ ਕੀਤੀ ਕੁੱਟ-ਮਾਰ
ਦੋਨਾਂ ਗੱਡੀਆਂ ’ਚੋਂ ਕਰੀਬ ਅੱਧਾ ਦਰਜਨ ਨੌਜਵਾਨ ਹਾਕੀ ਤੇ ਡੰਡੇ ਲੈ ਕੇ ਉਤਰੇ ਅਤੇ ਉਸ ਨੂੰ ਗੱਡੀ ਤੋਂ ਬਾਹਰ ਕੱਢ ਕੇ ਕੁੱਟਣ ਲੱਗੇ। ਇਕ ਲੁਟੇਰੇ ਨੇ ਪਿਸਟਲ ਕੱਢ ਕੇ ਤਾਣ ਦਿੱਤੀ। ਇਕ ਲੁਟੇਰੇ ਨੇ ਗੱਡੀ ਵਿਚੋਂ ਸਾਢੇ ਤਿੰਨ ਲੱਖ ਰੁਪਏ ਨਾਲ ਭਰਿਆ ਬੈਗ ਕੱਢਿਆ ਅਤੇ ਸਾਰੇ ਦੋਵੇਂ ਗੱਡੀਆਂ ਵਿਚ ਬੈਠ ਕੇ ਫਰਾਰ ਹੋ ਗਏ। ਕੁਲਬੀਰ ਨੇ ਲੁਟੇਰਿਆਂ ਦੀ ਇਨੋਵਾ ਗੱਡੀ ਦਾ ਨੰਬਰ 9955 ਤੇ ਸਵਿਫਟ ਗੱਡੀ ਦਾ ਨੰਬਰ ਪੀ. ਬੀ. 10 -6513 ਨੋਟ ਕਰਕੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ।
ਥਾਣਾ ਪੁਲਸ ਲੁੱਟ ਦੇ ਮਾਮਲੇ ਵਿਚ ਡੀ. ਡੀ. ਆਰ. ਦਰਜ ਕਰ ਕੇ ਸ਼ਰਾਬ ਦੇ ਠੇਕੇਦਾਰ ਤੋਂ ਪੁੱਛਗਿੱਛ ਕਰ ਰਹੀ ਹੈ। ਮਾਮਲਾ ਸ਼ੱਕੀ ਲਗ ਰਿਹਾ ਹੈ।     -ਪਵਨ ਕੁਮਾਰ, ਡੀ. ਐੱਸ. ਪੀ.,
ਪੀ. ਆਰ. ਓ., ਪੁਲਸ ਵਿਭਾਗ


Related News