ਮਾਸੂਮ ਨਾਲ ਜਬਰ-ਜ਼ਨਾਹ  ਦੇ ਮਾਮਲੇ ’ਚ 15 ਸਾਲ ਦੀ ਕੈਦ

09/18/2018 7:12:48 AM

ਚੰਡੀਗਡ਼੍ਹ, (ਸੰਦੀਪ)- ਢਾਈ ਸਾਲਾ ਮਾਸੂਮ ਨਾਲ ਜਬਰ-ਜ਼ਨਾਹ ਦੇ ਦੋਸ਼ੀ ਉਮਾ ਨਾਥ ਨੂੰ  ਜ਼ਿਲਾ ਅਦਾਲਤ ਨੇ 15 ਸਾਲ ਦੀ ਸਜ਼ਾ ਸੁਣਾਈ ਹੈ। ਸਜ਼ਾ ਦੇ ਨਾਲ ਅਦਾਲਤ ਨੇ ਦੋਸ਼ੀ ’ਤੇ 1 ਲੱਖ 5 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਅਦਾਲਤ ਨੇ ਉਮਾ ਨਾਥ ਨੂੰ ਪੋਕਸੋ ਦੀ ਧਾਰਾ-6 ਤਹਿਤ ਦੋਸ਼ੀ ਪਾਉਂਦੇ ਹੋਏ  ਸਜ਼ਾ ਸੁਣਾਈ ਹੈ।
ਅਦਾਲਤ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਦੋਸ਼ੀ ਤਰਸ ਦਾ ਹੱਕਦਾਰ ਨਹੀਂ ਹੈ। ਉਸਨੇ ਆਪਣੀ ਬੱਚੀ ਦੀ ਉਮਰ ਦੀ ਮਾਸੂਮ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਇਸ ਉਮਰ ਵਿਚ ਬੱਚੀ ਨੂੰ ਸਮਾਜ ਵਿਚ ਦੇਵੀ ਦਾ ਦਰਜਾ ਦਿੱਤਾ ਜਾਂਦਾ ਹੈ। ਅਜਿਹੇ ’ਚ ਉਸਦਾ ਜੁਰਮ ਕਿਸੇ ਵੀ ਤਰ੍ਹਾਂ ਦਾ ਤਰਸ ਦਾ ਹੱਕਦਾਰ ਨਹੀਂ ਹੈ। 22 ਫਰਵਰੀ 2018 ਨੂੰ ਪੁਲਸ ਨੇ ਦੋਸ਼ੀ ਉਮਾ ਨਾਥ ਖਿਲਾਫ  ਮਾਮਲਾ ਦਰਜ ਕੀਤਾ ਸੀ। ਪੁਲਸ ਵੱਲੋਂ ਦਰਜ ਕੀਤੇ ਗਏ ਕੇਸ ਅਨੁਸਾਰ ਦੋਸ਼ੀ ਨੇ ਘਰ ਦੇ ਬਾਹਰ ਖੇਡ ਰਹੀ ਬੱਚੀ ਨੂੰ ਟਾਫੀ ਦਾ ਲਾਲਚ ਦੇ ਕੇ  ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਜਦੋਂ ਇਸ ਬਾਰੇ ਬੱਚੀ ਦੇ ਮਾਪਿਆਂ ਨੂੰ ਪਤਾ ਲੱਗਾ ਤਾਂ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਬੱਚੀ ਦਾ ਮੈਡੀਕਲ ਕਰਵਾਏ ਜਾਣ ਤੋਂ ਬਾਅਦ ਮੈਡੀਕਲ ਰਿਪੋਰਟ ਦੇ ਆਧਾਰ ’ਤੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕੀਤਾ ਸੀ।