ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਠੱਗੇ 14 ਲੱਖ ਰੁਪਏ

06/17/2019 9:38:36 PM

ਮੋਗਾ, (ਆਜ਼ਾਦ)- ਕੈਨੇਡਾ ਰਹਿੰਦੇ ਇਮੀਗ੍ਰੇਸ਼ਨ ਦਾ ਕੰਮ ਕਰਦੇ ਇਕ ਵਿਅਕਤੀ ਵੱਲੋਂ ਆਪਣੇ ਸਾਥੀਆਂ ਦੀ ਮਦਦ ਨਾਲ ਚੜਿੱਕ ਰੋਡ ਮੋਗਾ ਨਿਵਾਸੀ ਇਕ ਲੜਕੇ ਨੂੰ ਵਰਕ ਪਰਮਿਟ ਦੇ ਆਧਾਰ 'ਤੇ ਕੈਨੇਡਾ ਲੈ ਜਾਣ ਦਾ ਝਾਂਸਾ ਦੇ ਕੇ 14 ਲੱਖ ਰੁਪਏ ਦੀ ਠੱਗੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਂਚ ਦੇ ਬਾਅਦ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਆਰੰਭ ਕਰ ਦਿੱਤੀ ਹੈ।

ਕੀ ਹੈ ਸਾਰਾ ਮਾਮਲਾ
ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਗੁਰਮੀਤ ਸਿੰਘ ਨਿਵਾਸੀ ਕੋਠੇ ਪੱਤੀ ਮੁਹਬੱਤ ਚੜਿੱਕ ਰੋਡ ਮੋਗਾ ਨੇ ਕਿਹਾ ਕਿ ਉਸਦੇ ਭਤੀਜੇ ਮਨਦੀਪ ਸਿੰਘ ਨੇ ਆਈ. ਟੀ. ਆਈ. ਦਾ ਕੋਰਸ ਕੀਤਾ ਸੀ। ਦੋਸ਼ੀ ਸੁਰੇਸ਼ ਕੁਮਾਰ ਚਾਵਲਾ ਪੁੱਤਰ ਸੁਰਿੰਦਰ ਨਾਥ ਨਿਵਾਸੀ ਮੁਹੱਲਾ ਖੇਰਿਆ ਨੇੜੇ ਰਾਮ ਦਿਆਲ ਦੀ ਚੱਕੀ ਪੁਰਾਣਾ ਮੋਗਾ ਜੋ ਕੈਨੇਡਾ ਰਹਿੰਦਾ ਹੈ ਮੇਰਾ ਬਹੁਤ ਪੁਰਾਣਾ ਮਿੱਤਰ ਹੈ। ਉਸਨੇ ਮੈਨੂੰ ਕਿਹਾ ਕਿ ਉਹ ਇਮੀਗ੍ਰੇਸ਼ਨ ਦਾ ਕੰਮ ਕੈਨੇਡਾ ਵਿਖੇ ਕਰਦਾ ਹੈ ਜੇਕਰ ਤੁਸੀ ਕਿਸੇ ਨੂੰ ਵਰਕ ਪਰਮਿਟ ਦੇ ਆਧਾਰ 'ਤੇ ਕੈਨੇਡਾ ਭੇਜਣਾ ਹੈ ਤਾਂ ਮੈਂ ਉਸਨੂੰ ਪੱਕਾ ਵੀ ਕਰਵਾ ਦੇਵਾਂਗਾ, ਜਿਸ 'ਤੇ ਮੈਂ ਉਸਨੂੰ ਆਪਣੇ ਭਤੀਜੇ ਮਨਦੀਪ ਸਿੰਘ ਪੁੱਤਰ ਮਲਕੀਤ ਸਿੰਘ ਬਾਰੇ ਦੱਸਿਆ ਤਾਂ ਉਸਨੇ ਕਿਹਾ ਕਿ ਕਰੀਬ 20-22 ਲੱਖ ਰੁਪਏ ਖਰਚਾ ਆਵੇਗਾ। ਤੁਹਾਡੇ ਕੋਲ ਮੈਂ ਦੋ ਵਿਅਕਤੀਆਂ ਨੂੰ ਭੇਜਾਂਗਾ ਤੁਸੀ ਉਸਨੂੰ ਪੈਸੇ ਅਤੇ ਆਪਣੇ ਭਤੀਜੇ ਦਾ ਪਾਸਪੋਰਟ ਦੇ ਇਲਾਵਾ ਸਾਰੇ ਦਸਤਾਵੇਜ਼ ਦੇ ਦੇਣਾ, ਜਿਸ 'ਤੇ ਉਸਦੇ ਸਾਥੀ ਗੋਲਡੀ ਵਾਲੀਆ ਨਿਵਾਸੀ ਖਲਵਾੜਾ ਗੇਟ ਫਗਵਾੜਾ ਅਤੇ ਹਰਸ਼ ਨਿਵਾਸੀ ਫਗਵਾੜਾ ਗੱਡੀ 'ਤੇ ਮੇਰੇ ਘਰ ਆਏ ਜਿਨ੍ਹਾਂ ਨੂੰ ਮੈਂ ਆਪਣੇ ਦੋਸਤ ਸੁਰੇਸ਼ ਕੁਮਾਰ ਚਾਵਲਾ ਦੇ ਕਹਿਣ ਅਨੁਸਾਰ 14 ਲੱਖ ਰੁਪਏ ਨਕਦ ਦੇ ਇਲਾਵਾ ਆਪਣੇ ਭਤੀਜੇ ਦਾ ਪਾਸਪੋਰਟ ਅਤੇ ਸਾਰੇ ਦਸਤਾਵੇਜ਼ ਦੇ ਦਿੱਤੇ। ਉਨ੍ਹਾਂ ਮੈਨੂੰ ਭਰੋਸਾ ਦਿੱਤਾ ਕਿ ਉਹ ਜਲਦ ਹੀ ਮਨਦੀਪ ਸਿੰਘ ਨੂੰ ਪੱਕੇ ਤੌਰ 'ਤੇ ਕੈਨੇਡਾ ਭੇਜ ਦੇਣਗੇ, ਲੇਕਿਨ ਬਾਅਦ 'ਚ ਜਦੋਂ 5-6 ਮਹੀਨੇ ਲੰਘ ਗਏ ਤਾਂ ਉਨ੍ਹਾਂ ਕੋਈ ਗੱਲ ਨਾ ਸੁਣੀ । ਮੈਂ ਉਨ੍ਹਾਂ ਨਾਲ ਗੱਲ ਕੀਤੀ ਤਾਂ ਉਹ ਟਾਲਮਟੋਲ ਕਰਨ ਲੱਗੇ ਅਤੇ ਮੋਬਾਈਲ ਫੋਨ ਵੀ ਬੰਦ ਕਰ ਲਏ, ਜਿਸ 'ਤੇ ਮੈਂ ਪੁਲਸ ਕੋਲ ਸ਼ਿਕਾਇਤ ਕੀਤੀ। ਇਸ ਤਰ੍ਹਾਂ ਦੋਸ਼ੀਆਂ ਨੇ ਮਿਲੀਭੁਗਤ ਕਰ ਕੇ ਮੇਰੇ ਨਾਲ 14 ਲੱਖ ਰੁਪਏ ਦੀ ਠੱਗੀ ਮਾਰੀ। ਉਨ੍ਹਾਂ ਨਾ ਹੀ ਮੇਰੇ ਭਤੀਜੇ ਨੂੰ ਕੈਨੇਡਾ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ।

ਕੀ ਹੋਈ ਪੁਲਸ ਕਾਰਵਾਈ
ਜ਼ਿਲਾ ਪੁਲਸ ਮੁਖੀ ਮੋਗਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆ ਇਸਦੀ ਜਾਂਚ ਐੱਸ. ਪੀ. ਆਈ. ਮੋਗਾ ਨੂੰ ਕਰਨ ਦਾ ਆਦੇਸ਼ ਦਿੱਤਾ। ਜਾਂਚ ਸਮੇਂ ਜਾਂਚ ਅਧਿਕਾਰੀ ਨੇ ਦੋਨਾਂ ਧਿਰਾਂ ਨੂੰ ਆਪਣੇ ਬਿਆਨ ਦਰਜ ਕਰਵਾਉਣ ਲਈ ਕਿਹਾ। ਜਾਂਚ ਦੇ ਬਾਅਦ ਸ਼ਿਕਾਇਤਕਰਤਾ ਦੇ ਦੋਸ਼ ਸਹੀ ਪਾਏ ਜਾਣ 'ਤੇ ਦੋਸ਼ੀਆਂ ਸੁਰੇਸ਼ ਕੁਮਾਰ ਚਾਵਲਾ ਨਿਵਾਸੀ ਕੈਨੇਡਾ ਦੇ ਇਲਾਵਾ ਗੋਲਡੀ ਵਾਲੀਆ ਅਤੇ ਹਰਸ਼ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਥਾਣੇਦਾਰ ਰਘੁਵਿੰਦਰ ਪ੍ਰਸਾਦ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਬਾਕੀ ਹੈ, ਜਿਨ੍ਹਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


KamalJeet Singh

Content Editor

Related News