115 ਸਾਲਾਂ ਬਜ਼ੁਰਗ ਦੀ ਮੌਤ, 1947 ’ਚ ਆਇਆ ਸੀ ਪਾਕਿਸਤਾਨ ਤੋਂ

07/13/2019 2:11:25 AM

ਅਮਲੋਹ (ਗਰਗ)- ਨਜ਼ਦੀਕੀ ਪਿੰਡ ਛੋਟਾ ਭਗਵਾਨਪੁਰਾ ਦੇ ਬਾਜ਼ੀਗਰ ਬਿਰਾਦਰੀ ਨਾਲ ਸਬੰਧਤ ਇਕ ਬਜ਼ੁਰਗ ਪਿਆਰਾ ਰਾਮ ਪੁੱਤਰ ਸ਼ੰਕਰ ਦਾਸ ਦੀ ਅੱਜ ਸੰਖੇਪ ਜਿਹੀ ਬੀਮਾਰੀ ਤੋਂ ਬਾਅਦ ਮੋਤ ਹੋ ਗਈ। ਪਰਿਵਾਰਕ ਮੈਬਰਾਂ ਅਨੁਸਾਰ ਪਿਆਰਾ ਰਾਮ ਦੀ ਉੁਮਰ ਉਸ ਦੇ ਦੱਸਣ ਮੁਤਾਬਿਕ 115 ਸਾਲ ਸੀ। ਬੇਸ਼ੱਕ ਪਿਆਰਾ ਰਾਮ ਦੀ ਉਮਰ ਦਾ ਕੋਈ ਪੱਕਾ ਸਬੂਤ ਪਰਿਵਾਰਕ ਮੈਬਰਾਂ ਕੋਲ ਨਹੀਂ ਹੈ ਪਰ ਉਨ੍ਹਾਂ ਦੇ ਦੱਸਣ ਮੁਤਾਬਿਕ ਪਿਆਰਾ ਰਾਮ ਕਹਿੰਦਾ ਹੁੰਦਾ ਸੀ ਕਿ ਉਹ ਦੇਸ਼ ਦੀ ਵੰਡ ਸਮੇਂ ਪੂਰਾ ਗੱਭਰੂ ਸੀ। ਪਿੰਡ ਭਗਵਾਨ ਪੁਰਾ ਦੇ ਸਾਬਕਾ ਸਰਪੰਚ ਨੰਬਰਦਾਰ ਮੇਵਾ ਸਿੰਘ ਨੇ ਦੱਸਿਆ ਕਿ ਪਿਆਰਾ ਰਾਮ ਉਸ ਦੇ ਦਾਦੇ ਤਾਰੂ ਰਾਮ ਦਾ ਭਰਾ ਸੀ।

ਪਿਆਰਾ ਰਾਮ ਆਪਣੇ ਆਖਰੀ ਸਮੇਂ ਤੱਕ ਬਿਲਕੁਲ ਤੰਦਰੁਸਤ ਰਿਹਾ ਦੋ ਮਹੀਨੇ ਪਹਿਲਾਂ ਅਚਾਨਕ ਘਰ ’ਚ ਤਿਲਕ ਕੇ ਡਿੱਗ ਗਿਆ, ਜਿਸ ਤੋ ਬਾਅਦ ਉਹ ਮੰਜੇ ਤੋਂ ਨਹੀਂ ਉੱਠਿਆ। ਪਿਆਰਾ ਰਾਮ ਦੇ ਦੰਦ ਤੇ ਨਜ਼ਰ ਆਖਰੀ ਵਕਤ ਤਕ ਬਿਲਕੁਲ ਸਹੀ ਸੀ। ਉਸ ਨੇ ਦੱਸਿਆ ਕਿ ਪਿਆਰਾ ਰਾਮ ਦੱਸਦਾ ਹੁੰਦਾ ਸੀ ਕਿ ਉਹ ਦੇਸ਼ ਦੀ ਵੰਡ ਸਮੇ ਟੱਪਰੀਵਾਸਾਂ ਵਾਂਗ ਕਦੇ ਕਿਤੇ ਕਦੇ ਕਿਤੇ ਭਟਕਦੇ ਰਹੇ ਅੰਤ 1948 ਵਿਚ ਪਿੰਡ ਭਗਵਾਨਪੁਰੇ ਆ ਗਏ। ਪਿਆਰਾ ਰਾਮ ਦੇ ਜੀਜਾ ਰਾਂਝਾ ਸ਼ਾਹ ਵਾਸੀ ਦਸੂਹਾ ਨੇ ਦੱਸਿਆ ਕਿ ਉਸ ਦਾ ਵਿਆਹ ਪਿਆਰਾ ਰਾਮ ਦੀ ਭੈਣ ਸਾਹਨੀ ਨਾਲ ਹੋਇਆ। ਉਸ ਨਾਂਅ ਰਾਂਝਾ ਹੋਣ ਕਰ ਕੇ ਸਾਹਨੀ ਨੂੰ ਸਾਰੇ ਹੀਰ ਹੀ ਕਹਿੰਦੇ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿਆਰਾ ਰਾਮ ਦਾ ਪਿੰਡ ਪਾਕਿਸਤਾਨ ’ਚ ਕੁੰਜਨਵਾਲ ਸੀ। ਉਹ ਤਿੰਨ ਭਰਾ ਸਨ, ਜਿਨ੍ਹਾਂ ’ਚੋ ਦੋ ਦੀ ਪਾਕੀਸਤਾਨ ਵਿਚ ਹੀ ਮੌਤ ਹੋ ਗਈ ਸੀ। ਪਿਆਰਾ ਰਾਮ ਦੇ ਤਿੰਨ ਬੱਚੇ ਇਕ ਮੁੰਡਾ ਦੋ ਕੁੜੀਆਂ ਦੀ ਵੀ ਪਾਕਿਸਤਾਨ ’ਚ ਮੌਤ ਹੋ ਗਈ ਸੀ। ਪਿਆਰਾ ਰਾਮ ਦੇ ਦੋ ਲੜਕੇ ਤੇ ਇਕ ਲੜਕੀ ਜੋ ਕਿ ਸ਼ਾਦੀ ਸ਼ੁਦਾ ਹਨ ਤੇ ਦੋਹਤੇ ਪੋਤਿਆਂ ਵਾਲੇ ਹਨ। ਉਨ੍ਹਾਂ ’ਚੋ ਇਕ ਲੜਕੇ ਸਾਧੂ ਰਾਮ ਦੀ ਮੌਤ ਸਾਲ 2015 ’ਚ ਹੋ ਗਈ ਸੀ। ਪਿਆਰਾ ਰਾਮ ਦੇ ਦੋਹਤੇ ਕਰਮਜੀਤ ਸਿੰਘ ਵਾਸੀ ਸੰਗਰੂਰ ਨੇ ਦੱਸਿਆ ਕਿ ਉਹ ਕੁਝ ਦਿਨ ਪਹਿਲਾਂ ਹੀ ਆਪਣੇ ਨਾਨੇ ਨੂੰ ਮਿਲ ਕੇ ਗਿਆ ਸੀ। ਉਸ ਦਾ ਨਾਨਾ ਬਹੁਤ ਧਾਰਮਕ ਬਿਰਤੀ ਵਾਲਾ ਮਿਹਨਤਕਸ਼ ਇਨਸਾਨ ਸੀ।

 

KamalJeet Singh

This news is Content Editor KamalJeet Singh