ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਦੇ 10 ਹੋਰ ਨਵੇਂ ਕੇਸਾਂ ਦੀ ਪੁਸ਼ਟੀ, ਐਕਟਿਵ ਕੇਸ ਹੋਏ 36

07/30/2020 7:27:13 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਰਿਣੀ) - ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ 'ਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਸਿਹਤ ਵਿਭਾਗ ਵੱਲੋਂ ਲਗਾਤਾਰ ਕੀਤੀ ਜਾ ਰਹੀ ਸੈਂਪਲਿੰਗ ਤਹਿਤ ਅੱਜ ਜ਼ਿਲ੍ਹੇ ਅੰਦਰ ਕੋਰੋਨਾ ਦੇ 10 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਪੁਸ਼ਟੀ ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ ਵੱਲੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਜ਼ਿਲ੍ਹੇ ਅੰਦਰ 10 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ, ਜਿਸ ਵਿਚ 7 ਕੇਸ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਨਾਲ ਸਬੰਧਿਤ ਹਨ, ਜਦੋਂਕਿ 2 ਕੇਸ ਪਿੰਡ ਮੌੜ ਅਤੇ 1 ਕੇਸ ਪਿੰਡ ਬੁੱਟਰ ਸ਼ਰੀਂਹ ਨਾਲ ਸਬੰਧਿਤ ਹੈ, ਜਿੰਨ੍ਹਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ
ਬਾਅਦ ਉਕਤ ਸਾਰੇ ਪੀੜਤਾਂ ਨੂੰ ਕੋਵਿਡ-19 ਹਸਪਤਾਲ ਵਿਖੇ ਆਈਸੂਲੇਟ ਕਰ ਦਿੱਤਾ ਗਿਆ ਹੈ।

ਸਿਵਲ ਸਰਜਨ ਨੇ ਦੱਸਿਆ ਕਿ ਅੱਜ ਪਾਜ਼ੇਟਿਵ ਆਏ ਮਰੀਜ਼ਾਂ ਤੋਂ ਬਾਅਦ ਜ਼ਿਲ੍ਹੇ ਅੰਦਰ ਕੋਰੋਨਾ ਮਾਮਲਿਆਂ ਦੀ ਗਿਣਤੀ 231 ਹੋ ਗਈ ਹੈ, ਜਿੰਨ੍ਹਾਂ ਵਿੱਚੋਂ 194 ਮਰੀਜ਼ਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ, ਜਦੋਂਕਿ ਇਸ ਸਮੇਂ 36 ਕੇਸ ਐਕਟਿਵ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਜਾਂਚ ਲਈ ਭੇਜੇ ਗਏ ਸੈਂਪਲਾਂ ਵਿੱਚੋਂ ਅੱਜ 320 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 572 ਸੈਂਪਲ ਬਕਾਇਆ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 217 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ।  ਉਥੇ ਹੀ ਕੋਵਿਡ-19 ਸੈਂਟਰ ਵਿਖੇ ਦਾਖ਼ਲ ਕੋਰੋਨਾ ਦੇ ਮਰੀਜ਼ਾਂ ਵਿੱਚੋਂ ਅੱਜ 10 ਮਰੀਜ਼ਾਂ ਨੂੰ ਮਿਸ਼ਨ ਫਤਹਿ ਤਹਿਤ ਠੀਕ ਕਰਕੇ ਘਰ ਭੇਜ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪਿੰਡ ਥੇਹੜੀ ਵਿਖੇ ਕੋਵਿਡ-19 ਸੈਂਟਰ ਤੋਂ ਬਾਅਦ ਸਰਕਾਰੀ ਹਸਪਤਾਲ ਵਿਖੇ ਕੋਵਿਡ ਲੈਵਲ-2 ਦੀ ਸ਼ੁਰੂਆਤ ਕੀਤੀ ਗਈ ਹੈ, ਜਿੱਥੇ ਕੋਰੋਨਾ ਪੀੜਤਾਂ ਦਾ ਸਰਕਾਰ ਦੀਆਂ ਗਾਈਡਲਾਈਨਾਂ ਤਹਿਤ ਇਲਾਜ ਹੋਵੇਗਾ।

Harinder Kaur

This news is Content Editor Harinder Kaur