ਨਸ਼ੇ ਵਾਲੇ ਪਾਊਡਰ ਦੀ ਸਮੱਗਲਿੰਗ ਦੇ ਮਾਮਲੇ ’ਚ 1 ਨੂੰ ਸਜ਼ਾ, 1 ਬਰੀ
Wednesday, Dec 19, 2018 - 03:40 AM (IST)

ਮੋਗਾ, (ਸੰਦੀਪ)- ਜ਼ਿਲਾ ਤੇ ਵਧੀਕ ਸੈਸ਼ਨ ਜੱਜ ਜਗਦੀਪ ਸੂਦ ਦੀ ਅਦਾਲਤ ਨੇ ਨਸ਼ੇ ਵਾਲੇ ਪਾਊਡਰ ਦੀ ਸਮੱਗਲਿੰਗ ਦੇ ਮਾਮਲੇ ’ਚ ਦੋ ਸਾਲ ਪਹਿਲਾਂ ਥਾਣਾ ਸਿਟੀ ਸਾਊਥ ਪੁਲਸ ਵੱਲੋਂ ਨਾਮਜ਼ਦ ਕੀਤੇ ਗਏ ਦੋ ਵਿਅਕਤੀਆਂ ’ਚੋਂ ਇਕ ਨੂੰ ਸਬੂਤਾਂ ਤੇ ਗਵਾਹਾਂ ਦੇ ਅਾਧਾਰ ’ਤੇ ਦੋਸ਼ੀ ਕਰਾਰ ਦਿੰਦੇ ਹੋਏ 11 ਸਾਲ ਦੀ ਕੈਦ ਅਤੇ 1 ਲੱਖ ਰੁਪਏ ਜੁਰਮਾਨਾ ਭਰਨ ਦਾ ਹੁਕਮ ਸੁਣਾਇਆ ਹੈ। ਅਦਾਲਤ ਵੱਲੋਂ ਜੁਰਮਾਨਾ ਨਾ ਭਰਨ ਦੀ ਸੂਰਤ ਵਿਚ ਉਸ ਨੂੰ ਇਕ ਸਾਲ ਦੀ ਵਾਧੂ ਕੈਦ ਵੀ ਕੱਟਣ ਦਾ ਹੁਕਮ ਦਿੱਤਾ ਗਿਆ। ਮਾਣਯੋਗ ਅਦਾਲਤ ਵੱਲੋਂ ਇਸ ਮਾਮਲੇ ਵਿਚ ਸ਼ਾਮਲ ਦੂਸਰੇ ਵਿਅਕਤੀ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਥਾਣਾ ਸਿਟੀ ਸਾਊਥ ਮੋਗਾ ਪੁਲਸ ਵੱਲੋਂ 3 ਅਗਸਤ, 2016 ਨੂੰ ਗਸ਼ਤ ਦੌਰਾਨ ਸਥਾਨਕ ਪਰਵਾਨਾ ਨਗਰ ਇਲਾਕੇ ’ਚੋਂ ਸੁਰਿੰਦਰ ਸਿੰਘ ਉਰਫ ਸੋਨੀ ਵਾਸੀ ਹਰੀਜਨ ਕਾਲੋਨੀ ਮੋਗਾ ਨੂੰ ਸ਼ੱਕ ਦੇ ਅਾਧਾਰ ’ਤੇ ਰੋਕ ਕੇ ਉਸ ਪਾਸੋਂ 500 ਗ੍ਰਾਮ ਨਸ਼ੇ ਵਾਲਾ ਪਾਊਡਰ ਬਰਾਮਦ ਕੀਤਾ ਗਿਆ ਸੀ, ਜਿਸ ਖਿਲਾਫ ਪੁਲਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਸੀ। ਪੁਲਸ ਜਾਂਚ ਦੌਰਾਨ ਸੁਰਿੰਦਰ ਸਿੰਘ ਵੱਲੋਂ ਇਹ ਨਸ਼ੇ ਵਾਲਾ ਪਾਊਡਰ ਹਰਦੇਵ ਸਿੰਘ ਵਾਸੀ ਪਰਵਾਨਾ ਨਗਰ ਮੋਗਾ ਪਾਸੋਂ ਲੈਣ ਦੀ ਜਾਣਕਾਰੀ ਦਿੱਤੀ ਗਈ ਸੀ, ਜਿਸ ’ਤੇ ਪੁਲਸ ਵੱਲੋਂ ਇਸ ਮਾਮਲੇ ਵਿਚ ਹਰਦੇਵ ਸਿੰਘ ਨੂੰ ਵੀ ਸ਼ਾਮਲ ਕੀਤਾ ਗਿਆ ਸੀ। ਇਸ ਮਾਮਲੇ ਵਿਚ ਮਾਣਯੋਗ ਅਦਾਲਤ ਵੱਲੋਂ ਸੁਰਿੰਦਰ ਸਿੰਘ ਨੂੰ ਸਜ਼ਾ ਤੇ ਜੁਰਮਾਨਾ ਕੀਤਾ ਗਿਆ ਹੈ, ਜਦਕਿ ਦੂਸਰੇ ਵਿਅਕਤੀ ਹਰਦੇਵ ਸਿੰਘ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ।