ਆਸਟਰੇਲੀਆ ਭੇਜਣ ਦਾ ਝਾਂਸਾ ਦੇ ਕੇ 1,83,500 ਠੱਗੇ

08/10/2019 12:50:22 AM

ਮੋਗਾ, (ਆਜ਼ਾਦ)- ਜ਼ਿਲੇ ਦੇ ਪਿੰਡ ਮਲੰਗਸ਼ਾਹ ਵਾਲਾ ਵਾਸੀ ਰੇਸ਼ਮ ਸਿੰਘ ਦੀ ਬੇਟੀ ਨੂੰ ਓ.ਈ.ਟੀ. ਦਾ ਕੋਰਸ ਕਰਵਾ ਕੇ ਆਸਟਰੇਲੀਆ ਭੇਜਣ ਦਾ ਝਾਂਸਾ ਦੇ ਕੇ ਟਰੈਵਲ ਏਜੰਟ ਪਤੀ-ਪਤਨੀ ਵੱਲੋਂ 1 , 83,500 ਰੁਪਏ ਦੀ ਠੱਗੀ ਮਾਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਂਚ ਦੇ ਬਾਅਦ ਮਾਮਲਾ ਦਰਜ ਕਰ ਕੇ ਕਥਿਤ ਦੋਸ਼ੀ ਪਤੀ-ਪਤਨੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਕੀ ਹੈ ਸਾਰਾ ਮਾਮਲਾ

ਜ਼ਿਲਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ’ਚ ਰੇਸ਼ਮ ਸਿੰਘ ਪੁੱਤਰ ਜਾਗੀਰ ਸਿੰਘ ਨੇ ਕਿਹਾ ਕਿ ਮੇਰੀ ਬੇਟੀ ਨੇ ਨਰਸਿੰਗ ਦਾ ਕੋਰਸ ਕੀਤਾ ਹੋਇਆ ਹੈ ਅਤੇ ਉਹ ਜਲੰਧਰ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਕੰਮ ਕਰਦੀ ਹੈ। 26 ਫਰਵਰੀ, 2018 ਨੂੰ ਮੋਗਾ ਵਾਸੀ ਹਰਿੰਦਰ ਸਿੰਘ ਉਰਫ ਹੈਰੀ ਨੇ ਜਲੰਧਰ ਸਥਿਤ ਉਕਤ ਹਸਪਤਾਲ ਵਿਚ ਸੈਮੀਨਾਰ ਕਰਵਾਇਆ ਸੀ, ਜਿਸ ’ਚ ਮੇਰੀ ਬੇਟੀ ਨੇ ਵੀ ਹਿੱਸਾ ਲਿਆ। ਉਕਤ ਟਰੈਵਲ ਏਜੰਟ ਹਰਿੰਦਰ ਸਿੰਘ ਹੈਰੀ ਨੇ ਕਿਹਾ ਕਿ ਉਹ ਵਿਦੇਸ਼ ਭੇਜਣ ਦਾ ਕੰਮ ਕਰਦਾ ਹੈ। ਨਰਸਿੰਗ ਪਾਸ ਮੁੰਡੇ-ਕੁਡ਼ੀਆਂ ਨੂੰ ਓ.ਈ.ਟੀ. ਦਾ ਕੋਰਸ ਕਰਵਾ ਕੇ ਆਸਟਰੇਲੀਆ ਭੇਜਦਾ ਹੈ, ਜੇਕਰ ਕਿਸੇ ਨੇ ਆਸਟਰੇਲੀਆ ਜਾਣਾ ਹੈ ਤਾਂ ਉਹ ਸਾਡੇ ਨਾਲ ਮੋਗਾ ਸਥਿਤ ਦਫਤਰ ’ਚ ਆ ਕੇ ਗੱਲ ਕਰ ਸਕਦਾ ਹੈ। ਆਸਟਰੇਲੀਆ ਭੇਜਣ ’ਤੇ 9 ਲੱਖ ਰੁਪਏ ਖਰਚ ਆਵੇਗਾ ਅਤੇ ਅਸੀਂ ਆਪਣੇ ਵੱਲੋਂ ਓ.ਈ.ਟੀ ਦਾ ਕੋਰਸ ਤਿੰਨ ਮਹੀਨਿਆਂ ਦੇ ਅੰਦਰ ਕਰਵਾ ਦੇਵਾਂਗੇ, ਜਿਸ ’ਤੇ ਮੇਰੀ ਬੇਟੀ ਨੇ ਮੇਰੇ ਨਾਲ ਗੱਲ ਕੀਤੀ ਤਾਂ ਮੈਂ ਆਪਣੇ ਕੁਝ ਸਾਥੀਆਂ ਸਣੇ ਉਨ੍ਹਾਂ ਦੇ ਦਫਤਰ ਮੋਗਾ ਗਿਆ, ਜਿੱਥੇ ਟਰੈਵਲ ਏਜੰਟ ਦੀ ਪਤਨੀ ਹਰਪ੍ਰੀਤ ਕੌਰ ਵੀ ਮੌਜੂਦ ਸੀ, ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਸਾਨੂੰ ਆਪਣੇ ਝਾਂਸੇ ’ਚ ਲੈ ਲਿਆ ਅਤੇ ਅਸੀਂ ਪਾਸਪੋਰਟ ਅਤੇ ਹੋਰ ਜ਼ਰੂਰੀ ਦਸਤਾਵੇਜ਼ ਦੇ ਇਲਾਵਾ 15 ਹਜ਼ਾਰ ਰੁਪਏ ਦੇ ਦਿੱਤੇ। ਇਸ ਦੇ ਬਾਅਦ ਉਨ੍ਹਾਂ ਹੌਲੀ-ਹੌਲੀ ਕਰ ਕੇ ਸਾਡੇ ਕੋਲੋਂ 1 , 83, 500 ਰੁਪਏ ਲੈ ਲਏ। ਸ਼ਿਕਾਇਤਕਰਤਾ ਨੇ ਕਿਹਾ ਕਿ ਕਥਿਤ ਦੋਸ਼ੀ ਟਰੈਵਲ ਏਜੰਟ ਪਤੀ-ਪਤਨੀ ਨੇ ਮੇਰੀ ਬੇਟੀ ਨੂੰ ਆਸਟਰੇਲੀਆ ਨਹੀਂ ਭੇਜਿਆ। ਇਸੇ ਤਰ੍ਹਾ ਸਾਡੇ ਨਾਲ ਧੋਖਾਦੇਹੀ ਕੀਤੀ ਗਈ ਹੈ।

ਕੀ ਹੋਈ ਪੁਲਸ ਕਾਰਵਾਈ

ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਿਟੀ ਮੋਗਾ ਦੇ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੋਨੋਂ ਪੱਖਾਂ ਨੂੰ ਆਪਣਾ ਪੱਖ ਰੱਖਣ ਲਈ ਬੁਲਾਇਆ। ਜਾਂਚ ਉਪਰੰਤ ਹਰਵਿੰਦਰ ਸਿੰਘ ਉਰਫ ਹੈਰੀ ਪੁੱਤਰ ਕੁਲਵਿੰਦਰ ਸਿੰਘ, ਉਸ ਦੀ ਪਤਨੀ ਹਰਪ੍ਰੀਤ ਕੌਰ ਵਾਸੀ ਨਾਨਕ ਨਗਰੀ ਮੋਗਾ ਖਿਲਾਫ ਥਾਣਾ ਸਿਟੀ ਮੋਗਾ ’ਚ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਉਕਤ ਮਾਮਲੇ ਦੀ ਅਗੇਲਰੀ ਜਾਂਚ ਥਾਣੇਦਾਰ ਗੁਰਨੇਕ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Bharat Thapa

This news is Content Editor Bharat Thapa