ਮਾਡਲ ਪਿੰਡ ਥੇਹ ਕਲੰਦਰ ਨੇ ਜਿੱਤਿਆ ਦੀਨਦਿਆਲ ਉਪਾਧਿਆਏ ਪੰਚਾਇਤ ਸਸ਼ਕਤੀਕਰਨ ਪੁਰਸਕਾਰ

04/06/2021 3:46:54 PM

ਮੰਡੀ ਲਾਧੂਕਾ (ਸੰਧੂ)-ਪਿੰਡ ਥੇਹ ਕਲੰਦਰ ਦੀ ਗ੍ਰਾਮ ਪੰਚਾਇਤ ਨੇ ਦੀਨਦਿਆਲ ਉਪਾਧਿਆਏ ਪੰਚਾਇਤ ਸਸ਼ਕਤੀਕਰਨ ਪੁਰਸਕਾਰ ਜਿੱਤਿਆ ਹੈ । ਇਸ ਪੁਰਸਕਾਰ ਲਈ ਚੋਣ ਭਾਰਤ ਸਰਕਾਰ ਕਰਦੀ ਹੈ । ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦਿੱਤੀ । ਇਸ ਅਧੀਨ ਪਿੰਡ ਨੂੰ 10 ਲੱਖ ਰੁਪਏ ਦਾ ਇਨਾਮ ਮਿਲੇਗਾ। ਡਿਪਟੀ ਕਮਿਸ਼ਨਰ ਨੇ ਗ੍ਰਾਮ ਪੰਚਾਇਤ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਹੈ।ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਨਵਲ ਰਾਮ ਨੇ ਦੱਸਿਆ ਕਿ ਪਿੰਡ ਦੀ ਮਹਿਲਾ ਸਰਪੰਚ ਰੁਪਿੰਦਰ ਕੌਰ ਦੀ ਅਗਵਾਈ ’ਚ ਪੂਰੀ ਪੰਚਾਇਤ ਨੇ ਮਿਲ ਕੇ ਕੰਮ ਕਰਦਿਆਂ ਇਹ ਵੱਕਾਰੀ ਇਨਾਮ ਜਿੱਤਿਆ ਹੈ। ਉਨ੍ਹਾਂ ਕਿਹਾ ਕਿ ਇਹ ਪਿੰਡ ਹੋਰਨਾਂ ਲਈ ਮਿਸਾਲ ਬਣ ਕੇ ਉੱਭਰਿਆ ਹੈ। ਪਿੰਡ ਦੀ ਸਰਪੰਚ ਰੁਪਿੰਦਰ ਕੌਰ ਨੇ ਦੱਸਿਆ ਕਿ ਪਿਛਲੇ ਲੱਗਭਗ ਇਕ ਸਾਲ ਦੌਰਾਨ ਪਿੰਡ ਵਾਸੀਆਂ ਅਤੇ ਪੰਚਾਂ ਦੇ ਸਹਿਯੋਗ ਨਾਲ ਵਿਕਾਸ ਦੀ ਜੋ ਗਾਥਾ ਲਿਖੀ ਗਈ ਹੈ, ਉਸ ਸਫਲਤਾ ਲਈ ਉਹ ਹਲਕਾ ਵਿਧਾਇਕ ਸ. ਦਵਿੰਦਰ ਸਿੰਘ ਘੁਬਾਇਆ, ਡਿਪਟੀ ਕਮਿਸ਼ਨਰ, ਵਧੀਕ ਡਿਪਟੀ ਕਮਿਸ਼ਨਰ, ਬੀ. ਡੀ. ਪੀ. ਓ. ਦੇ ਧੰਨਵਾਦੀ ਹਨ।

ਪਿੰਡ ’ਚ ਦਾਖਲ ਹੁੰਦਿਆਂ ਹੀ ਮਹਿਸੂਸ ਹੁੰਦਾ ਹੈ ਕਿ ਤੁਸੀਂ ਕਿਸੇ ਖਾਸ ਪਿੰਡ ’ਚ ਪਹੁੰਚ ਗਏ ਹੋ । ਪਿੰਡ ਦੀ ਐਂਟਰੀ ’ਤੇ ਸ਼ਾਨਦਾਰ ਸੜਕ ਸਵਾਗਤ ਕਰਦੀ ਹੈ, ਜਦਕਿ ਪਿੰਡ ਦੇ ਅੰਦਰ 3 ਕਨਾਲ ਵਿਚ ਬਹੁਤ ਹੀ ਵਧੀਆ ਪਾਰਕ ਬਣਾਈ ਗਈ ਹੈ। ਮਹਿਲਾ ਸਰਪੰਚ ਨੇ ਪਿੰਡਾਂ ਦੀਆਂ ਔਰਤਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ’ਤੇ ਸਮਝਦਿਆਂ ਇਹ ਪਾਰਕ ਬਣਾਈ ਹੈ, ਜਿੱਥੇ ਰਾਤ ਸਮੇਂ ਵੀ ਔਰਤਾਂ ਸੈਰ ਕਰ ਸਕਦੀਆਂ ਹਨ। ਇਸ ਤੋਂ ਬਿਨਾਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਫਲੱਡ ਲਾਈਟਾਂ ਵਾਲੀ ਵਾਲੀਬਾਲ ਗਰਾਊਂਡ ਬਣਾਈ ਗਈ ਹੈ। ਪਿੰਡ ’ਚ ਸਟਰੀਟ ਲਾਈਟਾਂ ਲਾਈਆਂ ਗਈਆਂ ਹਨ। ਪਿੰਡ ਦੀ ਦਾਣਾ ਮੰਡੀ ਦੀ ਚਾਰਦੀਵਾਰੀ ਕਰ ਕੇ ਗੇਟ ਬੰਦ ਹੁੰਦੇ ਹਨ ਤਾਂ ਕਿ ਫਸਲ ਵੇਚਣ-ਆਉਣ ਵਾਲੇ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ। ਪਿੰਡ ਦੇ ਛੱਪੜ ਦੀ ਚਾਰਦੀਵਾਰੀ ਕੀਤੀ ਗਈ ਹੈ। ਸਕੂਲ ਵਿਚ ਦੋ ਕਮਰੇ ਤਿਆਰ ਕਰਵਾਏ ਜਾ ਰਹੇ ਹਨ। ਦੋ ਆਂਗਣਵਾੜੀ ਸੈਂਟਰਾਂ ਅਤੇ ਹਸਪਤਾਲ ਦੀ ਦਿੱਖ ਸੁਧਾਰੀ ਗਈ ਹੈ ਅਤੇ ਬੱਸ ਅੱਡੇ ਦੀ ਰਿਪੇਅਰ ਕੀਤੀ ਗਈ ਹੈ। ਲੋੜਵੰਦ ਲੋਕਾਂ ਦੇ ਸਮਾਜਿਕ ਸਮਾਗਮਾਂ ਲਈ 60 ਹਜ਼ਾਰ ਰੁਪਏ ਦੀ ਰਕਮ ਨਾਲ ਬਰਤਨ ਬੈਂਕ ਸਥਾਪਿਤ ਕੀਤਾ ਗਿਆ ਹੈ, ਜਿਸ ਨਾਲ ਪਲਾਸਟਿਕ ਦੇ ਭਾਂਡਿਆਂ ਦੀ ਵਰਤੋਂ ਘਟਣ ਨਾਲ ਵਾਤਾਵਰਣ ਨੂੰ ਵੀ ਗੰਦਾ ਹੋਣ ਤੋਂ ਬਚਾਇਆ ਜਾਂਦਾ ਹੈ।


Anuradha

Content Editor

Related News