‘ਰਾਜਨੀਤਕ ਪਾਰਟੀਆਂ ਖੇਤੀ ਵਿਰੋਧੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਗੰਭੀਰ ਨਹੀਂ’

10/20/2020 1:38:48 AM

ਸੰਗਰੂਰ, (ਵਿਵੇਕ ਸਿੰਧਵਾਨੀ, ਯਾਦਵਿੰਦਰ, ਸਿੰਗਲਾ) - ਅੱਜ ਜਦੋਂ ਪੰਜਾਬ ਵਿਧਾਨ ਸਭਾ ਦਾ ਇਜਲਾਸ ਸੱਦਿਆ ਜਾ ਰਿਹਾ ਹੈ ਤਾਂ ਉਸ ਸਮੇਂ ਵੀ ਕਿਸਾਨ ਰੇਲਵੇ ਲਾਈਨਾਂ ’ਤੇ ਡਟੇ ਹੋਏ ਹਨ। ਸੰਗਰੂਰ ਰੇਲਵੇ ਸਟੇਸ਼ਨ ’ਤੇ ਧਰਨਾ ਲਗਾਤਾਰ ਜਾਰੀ ਹੈ , ਜਿਸ ’ਚ ਔਰਤਾਂ, ਬੱਚੇ ਤੇ ਕਿਸਾਨ ਵੱਡੀ ਪੱਧਰ ’ਤੇ ਸ਼ਮੂਲੀਅਤ ਕਰ ਰਹੇ ਹਨ।

ਅੱਜ ਦੇ ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਸੁਖਦਰਸ਼ਨ ਸਿੰਘ ਨੱਤ, ਕੁਲਹਿੰਦ ਕਿਸਾਨ ਸਭਾ (ਅਜੇ ਭਵਨ) ਦੇ ਸੂਬਾ ਆਗੂ ਬਲਦੇਵ ਸਿੰਘ ਨਿਹਾਲਗੜ੍ਹ , ਬੀ.ਕੇ.ਯੂ. ਡਕੌਂਦਾ ਦੇ ਬਲਾਕ ਪ੍ਰਧਾਨ ਕਰਮ ਸਿੰਘ ਬਲਿਆਲ, ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ, ਕੁੱਲ ਹਿੰਦ ਕਿਸਾਨ ਸਭਾ ਦੇ ਮਿੱਤ ਸਿੰਘ ਜਨਾਲ ,ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਭਰਪੂਰ ਸਿੰਘ ਦੁੱਗਾਂ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਜਗਸੀਰ ਸਿੰਘ ਨਮੋਲ, ਬੀ. ਕੇ. ਯੂ. ਰਾਜੇਵਾਲ ਦੇ ਜ਼ਿਲਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ, ਬੀ. ਕੇ. ਯੂ. ਸਿੱਧੂਪੁਰ ਦੇ ਜ਼ਿਲਾ ਪ੍ਰਧਾਨ ਸੁਰਜੀਤ ਸਿੰਘ ਫਤਹਿਗੜ੍ਹ ਭਾਦਸੋਂ, ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੇ ਗੁਰਤੇਜ਼ ਸਿੰਘ ਜਨਾਲ ਅਤੇ ਕਿਸਾਨ ਆਗੂ ਅਤਬਾਰ ਸਿੰਘ ਬਾਦਸਾਹਪੁਰ ਨੇ ਕਿਹਾ ਕਿ ਬੇਸ਼ੱਕ ਪੰਜਾਬ ਸਰਕਾਰ ਨੇ ਅੱਜ ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਹੈ ਪਰ ਫਿਰ ਵੀ ਸਾਰੀਆਂ ਰਾਜਨੀਤਕ ਪਾਰਟੀਆਂ ਸਿਰਫ਼ 2022 ਦੀਆਂ ਵੋਟਾਂ ਦੀ ਕਵਾਇਦ ਨੂੰ ਲੈ ਕੇ ਹੀ ਚੱਲ ਰਹੀਆਂ ਹਨ ਅਤੇ ਇਹ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਗੰਭੀਰ ਨਹੀਂ। ਇਸੇ ਕਰ ਕੇ ਅੱਜ ਜੋ ਬਾਹਰਲੇ ਸੂਬਿਆਂ ’ਚੋਂ ਝੋਨਾ ਆ ਰਿਹਾ ਹੈ ਉਸ ’ਚ ਰਾਜਨੀਤਕ ਪਾਰਟੀਆਂ ਦੇ ਕਈ ਆਗੂ, ਵਪਾਰੀ ਤੇ ਅਫਸਰਸ਼ਾਹੀ ਮਿਲ ਕੇ ਹੱਥ ਰੰਗ ਰਹੀ ਹੈ ਪਰ ਨੁਕਸਾਨ ਕਿਸਾਨਾਂ ਦਾ ਹੋਣਾ ਹੈ। ਇਸ ਕਰ ਕੇ ਸਾਨੂੰ ਇਨ੍ਹਾਂ ਪਾਰਟੀਆਂ ਤੋਂ ਝਾਕ ਛੱਡਦੇ ਹੋਏ ਜਥੇਬੰਦੀਆਂ ਦੇ ਏਕੇ ਨੂੰ ਮਜ਼ਬੂਤ ਕਰ ਕੇ ਸੰਘਰਸ਼ਾਂ ਨੂੰ ਤਕੜੇ ਕਰਨਾ ਚਾਹੀਦਾ ਹੈ। ਫਿਰ ਹੀ ਅਸੀਂ ਲੁੱਟ ਤੋਂ ਬਚ ਸਕਦੇ ਹਾਂ ।

ਜੇਕਰ ਪੰਜਾਬ ਸਰਕਾਰ ਨੇ ਵਿਧਾਨ ਸਭਾ ’ਚ ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਮਤਾ ਪਾ ਕੇ ਇਹ ਕਾਨੂੰਨ ਰੱਦ ਨਾ ਕੀਤੇ ਤਾਂ ਸੰਘਰਸ਼ ਪੰਜਾਬ ਸਰਕਾਰ ਵੱਲ ਵੀ ਸੇਧਤ ਹੋ ਸਕਦਾ ਹੈ। ਆਗੂਆਂ ਨੇ ਮੰਗ ਕੀਤੀ ਕਿ ਸੰਘਰਸ਼ਾਂ ਦੌਰਾਨ ਰੇਲ ਪਟੜੀਆਂ ’ਤੇ ਸ਼ਹੀਦ ਹੋਏ ਕਿਸਾਨਾਂ ਨੂੰ ਮੁਆਵਜ਼ਾ ਦੇਣ, ਪਰਿਵਾਰ ਦੇ ਮੈਂਬਰ ਨੂੰ ਨੌਕਰੀ ਦੇਣ ਤੇ ਉਨ੍ਹਾਂ ਦੀ ਕਰਜ਼ਾ ਮਾਫ਼ੀ ਸਬੰਧੀ ਵੀ ਵਿਧਾਨ ਸਭਾ ’ਚ ਕੋਈ ਕਾਨੂੰਨ ਪਾਸ ਕੀਤਾ ਜਾਵੇ ।

ਆਗੂਆਂ ਨੇ ਕਾਰਪੋਰੇਟ ਘਰਾਣਿਆਂ ਨੂੰ ਵੀ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਵੱਲੋਂ ਦਫਤਰ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ ਤਾਂ ਤਿੱਖਾ ਐਕਸ਼ਨ ਉਲੀਕਿਆ ਜਾਵੇਗਾ ।

ਅੱਜ ਦੇ ਰੋਸ ਧਰਨੇ ਨੂੰ ਕਿਸਾਨ ਆਗੂ ਮਲਕੀਤ ਸਿੰਘ ਲਖਮੀਰਵਾਲਾ, ਹਰਮੇਲ ਸਿੰਘ ਮਹਿਰੋਕ, ਨਛੱਤਰ ਸਿੰਘ ਗੰਢੂਆਂ , ਅੰਮ੍ਰਿਤਪਾਲ ਸਿੰਘ ਡਸਕਾ, ਸੁਖਦੇਵ ਸਿੰਘ ਘਰਾਚੋਂ, ਗੁਰਮੀਤ ਸਿੰਘ ਕੁੰਨਰਾਂ, ਬਬਲੀ ਕੌਰ ਪੁੰਨਾਂਵਾਲ , ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਇੰਦਰਜੀਤ ਕੌਰ ਦਿਆਲਗੜ੍ਹ ਜੇਜੀਆਂ ਤੇ ਬਲਵਿੰਦਰ ਸਿੰਘ ਜਲੂਰ ਨੇ ਵੀ ਸੰਬੋਧਨ ਕੀਤਾ ।


Bharat Thapa

Content Editor

Related News