''ਕੋਰੋਨਾ'' ਵਾਇਰਸ: ਮੋਹਾਲੀ ਦੇ 6 ਸ਼ੱਕੀ ਮਰੀਜ਼ਾਂ ਦੀ ਟੈਸਟ ਰਿਪੋਰਟ ਨੈਗੇਟਿਵ

02/04/2020 7:35:47 PM

ਮੋਹਾਲੀ, (ਪਰਦੀਪ)— 'ਕੋਰੋਨਾ' ਵਾਇਰਸ ਦੇ 6 ਸ਼ੱਕੀ ਮਰੀਜ਼ ਜਿਨ੍ਹਾਂ ਦੇ ਸੈਂਪਲ ਸ਼ਨੀਵਾਰ ਨੂੰ ਪੁਣੇ ਦੀ ਲੈਬ 'ਚ ਭੇਜੇ ਗਏ ਸਨ, ਜੋ ਕਿ ਬਿਲਕੁਲ ਤੰਦਰੁਸਤ ਹਨ ਕਿਉਂਕਿ ਉਨ੍ਹਾਂ ਦੀ ਟੈਸਟ ਰਿਪੋਰਟ ਨੈਗੇਟਿਵ ਆਈ ਹੈ। ਇਹ ਜਾਣਕਾਰੀ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ (ਐੱਨ. ਆਈ. ਵੀ.) ਪੁਣੇ ਤੋਂ ਮਿਲੀ ਰਿਪੋਰਟ ਦੇ ਹਵਾਲੇ ਨਾਲ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੋਹਾਲੀ ਵਾਸੀ ਇਨ੍ਹਾਂ 6 ਸ਼ੱਕੀ ਮਰੀਜ਼ਾਂ 'ਚੋਂ 2 ਵਿਦਿਆਰਥੀ ਹਨ। ਇਹ ਸਾਰੇ 15 ਜਨਵਰੀ ਮਗਰੋਂ ਚੀਨ ਗਏ ਸਨ ਜਿਸ ਕਾਰਨ ਸ਼ੱਕ ਦੇ ਆਧਾਰ 'ਤੇ ਉਨ੍ਹਾਂ ਦੇ ਸੈਂਪਲ ਲਏ ਗਏ ਸਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵਲੋਂ ਕੀਤੀ ਗਈ ਜਾਂਚ 'ਚ ਇਨ੍ਹਾਂ ਅੰਦਰ 'ਕੋਰੋਨਾ' ਵਾਇਰਸ ਦਾ ਕੋਈ ਵੀ ਲੱਛਣ ਨਹੀਂ ਦਿਸਿਆ ਸੀ ਪਰ ਫਿਰ ਵੀ ਸਾਵਧਾਨੀ ਵਜੋਂ ਉਨ੍ਹਾਂ ਨੂੰ ਘਰ 'ਚ ਅਲੱਗ ਰਹਿਣ ਅਤੇ ਹਰ ਸਮੇਂ ਮਾਸਕ ਪਾ ਕੇ ਰੱਖਣ ਦੀ ਸਲਾਹ ਦਿੱਤੀ ਗਈ ਸੀ। ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਮੋਹਾਲੀ ਦੇ 4 ਹੋਰ ਨੌਜਵਾਨਾਂ ਦੇ ਸੈਂਪਲ ਪੁਣੇ ਦੀ ਲੈਬ 'ਚ ਭੇਜੇ ਗਏ ਹਨ, ਜਿਨ੍ਹਾਂ ਦੀ ਰਿਪੋਰਟ ਦੀ ਉਡੀਕ ਹੈ। ਇਹ ਸਾਰੇ ਕਿਸੇ ਕੰਪਨੀ ਦੇ ਮੁਲਾਜ਼ਮ ਹਨ ਅਤੇ ਕੰਪਨੀ ਟੂਰ 'ਤੇ 15 ਜਨਵਰੀ ਤੋਂ ਬਾਅਦ ਚੀਨ ਗਏ ਸਨ ਅਤੇ ਸੱਤ ਦਿਨ ਉਥੇ ਠਹਿਰਣ ਮਗਰੋਂ ਵਾਪਸ ਆ ਗਏ ਸਨ। ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਜ਼ਿਲਾ ਸਿਹਤ ਵਿਭਾਗ ਦੀ ਮੈਡੀਕਲ ਟੀਮ ਅੰਤਰਰਾਸ਼ਟਰੀ ਏਅਰਪੋਰਟ ਮੋਹਾਲੀ ਵਿਖੇ ਮੁਸਾਫ਼ਰਾਂ ਦਾ ਲਗਾਤਾਰ ਮੁਆਇਨਾ ਕਰ ਰਹੀ ਹੈ।

ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਹਰਮਨਦੀਪ ਕੌਰ ਦੀ ਅਗਵਾਈ ਵਿਚ ਮੈਡੀਕਲ ਟੀਮ ਨੇ ਮੰਗਲਵਾਰ ਨੂੰ ਵੀ ਸ਼ਾਰਜਾਹ ਤੋਂ ਆਉਣ ਵਾਲੀ 'ਏਅਰ ਇੰਡੀਆ ਐਕਸਪ੍ਰੈਸ' ਫ਼ਲਾਈਟ ਦੇ ਸਾਰੇ 185 ਮੁਸਾਫ਼ਰਾਂ ਦਾ ਮੁਆਇਨਾ ਕੀਤਾ ਗਿਆ, ਜਿਨ੍ਹਾਂ 'ਚੋਂ ਕਿਸੇ ਅੰਦਰ ਵੀ 'ਕੋਰੋਨਾ' ਵਾਇਰਸ ਦੇ ਲੱਛਣ ਨਹੀਂ ਮਿਲੇ। ਡਾ. ਹਰਮਨਦੀਪ ਨੇ ਦੱਸਿਆ ਕਿ ਮੈਡੀਕਲ ਟੀਮ ਨੇ ਨਾਨ-ਕੰਟੈਕਟ ਇਨਫ਼ਰਾਰੈਡ ਥਰਮਾਮੀਟਰ ਨਾਲ ਯਾਤਰੀਆਂ ਦੀ ਜਾਂਚ ਕੀਤੀ ਤੇ ਕੋਈ ਵੀ ਯਾਤਰੀ ਬੁਖ਼ਾਰ, ਖੰਘ, ਜ਼ੁਕਾਮ ਆਦਿ ਤੋਂ ਪੀੜਤ ਨਹੀਂ ਸੀ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਨੇ ਹਵਾਈ ਅੱਡੇ 'ਤੇ ਕੌਮੀ ਉਡਾਣਾਂ ਦੇ ਮੁਸਾਫ਼ਰਾਂ ਲਈ ਵੀ 'ਡੋਮੈਸਟਿਕ ਅਰਾਈਵਲਜ਼' ਖੇਤਰ ਵਿਚ 'ਹੈਲਪ ਡੈਸਕ' ਬਣਾ ਦਿੱਤਾ ਹੈ। 'ਕੋਰੋਨਾ' ਵਾਇਰਸ ਬਾਰੇ ਜਾਣਕਾਰੀ ਲੈਣ ਜਾਂ ਜਾਂਚ ਕਰਾਉਣ ਦਾ ਚਾਹਵਾਨ ਕੋਈ ਵੀ ਯਾਤਰੀ ਉਥੇ ਆ ਕੇ ਮਦਦ ਲੈ ਸਕਦਾ ਹੈ। ਜਿਥੇ ਜ਼ਿਲਾ ਸਿਹਤ ਵਿਭਾਗ ਦੀ ਮੈਡੀਕਲ ਟੀਮ ਤਾਇਨਾਤ ਕਰ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹਾਲੇ ਤਕ ਭਾਰਤ ਵਿਚ ਇਸ ਬੀਮਾਰੀ ਦੇ ਤਿੰਨ ਕੇਸਾਂ ਦੀ ਪੁਸ਼ਟੀ ਹੋਈ ਹੈ, ਇਸ ਲਈ ਬੇਵਜ੍ਹਾ ਘਬਰਾਉਣ ਦੀ ਲੋੜ ਨਹੀਂ। ਮੈਡੀਕਲ ਟੀਮ ਵਿਚ ਮੈਡੀਸਨ ਮਾਹਰ ਡਾ. ਪੁਨੀਤ, ਸਟਾਫ਼ ਨਰਸ ਹਰਸਿਮਰਤ ਕੌਰ ਵੀ ਸ਼ਾਮਲ ਸਨ।
 


Related News