‘ਅਕਾਲੀ ਦਲ ਆਪਣੀ ਨੀਤੀ ਸਪੱਸ਼ਟ ਕਰੇ, ਨਹੀਂ ਤਾਂ ਰੋਹ ਦੀ ਚੰਗਿਆੜੀ ਬਣੇਗੀ ਭਾਂਬੜ’

04/06/2021 6:07:50 PM

ਜ਼ੀਰਾ (ਦਵਿੰਦਰ ਅਕਾਲੀਆਂਵਾਲਾ, ਗੁਰਮੇਲ)-ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਵਿਧਾਨ ਸਭਾ ਹਲਕਾ ਜ਼ੀਰਾ ਤੋਂ ਜਨਮੇਜਾ ਸਿੰਘ ਸੇਖੋਂ ਸਾਬਕਾ ਮੰਤਰੀ ਪੰਜਾਬ ਨੂੰ ਟਿਕਟ ਦੇਣ ਦੇ ਚਰਚਿਆਂ ਸਬੰਧੀ ਅੱਜ ਹਲਕਾ ਇੰਚਾਰਜ ਅਵਤਾਰ ਸਿੰਘ ਜ਼ੀਰਾ ਦੀ ਰਹਿਨੁਮਾਈ ਹੇਠ ਵਿਸ਼ਾਲ ਇਕੱਤਰਤਾ ਹੋਈ, ਜਿਸ ਦੌਰਾਨ ਵੱਡੀ ਗਿਣਤੀ ’ਚ ਪੁੱਜੇ ਵਰਕਰਾਂ ਨੇ ਅਕਾਲੀ ਦਲ ਖ਼ਿਲਾਫ਼ ਰੋਸ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਅਫ਼ਵਾਹਾਂ ਨੂੰ ਠੱਲ੍ਹ ਪਾਉਣ ਲਈ ਅਕਾਲੀ ਦਲ ਆਪਣੀ ਨੀਤੀ ਸਪੱਸ਼ਟ ਕਰੇ, ਨਹੀਂ ਤਾਂ ਰੋਹ ਦੀ ਚੰਗਿਆੜੀ ਉਸ ਲਈ ਭਾਂਬੜ ਬਣ ਜਾਵੇਗੀ। ਉਥੇ ਹੀ ਵੱਡੀ ਸ਼ਕਤੀ ਨੇ ਇਹ ਵੀ ਅਹਿਸਾਸ ਕਰਵਾਇਆ ਕਿ ਉਹ ਇਸ ਪਰਿਵਾਰ ਦੇ ਨਾਲ ਹੈ । ਸਵ. ਜਥੇ. ਹਰੀ ਸਿੰਘ ਜ਼ੀਰਾ, ਜਿਸ ਨੇ ਸਾਰੀ ਉਮਰ ਅਕਾਲੀ ਦਲ ਲਈ ਗੁਜ਼ਾਰੀ, ਅੱਜ ਲੋੜ ਤਾਂ ਸੀ ਕਿ ਅਕਾਲੀ ਦਲ ਪਰਿਵਾਰ ਨੂੰ ਮਾਣ-ਸਨਮਾਨ ਦਿੰਦਾ ਪਰ ਇਸ ਦੇ ਉਲਟ ਜੋ ਅਕਾਲੀ ਦਲ ਵੱਲੋਂ ਫ਼ੈਸਲਾ ਲਿਆ ਜਾ ਰਿਹਾ ਹੈ, ਉਹ ਵਰਕਰਾਂ ਦੀਆਂ ਜਥੇਦਾਰ ਹਰੀ ਸਿੰਘ ਜ਼ੀਰਾ ਦੇ ਪਰਿਵਾਰ ਨਾਲ ਜੁੜੀਆਂ ਭਾਵਨਾਵਾਂ ’ਤੇ ਸਿੱਧੇ ਤੌਰ ’ਤੇ ਹਮਲਾ ਹੈ, ਜਿਸ ਨੂੰ ਵਰਕਰ ਕਦੇ ਵੀ ਸਹਿਣ ਨਹੀਂ ਕਰਨਗੇ । ਅੱਜ ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ, ਜਿਨ੍ਹਾਂ ’ਚ ਅਮੀਰ ਸਿੰਘ ਬੱਬਨ ਸ਼ੇਰਪੁਰ ਤਖਤੂਵਾਲਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਜਥੇਦਾਰ ਜ਼ੀਰਾ ਦੇ ਪਰਿਵਾਰ ਨਾਲ ਹਨ। ਉਹ ਕਿਸੇ ਵੀ ਅਫਵਾਹ ’ਤੇ ਯਕੀਨ ਨਾ ਕਰਨ।

PunjabKesari

ਸਿਮਰਨਜੀਤ ਸਿੰਘ ਸੰਧੂ ਮੱਖੂ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਅਵਤਾਰ ਸਿੰਘ ਜ਼ੀਰਾ ਨੂੰ ਆਜ਼ਾਦ ਤੌਰ ’ਤੇ ਇਹ ਚੋਣ ਨਹੀਂ ਲੜਨੀ ਚਾਹੀਦੀ ਪਰ ਇਸ ਦੇ ਉਲਟ ਕੁਲਦੀਪ ਸਿੰਘ ਵਿਰਕ ਸਰਕਲ ਪ੍ਰਧਾਨ ਨੇ ਲੁਧਿਆਣਾ ਦੇ ਬੈਂਸ ਭਰਾਵਾਂ ਦੀ ਮਿਸਾਲ ਦਿੱਤੀ ਕਿਹਾ ਕਿ ਜਦ ਪਾਰਟੀ ਨੇ ਨਾਂ ਬਾਂਹ ਫੜੀ ਤਾਂ ਫਿਰ ਆਜ਼ਾਦ ਤੌਰ ’ਤੇ ਚੋਣ ਲੜਨੀ ਹੀ ਪੈਣੀ ਹੈ । ਵਿਸ਼ਾਲ ਠੁਕਰਾਲ ਨੇ ਕਿਹਾ ਕਿ ਫ਼ੈਸਲਾ ਜਥੇ. ਹਰੀ ਸਿੰਘ ਜ਼ੀਰਾ ਦੇ ਪਰਿਵਾਰ ਦੇ ਹੱਕ ’ਚ ਹੀ ਹੋਵੇਗਾ । ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਅਫਵਾਹਾਂ ਦੇ ਬੱਦਲ ਪਹਿਲਾਂ ਵੀ ਹੁੰਦੇ ਰਹੇ ਹਨ । ਰੀਤ ਮਹਿੰਦਰ ਸਿੰਘ ਹੋਲਾਂਵਾਲੀ ਨੇ ਕਿਹਾ ਕਿ ਇਹ ਬੇਹੱਦ ਚਿੰਤਾ ਦਾ ਵਿਸ਼ਾ ਹੈ ਕਿ ਇਕ ਜ਼ਮੀਨੀ ਪੱਧਰ ’ਤੇ ਜੁੜੇ ਪਰਿਵਾਰ ਨੂੰ ਅਕਾਲੀ ਦਲ ਪਿੱਛੇ ਕਰ ਰਿਹਾ ਹੈ । ਲਖਵਿੰਦਰ ਸਿੰਘ ਸੁੱਖੇਵਾਲਾ ਸਰਕਲ ਪ੍ਰਧਾਨ ਨੇ ਕਿਹਾ ਕਿ ਜਦ ਅਕਾਲੀ ਦਲ ਟਕਸਾਲੀ ਵਰਕਰਾਂ ਨੂੰ ਨਜ਼ਰਅੰਦਾਜ਼ ਕਰੇਗਾ ਤਾਂ ਫਿਰ ਸੁਖਦੇਵ ਸਿੰਘ ਢੀਂਡਸਾ ਵਾਂਗ ਲੋਕ ਬਗ਼ਾਵਤ ਦਾ ਰਾਹ ਹੀ ਮੱਲਣਗੇ ।
ਅਕਾਲੀ ਦਲ ਦੇ ਸਕੱਤਰ ਜਨਰਲ ਸੁਖਮੰਦਰ ਸਿੰਘ ਲਹਿਰਾ ਨੇ ਕਿਹਾ ਕਿ ਅਸੀਂ ਚੋਣ ਲੜਾਂਗੇ, ਇਹ ਪਾਰਟੀ ਫ਼ੈਸਲਾ ਕਰੇ ਕਿ ਉਸ ਨੇ ਅਵਤਾਰ ਸਿੰਘ ਜ਼ੀਰਾ ਨੂੰ ਆਜ਼ਾਦ ਲੜਾਉਣੀ ਹੈ ਜਾਂ ਪਾਰਟੀ ਦੇ ਨਿਸ਼ਾਨ ’ਤੇ । ਇਸ ਤੋਂ ਇਲਾਵਾ ਪਿਆਰਾ ਸਿੰਘ ਢਿੱਲੋਂ ਸਰਕਲ ਪ੍ਰਧਾਨ, ਜਰਨੈਲ ਸਿੰਘ ਕੁੱਸੂਵਾਲਾ ਨੇ ਵੀ ਸੰਬੋਧਨ ਕੀਤਾ ।

ਇਸ ਮੌਕੇ ਅਵਤਾਰ ਸਿੰਘ ਜ਼ੀਰਾ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੇਰੇ ਪਿਤਾ ਜਥੇਦਾਰ ਹਰੀ ਸਿੰਘ ਜ਼ੀਰਾ ਦਾ ਸਿਆਸੀ ਜੀਵਨ ਅਕਾਲੀ ਦਲ ਦੇ ਲਈ ਕੁਰਬਾਨੀਆਂ ਭਰਿਆ ਹੈ ਅਤੇ ਉਨ੍ਹਾਂ ਨੇ ਕਦੇ ਲੋਕ-ਹਿੱਤਾਂ ਦੀ ਗੱਲ ਤੋਂ ਪੈਰ ਪਿੱਛੇ ਨਹੀਂ ਪੁੱਟਿਆ । ਬਾਦਲ ਪਰਿਵਾਰ ਦੇ ਨਾਲ ਪੰਜਾਬ ਦੇ ਹਿੱਤਾਂ ਦੇ ਲਈ ਵੱਡਾ ਘੋਲ ਲੜਿਆ, ਜਦਕਿ ਜਨਮੇਜਾ ਸਿੰਘ ਸੇਖੋਂ ਨੇ ਪਾਰਟੀ ਦੀ ਸੇਵਾ ਨਹੀਂ ਕੀਤੀ ਸਗੋਂ ਨਿੱਜੀ ਸਵਾਰਥਾਂ ਨੂੰ ਤਰਜੀਹ ਦਿੱਤੀ ਹੈ । ਉਨ੍ਹਾਂ ਵਰਕਰਾਂ ਨੂੰ ਥਾਪੜਾ ਦਿੰਦਿਆਂ ਕਿਹਾ ਕਿ ਜੇਕਰ ਅਕਾਲੀ ਦਲ ਉਨ੍ਹਾਂ ਨੂੰ ਇਸ ਖੇਤਰ ’ਚੋਂ ਚੋਣ ਮੈਦਾਨ ’ਚ ਨਹੀਂ ਉਤਾਰਦਾ ਹੈ ਤਾਂ ਉਹ ਉਨ੍ਹਾਂ ਨੂੰ ਆਪਣੇ ਪਿੰਡਾਂ ’ਚ ਨਾ ਵੜਨ ਦਿਓ । ਉਨ੍ਹਾਂ ਵਰਕਰਾਂ ਵੱਲੋਂ ਵੱਡੇ ਇਕੱਠ ਰਾਹੀਂ ਜਤਾਈ ਹਮਦਰਦੀ ’ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਹਰ ਹੀਲੇ ਪਾਰਟੀ ਨੂੰ ਮੰਨਵਾ ਕੇ ਅਕਾਲੀ ਦਲ ਦੀ ਟਿਕਟ ’ਤੇ ਹੀ ਚੋਣ ਲੜਨਗੇ, ਜੇਕਰ ਫਿਰ ਵੀ ਪਾਰਟੀ ਨਜ਼ਰਅੰਦਾਜ਼ ਕਰਦੀ ਹੈ ਤਾਂ ਉਹ ਆਜ਼ਾਦ ਚੋਣ ਜਿੱਤ ਕੇ ਪਾਰਟੀ ਦੀ ਝੋਲੀ ’ਚ ਹੀ ਪਾਉਣਗੇ । ਇਸ ਮੌਕੇ ਸਮੁੱਚੇ ਹਲਕੇ ਤੋਂ ਵੱਖ-ਵੱਖ ਆਗੂ, ਵਰਕਰ ਅਤੇ ਪੰਚ-ਸਰਪੰਚ ਵੀ ਹਾਜ਼ਰ ਹੋਏ।

 


Anuradha

Content Editor

Related News