ਟਰੈਕਟਰ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ

06/15/2019 6:49:51 PM

ਅੰਮ੍ਰਿਤਸਰ (ਸੂਰੀ)-ਅੱਜ ਸਵੇਰੇ ਤਕਰੀਬਨ 10 ਵਜੇ ਦੇ ਦਰਮਿਆਨ ਏਅਰਪੋਰਟ ਰੋਡ ਮੀਰਾਂਕੋਟ ਚੌਕ 'ਚ ਜਸ਼ਨਪ੍ਰੀਤ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਪਿੰਡ ਖੈਰਾਂਬਾਦ ਨੂੰ ਇਕ ਭੱਠੇ ਦੀ ਟਰੈਕਟਰ-ਟਰਾਲੀ ਨੇ ਆਪਣੀ ਲਪੇਟ 'ਚ ਲੈ ਲਿਆ, ਜਿਸ ਨਾਲ ਜਸ਼ਨਪ੍ਰੀਤ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਟਰੈਕਟਰ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਹਿਬ ਸਿੰਘ, ਮਨਪ੍ਰੀਤ ਸਿੰਘ ਤੇ ਮਿਤ੍ਰਕ ਦੀ ਮਾਂ ਪਰਮਜੀਤ ਕੌਰ ਨੇ ਦੱਸਿਆ ਕਿ ਤਕਰੀਬਨ 3 ਸਾਲ ਪਹਿਲਾਂ ਜਸ਼ਨਪ੍ਰੀਤ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ, ਜਿਸ ਕਰ ਕੇ ਉਨ੍ਹਾਂ ਦੇ ਲੜਕੇ ਨੂੰ ਘਰ 'ਚ ਗਰੀਬੀ ਹੋਣ ਕਾਰਨ ਪੜ੍ਹਾਈ ਛੱਡਣੀ ਪਈ। ਉਹ 3 ਭੈਣ-ਭਰਾਵਾਂ 'ਚੋਂ ਸਭ ਤੋਂ ਛੋਟਾ ਸੀ, ਅੱਜ ਸਵੇਰੇ ਮੀਰਾਂਕੋਟ ਚੌਕ 'ਚ ਆਇਆ, ਜਿਥੇ ਉਸ ਨੂੰ ਭੱਠੇ ਦੀ ਟਰੈਕਟਰ-ਟਰਾਲੀ ਨੇ ਜੋ ਕਿ ਰਾਜਾਸਾਂਸੀ ਸਾਈਡ ਤੋਂ ਮੀਰਾਂਕੋਟ ਚੌਕ ਵੱਲ ਆ ਰਹੀ ਸੀ ਅਤੇ ਉਸ ਦਾ ਕੋਈ ਵੀ ਨੰਬਰ ਨਹੀਂ ਸੀ, ਨੇ ਆਪਣੀ ਲਪੇਟ 'ਚ ਲੈ ਲਿਆ। ਗੁੱਸੇ 'ਚ ਆਏ ਪਰਿਵਾਰਕ ਮੈਂਬਰਾਂ ਨੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਭੱਠੇ ਵਾਲਿਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕਰਦਿਆਂ ਮੀਰਾਂਕੋਟ ਚੌਕ 'ਚ ਆਵਾਜਾਈ ਜਾਮ ਕਰ ਦਿੱਤੀ।
ਤਕਰੀਬਨ 3 ਘੰਟੇ ਤੱਕ ਲਾਸ਼ ਨਹੀਂ ਚੁੱਕਣ ਦਿੱਤੀ, ਪਹਿਲਾਂ ਤਾਂ ਧਰਨਾਕਾਰੀ ਇਸ ਗੱਲ 'ਤੇ ਅੜੇ ਰਹੇ ਕਿ ਲਾਸ਼ ਦਾ ਪੋਸਟਮਾਰਟਮ ਨਹੀਂ ਕਰਨ ਦਿੱਤਾ ਜਾਵੇਗਾ, ਜਿਸ ਨਾਲ ਤਕਰੀਬਨ 3 ਘੰਟੇ ਏਅਰਪੋਰਟ ਯਾਤਰੀਆਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। ਪੁਲਸ ਪ੍ਰਸ਼ਾਸਨ ਵੀ ਬਹੁਤ ਦੇਰ ਧਰਨਾਕਾਰੀਆਂ ਅੱਗੇ ਬੇਵੱਸ ਨਜ਼ਰ ਆਇਆ। ਧਰਨਾਕਾਰੀਆਂ ਨੇ ਭੱਠੇ ਦੀਆਂ ਇੱਟਾਂ ਖਲਾਰ ਕੇ ਆਵਾਜਾਈ ਜਾਮ ਕਰਨੀ ਚਾਹੀ ਪਰ ਪੁਲਸ ਨੇ ਕਾਫੀ ਦੇਰ ਤੋਂ ਬਾਅਦ ਧਰਨਾਕਾਰੀਆਂ ਨੂੰ ਸਮਝਾ ਕੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਸਹਿਮਤ ਕਰ ਲਿਆ। ਏ. ਸੀ. ਪੀ. ਹਰਪ੍ਰੀਤ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਦੋਸ਼ੀਆਂ ਵਿਰੁੱਧ ਪਰਚਾ ਦਰਜ ਕਰ ਲਿਆ ਗਿਆ ਹੈ, ਬਾਕੀ ਦੀ ਕਾਰਵਾਈ ਜਾਰੀ ਹੈ।


satpal klair

Content Editor

Related News