2 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ

01/04/2019 10:46:34 AM

ਕਾਦੀਆਂ,(ਜ਼ੀਸ਼ਾਨ)— ਸੜਕ ਹਾਦਸੇ ਦੌਰਾਨ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਵੈਭਵ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਆਈ. ਟੀ. ਆਈ. ਕਾਦੀਆਂ ਆਪਣੇ ਘਰ ਤੋਂ ਆਪਣੇ ਮੋਟਰ ਸਾਇਕਲ 'ਤੇ ਕਿਸੇ ਕੰਮ ਲਈ ਜਾ ਰਿਹਾ ਸੀ ਕਿ ਰਾਧਾ ਸਵਾਮੀ ਸਤਸੰਗ ਭਗਨ ਨਜ਼ਦੀਕ ਕਿਸੇ ਅਣਪਛਾਤੇ ਵਾਹਨ ਵਲੋਂ ਉਸ ਨੂੰ ਟੱਕਰ ਮਾਰ ਦਿੱਤੀ ਗਈ, ਜਿਸ ਦੌਰਾਨ ਉਸ ਦੀ ਮੌਕੇ 'ਤੇ ਮੌਤ ਹੋ ਗਈ । ਸੂਚਨਾ ਮਿਲਣ ਉਪਰੰਤ ਮੌਕੇ 'ਤੇ ਪੁੱਜੇ ਪੁਲਸ ਥਾਣਾ ਕਾਦੀਆਂ ਦੇ ਏ. ਐੱਸ. ਆਈ. ਬਲਕਾਰ ਸਿੰਘ ਨੇ ਪੁਲਸ ਪਾਰਟੀ ਸਮੇਤ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਜਾਣਕਾਰੀ ਮੁਤਾਬਕ ਵੈਭਵ ਕੁਮਾਰ ਦਾ ਦੋ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਇਸ ਘਟਨਾ ਤੋਂ ਬਾਅਦ ਸ਼ਹਿਰ ਅੰਦਰ ਸੋਗ ਦੀ ਲਹਿਰ ਦੌੜ ਗਈ ।ਉਧਰ ਮੌਕੇ 'ਤੇ ਪੁੱਜੇ ਪੁਲਸ ਅਧਿਕਾਰੀਆਂ ਵੱਲੋਂ ਘਟਨਾ ਵਾਲੇ ਸਥਾਨ ਦੇ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਗਈ ।ਇਸ ਸਬੰਧੀ ਪੁਲਸ ਥਾਣਾ ਕਾਦੀਆਂ ਦੇ ਐੱਸ. ਐੱਚ. ਓ. ਸੁਦੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਸ ਨੌਜਵਾਨ ਨੂੰ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰੀ ਹੈ, ਜਿਸ ਦੀ ਸੀ. ਸੀ. ਟੀ. ਵੀ ਕੈਮਰਿਆਂ 'ਚ ਫੁਟੇਜ ਚੈੱਕ ਕਰਕੇ ਅਤੇ ਲਾਸ਼ ਦੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ ।