ਗੁਰਦਾਸਪੁਰ ਸ਼ਹਿਰ ''ਚ ਜੈਟਿੰਗ ਮਸ਼ੀਨ ਨਾ ਹੋਣ ਕਾਰਨ ਕਰਮਚਾਰੀ ਬਾਂਸ ਨਾਲ ਸੀਵਰੇਜ ਸਾਫ਼ ਕਰਨ ਲਈ ਮਜ਼ਬੂਰ

07/16/2023 3:38:27 PM

ਗੁਰਦਾਸਪੁਰ (ਵਿਨੋਦ)- ਗੁਰਦਾਸਪੁਰ ਜ਼ਿਲ੍ਹੇ ’ਚ ਕਈ ਸੰਸਦ ਅਤੇ ਵਿਧਾਇਕ ਬਣੇ ਪਰ ਅੱਜ ਤੱਕ ਸ਼ਹਿਰ ’ਚ ਜੇਕਰ ਕਿਤੇ ਵੀ ਸੀਵਰੇਜ ਜਾਮ ਹੋ ਜਾਵੇ ਤਾਂ ਉਸ ਲਈ ਸੀਵਰੇਜ ਖੋਲ੍ਹਣ ਵਾਲੀ ਜੈਟਿੰਗ ਮਸ਼ੀਨ ਦਾ ਪ੍ਰਬੰਧ ਨਹੀਂ ਕੀਤਾ। ਇਸ ਤੋਂ ਇਲਾਵਾ ਕਰਮਚਾਰੀਆਂ ਲਈ ਕੋਈ ਵੀ ਸੁਰੱਖਿਆ ਪੱਖੋਂ ਸੀਵਰੇਜ ਕਿੱਟਾਂ ਤੱਕ ਮੁਹੱਈਆ ਨਹੀਂ ਕਰਵਾਈਆਂ ਗਈਆਂ, ਜਿਸ ਕਾਰਨ ਅੱਜ ਵੀ ਸ਼ਹਿਰ ’ਚ ਜਾਮ ਸੀਵਰੇਜ ਖੋਲ੍ਹਣ ਲਈ ਕਰਮਚਾਰੀਆਂ ਵੱਲੋਂ ਡਾਗਾਂ, ਬਾਂਸਾਂ ਦੀ ਸਹਾਇਤਾ ਨਾਲ ਹੀ ਸੀਵਰੇਜ ਨੂੰ ਖੋਲ੍ਹ ਕੇ ਪਾਣੀ ਦੀ ਨਿਕਾਸੀ ਕੀਤੀ ਜਾਂਦੀ ਹੈ।

ਗੁਰਦਾਸਪੁਰ ਸ਼ਹਿਰ ’ਚ ਲਗਭਗ 40 ਸਾਲ ਪਹਿਲਾ ਸੀਵਰੇਜ ਪਾਇਆ ਗਿਆ ਸੀ ਅਤੇ ਉਦੋਂ ਉਸ ਸਮੇਂ ਦੀ ਜਨ ਸੰਖਿਆਂ ਦੇ ਆਧਾਰ ’ਤੇ ਪਾਈਪ ਪਾਏ ਗਏ ਸੀ, ਜਦਕਿ ਕੁਝ ਨਵੀਆਂ ਕਾਲੋਨੀਆਂ ਸਮੇਤ ਨਗਰ ਸੁਧਾਰ ਟਰੱਸਟ ਅਤੇ ਪੁੱਡਾ ਦੀ ਨਵੀਂ ਵਿਸ਼ਾਲ ਕਾਲੋਨੀਆਂ ਦੇ ਬਣਨ ਕਾਰਨ ਉਨ੍ਹਾਂ ਦਾ ਸੀਵਰੇਜ ਵੀ ਇਸੇ ਪੁਰਾਣੇ ਸੀਵਰੇਜ ’ਚ ਪਾਇਆ ਗਿਆ ਹੈ। ਕੁਝ ਸਾਲ ਪਹਿਲਾਂ ਬਣੇ ਨਵੇਂ ਪ੍ਰਸ਼ਾਸਨਿਕ ਅਤੇ ਜਿਊਡੀਸ਼ਅਲ ਕੰਪਲੈਕਸ ਦਾ ਸੀਵਰੇਜ ਵੀ ਇਸੇ ਪੁਰਾਣੀ ਸੀਵਰੇਜ ਵਿਚ ਪਾਇਆ ਗਿਆ ਹੈ, ਜਿਸ ਕਾਰਨ ਜ਼ਿਆਦਾਤਰ ਸਮਾਂ ਇਹ ਸੀਵਰੇਜ ਸਿਸਟਮ ਜਾਮ ਰਹਿੰਦਾ ਹੈ। ਬਾਰਿਸ਼ ਦੇ ਮੌਸਮ ’ਚ ਤਾਂ ਸਮੱਸਿਆ ਇੰਨੀ ਗੰਭੀਰ ਹੋ ਜਾਂਦੀ ਹੈ ਕਿਉਂਕਿ ਜ਼ਿਆਦਾਤਰ ਸੜਕਾਂ ਤੇ ਗਲੀਆਂ ’ਚ ਸੀਵਰੇਜ ਦੇ ਢੱਕਣਾਂ ਤੋਂ ਸੀਵਰੇਂਜ ਦਾ ਗੰਦਾ ਬਦਬੂਦਾਰ ਪਾਣੀ ਓਵਰਫਲੋਅ ਹੋ ਕੇ ਗਲੀਆਂ ਤੇ ਸੜਕਾਂ ’ਤੇ ਫੈਲਦਾ ਹੈ। ਇਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ- ਭਾਰਤ ਦੀ ਤਰੱਕੀ ਤੋਂ ਬੌਖਲਾਇਆ ਪਾਕਿ, 14 ਅਗਸਤ ਨੂੰ ਲਹਿਰਾਏਗਾ ‘ਤਿਰੰਗੇ ਝੰਡੇ’ ਤੋਂ 80 ਫੁੱਟ ਉੱਚਾ ਝੰਡਾ

ਸਥਾਨਕ ਆਦਰਸ਼ ਨਗਰ ਇਲਾਕੇ ’ਚ ਸੀਵਰੇਜ ਜਾਮ ਹੋਣ ਕਾਰਨ ਕਈ-ਕਈ ਦਿਨ ਬਰਸਾਤੀ ਪਾਣੀ ਗਲੀਆਂ ’ਚ ਖੜ੍ਹਾ ਰਿਹਾ ਅਤੇ ਪੀਣ ਵਾਲੇ ਪਾਣੀ ਅਤੇ ਸੀਵਰੇਜ ਦਾ ਪਾਣੀ ਰਲ ਜਾਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਫਿਰ ਕਿਤੇ ਪ੍ਰਸ਼ਾਸਨ ਨੇ ਸੜਕ ’ਤੇ ਵਿਛਾਏ ਸੀਵਰੇਜ ਸਿਸਟਮ ਨੂੰ ਤੋੜ ਕੇ ਉੱਥੇ ਨਵੀਆਂ ਪਾਈਪਾਂ ਪਾ ਕੇ ਇਲਾਕੇ ਦੇ ਇਸ ਗੰਦੇ ਪਾਣੀ ਨੂੰ ਬਾਹਰ ਕੱਢਿਆ, ਜਿਸ ਨਾਲ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ।

ਬੰਦ ਸੀਵਰੇਜ ਨੂੰ ਖੋਲਣ ਲਈ ਜੈਟਿੰਗ ਮਸ਼ੀਨ ਕਿਉਂ ਜ਼ਰੂਰੀ

ਜਾਣਕਾਰੀ ਅਨੁਸਾਰ ਵਿਭਾਗ ਵੱਲੋਂ ਪਠਾਨਕੋਟ ਅਤੇ ਬਟਾਲਾ ’ਚ ਚੋਕ ਸੀਵਰੇਂਜ ਖੋਲਣ ਲਈ ਜੈਟਿੰਗ ਮਸ਼ੀਨ ਮੁਹੱਈਆ ਕਰਵਾਈ ਗਈ ਹੈ ਪਰ ਜ਼ਿਲ੍ਹਾ ਗੁਰਦਾਸਪੁਰ ਦੇ ਮੁੱਖ ਦਫਤਰ ਗੁਰਦਾਸਪੁਰ ਸਮੇਤ ਸਬੰਧਤ ਸ਼ਹਿਰਾਂ ’ਚ ਮੁਲਾਜ਼ਮ ਪਿਛਲੇ ਕਈ ਸਾਲਾਂ ਤੋਂ ਉਕਤ ਮਸ਼ੀਨ ਦੀ ਉਡੀਕ ਕਰ ਰਹੇ ਹਨ। ਮੁਲਾਜ਼ਮਾਂ ਨੇ ਇਸ ਮਸੀਨ ਸਬੰਧੀ ਕਈ ਵਾਰ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ ਤੋਂ ਇਲਾਵਾ ਕਈ ਮੰਤਰੀਆਂ ਨੂੰ ਮੰਗ ਪੱਤਰ ਦਿੱਤੇ ਹਨ ਪਰ ਅੱਜ ਤੱਕ ਕਿਸੇ ਨੇ ਵੀ ਇਸ ਮਸ਼ੀਨ ਨੂੰ ਉਪਲੱਬਧ ਕਰਵਾਉਣ ਦੀ ਖੇਚਲ ਨਹੀਂ ਕੀਤੀ, ਜਿਸ ਕਾਰਨ ਅੱਜ ਵੀ ਸ਼ਹਿਰ ਦੀਆਂ ਸੜਕਾਂ ’ਤੇ ਮੁਲਾਜ਼ਮ ਆਪਣੇ ਪੱਧਰ ’ਤੇ ਸੀਵਰੇਜ ਜਾਮ ਖੋਲ੍ਹ ਕੇ ਪਾਣੀ ਦੀ ਨਿਕਾਸੀ ਕਰਦੇ ਨਜ਼ਰ ਆਉਂਦੇ ਹਨ ਜਾਂ ਫਿਰ ਜੇ. ਸੀ. ਬੀ. ਮਸ਼ੀਨ ਨਾਲ ਸੜਕ ਪੁੱਟ ਕੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰਦੇ ਹਨ।

ਇਹ ਵੀ ਪੜ੍ਹੋ- ਗੁਰਦਾਸਪੁਰ: ਕਿਸਾਨ ਨੇ ਨਵੇਂ ਢੰਗ ਨਾਲ ਕੀਤੀ ਝੋਨੇ ਦੀ ਬਿਜਾਈ, 50 ਫ਼ੀਸਦੀ ਪਾਣੀ ਤੇ ਖਰਚੇ ਘੱਟ ਹੋਣ ਦਾ ਕੀਤਾ ਦਾਅਵਾ

ਦੂਜੇ ਪਾਸੇ ਜੇਕਰ ਮੁਲਾਜ਼ਮਾਂ ਦੀ ਗੱਲ ਕਰੀਏ ਤਾਂ ਜ਼ਿਲਾ ਗੁਰਦਾਸਪੁਰ ’ਚ ਸਿਰਫ਼ 20 ਮੁਲਾਜ਼ਮ ਹੀ ਸੀਵਰਮੈਨ ਹਨ। ਇਸ ਤੋਂ ਇਲਾਵਾ ਦੀਨਾਨਗਰ ’ਚ 17 ਦੇ ਕਰੀਬ ਮੁਲਾਜ਼ਮ ਕੰਮ ਕਰ ਰਹੇ ਹਨ। ਇਨੇ ਮੁਲਾਜ਼ਮਾਂ ਦੀ ਮੌਜੂਦਗੀ ’ਚ ਸ਼ਹਿਰ ਵਿਚ ਸੀਵਰੇਜ ਦੇ ਪਾਣੀ ਨੂੰ ਚਲਾਉਣਾ ਵੀ ਮੁਸ਼ਕਲ ਹੁੰਦਾ ਜਾ ਰਿਹਾ ਹੈ। ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਈ-ਕਈ ਦਿਨ ਪਾਣੀ ਗਲੀਆਂ ’ਚ ਖੜ੍ਹਾ ਰਹਿੰਦਾ ਹੈ। ਜੇਕਰ ਸ਼ਹਿਰ ਦੀਆਂ ਗਲੀਆਂ ਅਤੇ ਮੁਹੱਲਿਆਂ ਦੇ ਪਾਣੀ ਦੀ ਨਿਕਾਸੀ ਦੀ ਗੱਲ ਕਰੀਏ ਤਾਂ ਮਾਮੂਲੀ ਬਰਸਾਤ ਨਾਲ ਸ਼ਹਿਰ ਦੀਆਂ ਸੜਕਾਂ ’ਤੇ ਬਰਸਾਤੀ ਪਾਣੀ ਭਰ ਜਾਂਦਾ ਹੈ, ਜਿਸ ਦਾ ਇਕੋ ਇਕ ਕਾਰਨ ਸੀਵਰੇਜ ਦੀ ਸਫਾਈ ਨਾ ਹੋਣਾ ਹੈ। ਸੀਵਰੇਜ ਦੀ ਸਫਾਈ ਠੀਕ ਨਾ ਹੋਣ ਕਾਰਨ ਕਈ-ਕਈ ਦਿਨ ਪਾਣੀ ਦੀ ਨਿਕਾਸੀ ਨਹੀਂ ਹੁੰਦੀ, ਜਿਸ ਕਾਰਨ ਬਰਸਾਤੀ ਪਾਣੀ ਸੜਕਾਂ ਅਤੇ ਗਲੀਆਂ ’ਚ ਜਮ੍ਹਾ ਹੋ ਜਾਂਦਾ ਹੈ।

ਦੂਜੇ ਪਾਸੇ ਕਈ ਠੇਕੇਦਾਰਾਂ ਨੇ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ’ਚ ਸੀਵਰੇਜ ਦੇ ਢੱਕਣ ਸੜਕ ਦੇ ਪੱਧਰ ਤੋਂ ਕਾਫੀ ਉੱਪਰ ਪਾ ਦਿੱਤੇ ਹਨ, ਜਿਸ ਕਾਰਨ ਕਈ ਵਾਰ ਦੋਪਹੀਆ ਅਤੇ ਚਾਰ ਪਹੀਆ ਵਾਹਨ ਚਾਲਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ। ਠੇਕੇਦਾਰ ਦੀ ਗਲਤੀ ਦਾ ਖਮਿਆਜਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।

ਇਹ ਵੀ ਪੜ੍ਹੋ- ਬੈਂਕ ’ਚ ਕਲਰਕ ਦੀ ਨੌਕਰੀ ਕਰਨ ਵਾਲੇ ਦੀ ਬਦਲੀ ਕਿਸਮਤ, ਰਾਤੋ-ਰਾਤ ਬਣ ਗਿਆ ਕਰੋੜਪਤੀ

ਸੀਵਰੇਜ ਕਿੱਟਾਂ ਨਾ ਮਿਲਣ ਕਾਰਨ ਜਾਨ ਖਤਰੇ ’ਚ ਪਾ ਕੇ ਕੰਮ ਕਰ ਰਹੇ ਕਰਮਚਾਰੀ

ਸ਼ਹਿਰ ਦਾ ਦੌਰਾ ਕਰ ਕੇ ਸੀਵਰੇਜ ਦੀ ਸਫਾਈ ਕਰ ਰਹੇ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਪਿਛਲੇ 75 ਸਾਲਾਂ ਤੋਂ ਜ਼ਿਲ੍ਹੇ ’ਚ ਸੀਵਰੇਂਜ ਦੀ ਸਫਾਈ ਲਈ ਵਿਭਾਗ ਵੱਲੋਂ ਕੋਈ ਵੀ ਮਸ਼ੀਨਰੀ ਮੁਹੱਈਆ ਨਹੀਂ ਕਰਵਾਈ ਗਈ। ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਸੀਵਰੇਜ ਦੀ ਸਫਾਈ ਦੌਰਾਨ ਵਰਤਣ ਲਈ ਜੋ ਸੀਵਰੇਜ ਕਿੱਟ ਦਿੱਤੀ ਜਾਂਦੀ ਹੈ, ਉਸ ’ਚ ਵਾਟਰ ਪਰੂਫ ਜੈਕੇਟ, ਆਕਸੀਜਨ ਸਿਲੰਡਰ, ਟਾਰਚ, ਹੈਲਮੇਟ, ਗਮ ਬੂਟ ਸਮੇਤ ਕਈ ਤਰ੍ਹਾਂ ਦਾ ਸਾਮਾਨ ਹੁੰਦਾ ਹੈ, ਜੋ ਮੁਲਾਜ਼ਮਾਂ ਲਈ ਜ਼ਰੂਰੀ ਹੈ ਪਰ ਜ਼ਿਲ੍ਹਾ ਗੁਰਦਾਸਪੁਰ ’ਚ ਗੁਰਦਾਸਪੁਰ, ਦੀਨਾਨਗਰ, ਬਟਾਲਾ, ਧਾਰੀਵਾਲ, ਡੇਰਾ ਬਾਬਾ ਨਾਨਕ, ਫਤਿਹਗੜ੍ਹ ਚੂੜੀਆਂ, ਸ੍ਰੀ ਹਰਗੋਬਿੰਦਪੁਰ, ਕਾਦੀਆਂ ਅਤੇ ਜ਼ਿਲ੍ਹਾ ਪਠਾਨਕੋਟ ’ਚ ਕਿਸੇ ਵੀ ਮੁਲਾਜ਼ਮ ਨੂੰ ਇਹ ਕਿੱਟ ਮੁਹੱਈਆ ਨਹੀਂ ਕਰਵਾਈ ਗਈ, ਜਿਸ ਕਾਰਨ ਅੱਜ ਵੀ ਇਹ ਕਰਮਚਾਰੀ ਆਪਣੀ ਜਾਨ ਖਤਰੇ ’ਚ ਪਾ ਕੇ ਸੀਵਰੇਜ ਕਿੱਟ ਤੋਂ ਬਿਨਾਂ ਹੀ ਸਾਫ਼ ਕਰਦੇ ਹਨ। ਉਨ੍ਹਾਂ ਦੱਸਿਆ ਕਿ ਸਬੰਧਤ ਵਿਭਾਗ ਨੂੰ ਕਈ ਵਾਰ ਸੂਚਿਤ ਕੀਤਾ ਜਾ ਚੁੱਕਾ ਹੈ ਪਰ ਹਾਲੇ ਤੱਕ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹੇ ’ਚ ਉਕਤ ਕਿੱਟਾਂ ਉਪਲੱਬਧ ਨਹੀਂ ਕਰਵਾਈਆਂ ਗਈਆਂ ਹਨ।

ਬਾਂਸ ਨਾਲ ਸੀਵਰੇਜ ਦੀ ਸਫਾਈ ਕਰਦੇ ਹੋਏ ਕਰਮਚਾਰੀ 

ਸ਼ਹਿਰ ’ਚ ਸੀਵਰੇਂਜ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ। ਪਾਈਪਾਂ ਬਹੁਤ ਪੁਰਾਣੀਆਂ ਹੋਣ ਅਤੇ ਸਮਰੱਥਾ ਘੱਟ ਹੋਣ ਕਾਰਨ ਸਮੇਂ-ਸਮੇਂ ’ਤੇ ਇਹ ਸਮੱਸਿਆ ਪੈਦਾ ਹੁੰਦੀ ਰਹਿੰਦੀ ਹੈ, ਜਲਦੀ ਹੀ ਉੱਚ ਪੱਧਰ ’ਤੇ ਗੱਲ ਕਰ ਕੇ ਗੁਰਦਾਸਪੁਰ ਦੀ ਸੀਵਰੇਜ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੈਂ ਜੈਡਿੰਗ ਮਸ਼ੀਨ ਦਾ ਮੁੱਦਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਕੋਲ ਉਠਾਇਆ ਸੀ ਅਤੇ ਜਲਦੀ ਹੀ ਗੁਰਦਾਸਪੁਰ ਨੂੰ ਇਹ ਮਸ਼ੀਨ ਮਿਲ ਜਾਵੇਗੀ।

ਇਹ ਵੀ ਪੜ੍ਹੋ- ਨਸ਼ੇ ਦੀ ਓਵਰਡੋਜ਼ ਕਾਰਨ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, ਮਾਂ ਦਾ ਰੋ-ਰੋ ਬੁਰਾ ਹਾਲ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Shivani Bassan

This news is Content Editor Shivani Bassan