''ਬਿਨਾਂ ਲਾਇਸੈਂਸ ਵਿਦੇਸ਼ ਭੇਜਣ ਵਾਲੇ ਟ੍ਰੈਵਲ ਏਜੰਟਾਂ ਖਿਲਾਫ ਹੋਵੇਗਾ ਪਰਚਾ ਦਰਜ''

08/21/2018 8:02:39 PM

ਤਰਨ ਤਾਰਨ,(ਰਮਨ)—ਬਿਨਾਂ ਲਾਇਸੈਂਸ ਭੋਲੀ-ਭਾਲੀ ਜਨਤਾ ਨੂੰ ਗੁੰਮਰਾਹ ਕਰਕੇ ਵਿਦੇਸ਼ ਭੇਜਣ ਵਾਲੇ ਟ੍ਰੈਵਲ ਏਜੰਟਾਂ ਖਿਲਾਫ ਤੁਰੰਤ ਕਾਰਵਾਈ ਕਰਦੇ ਹੋਏ ਪਰਚਾ ਦਰਜ ਕੀਤਾ ਜਾਵੇਗਾ, ਇਨ੍ਹਾਂ ਸ਼ਬਦਾਂ ਦਾ ਪ੍ਰਗਰਾਵਾ ਜ਼ਿਲਾ ਮੈਜਿਸਟ੍ਰੇਟ ਪ੍ਰਦੀਪ ਸਭਰਵਾਲ ਨੇ ਜਗ ਬਾਣੀ ਨਾਲ ਗੱਲਬਾਤ ਕਰਦੇ ਕੀਤਾ। ਜ਼ਿਲਾ ਮੈਜਿਸਟ੍ਰੇਟ ਪ੍ਰਦੀਪ ਸਭਰਵਾਲ ਨੇ ਦੱਸਿਆ ਕਿ ਉਨ੍ਹਾਂ ਵਲੋਂ ਤਹਿਸੀਲ ਪੱਧਰ 'ਤੇ ਐੱਸ. ਡੀ. ਐੱਮ ਅਤੇ ਡੀ. ਐੱਸ. ਪੀ ਨੂੰ ਲਿਖਤੀ ਹੁਕਮਾਂ ਰਾਹੀਂ ਆਦੇਸ਼ ਦਿੱਤੇ ਗਏ ਹਨ ਕਿ ਜੇ ਕੋਈ ਵੀ ਟਰੈਵਲ ਏਜੰਟ ਬਿਨਾਂ ਲਾਇਸੈਂਸ ਵਿਦੇਸ਼ ਭੇਜਣ ਦਾ ਕਾਰੋਬਾਰ ਕਰਦਾ ਪਾਇਆ ਗਿਆ ਤਾਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ

ਉਨ੍ਹਾਂ ਦੱਸਿਆ ਕਿ ਅੱਜ ਐੱਸ. ਡੀ. ਐੱਮ ਤਰਨ ਤਾਰਨ ਸੁਰਿੰਦਰ ਸਿੰਘ, ਡੀ. ਐੱਸ. ਪੀ ਸਿਟੀ ਸੁੱਚਾ ਸਿੰਘ ਬੱਲ ਅਤੇ ਥਾਣਾ ਮੁਖੀ ਇੰਸਪੈਕਟਰ ਚੰਦਰ ਭੂਸਣ ਵਾਲੀ ਸਾਂਝੀ ਟੀਮ ਵਲੋਂ ਬੋਹੜੀ ਚੌਂਕ ਨੇੜੇ ਸਥਿਤ ਬ੍ਰੀਲਿੰਟ ਓਵਰਸੀਜ਼ ਨਾਮਕ ਪ੍ਰਾਈਵੇਟ ਕੰਪਨੀ, ਜੋ ਲੋਕਾਂ ਨੂੰ ਵਿਦੇਸ਼ਾਂ 'ਚ ਭੇਜਣ ਦਾ ਕਾਰੋਬਾਰ ਪਿਛਲੇ ਲੰਬੇ ਸਮੇਂ ਤੋਂ ਕਰ ਰਹੇ ਸੀ, ਦੇ ਦਫਤਰ ਵਿਖੇ ਅੱਜ ਅਚਾਨਕ ਛਾਪੇਮਾਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਕੰਪਨੀ ਕੋਲ ਕੋਈ ਵੀ ਲਾਇਸੈਂਸ ਮੌਜੂਦ ਨਹੀ ਸੀ ਅਤੇ ਦਫਤਰ 'ਚ ਛਾਪੇਮਾਰੀ ਦੌਰਾਨ ਸਟਾਫ ਗੈਰ ਹਾਜ਼ਰ ਪਾਇਆ ਗਿਆ, ਜਿਸ ਤੋਂ ਬਾਅਦ ਟੀਮ ਵਲੋਂ ਇਸ ਦਫਤਰ ਨੂੰ ਮੌਕੇ 'ਤੇ ਸੀਲ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸਭਰਵਾਲ ਨੇ ਦੱਸਿਆ ਕਿ ਟੀਮ ਵਲੋਂ ਅੱਜ ਤੋਂ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜੇ ਕੋਈ ਵੀ ਟ੍ਰੈਵਲ ਏਜੰਟ ਬਿਨਾਂ ਲਾਇਸੈਂਸ ਪਾਇਆ ਗਿਆ ਤਾਂ ਉਸ ਖਿਲਾਫ ਤੁਰੰਤ ਕਰਵਾਈ ਅਮਲ 'ਚ ਲਿਆਂਦੀ ਜਾਵੇਗੀ। ਉਹਨਾਂ ਕਿਹਾ ਕਿ ਬਿਨਾਂ ਲਾਇਸੈਂਸ ਕਾਰੋਬਾਰ ਕਰਨ ਵਾਲੇ ਟ੍ਰੈਵਲ ਏਜੰਟਾਂ ਦੀ ਸੂਚਨਾ ਜ਼ਿਲਾ ਮੈਜਿਸਟ੍ਰੇਟ ਨੂੰ ਗੁਪਤ ਤੌਰ 'ਤੇ ਵੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਅਪੀਲ ਕੀਤੀ ਕਿ ਜਨਤਾ ਨਾਲ ਧੌਖਾ ਕਰਨ ਵਾਲਿਆਂ ਨੂੰ ਜਲਦ ਨੱਥ ਪਾਉਣ 'ਚ ਜਨਤਾ ਪ੍ਰਸ਼ਾਸਨ ਦਾ ਸਾਥ ਦੇਵੇ।