ਕਣਕ ਦੀ ਤੁਲਾਈ ਮੌਕੇ ਲੱਗ ਰਹੇ ਚੂਨੇ ਦੀ ਜਾਂਚ ਕਰਵਾਈ ਜਾਵੇ : ''ਆਪ'' ਆਗੂ

04/26/2018 10:34:49 AM

ਗੁਰਦਾਸਪੁਰ (ਹਰਮਨਪ੍ਰੀਤ ਸਿੰਘ) : ਕਿਸਾਨਾਂ ਨੂੰ ਮੰਡੀਆਂ 'ਚ ਪੇਸ਼ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਅੱਜ ਆਮ ਆਦਮੀ ਪਾਰਟੀ ਗੁਰਦਾਸਪੁਰ ਦੇ ਅਹੁਦੇਦਾਰਾਂ ਨੇ ਵੱਖ-ਵੱਖ ਮੰਡੀਆਂ ਦਾ ਦੌਰਾ ਕਰ ਕੇ ਕਿਸਾਨਾਂ ਨਾਲ ਗੱਲਬਾਤ ਕੀਤੀ। ਜਾਣਕਾਰੀ ਦਿੰਦਿਆਂ ਪਾਰਟੀ ਦੇ ਸੀਨੀਅਰ ਆਗੂ ਭਾਰਤ ਭੂਸ਼ਣ, ਜੋਬਨ ਬੋਪਾਰਾਏ, ਹਰਭਜਨ ਸਿੰਘ ਅਤੇ ਰਛਪਾਲ ਸਿੰਘ ਆਦਿ ਨੇ ਕਿਹਾ ਕਿ ਪਿੰਡ ਭੱਟੀਆਂ ਵਿਖੇ ਕਿਸਾਨ ਅਰਜਨ ਸਿੰਘ ਵਾਸੀ ਗੋਹਤ ਪੋਕਰ ਨੇ ਉਨ੍ਹਾਂ ਦੇ ਧਿਆਨ 'ਚ ਲਿਆਂਦਾ ਕਿ ਜਿਸ ਬਾਰਦਾਨੇ 'ਚ ਕਣਕ ਦੀ ਭਰਪਾਈ ਕੀਤੀ ਜਾ ਰਹੀ ਹੈ, ਉਸ ਦਾ ਭਾਰ 500 ਗ੍ਰਾਮ ਪ੍ਰਤੀ ਬੋਰੀ ਹੈ ਪਰ ਫ਼ਸਲ ਦੀ ਤੁਲਾਈ ਮੌਕੇ ਬੋਰੀ ਦਾ ਭਾਰ 700 ਗ੍ਰਾਮ ਦੱਸਿਆ ਜਾ ਰਿਹਾ ਹੈ ਅਤੇ ਹਰੇਕ ਬੋਰੀ ਦੀ ਤੁਲਾਈ ਮੌਕੇ ਕਿਸਾਨਾਂ ਨੂੰ 200 ਗ੍ਰਾਮ ਪ੍ਰਤੀ ਬੋਰੀ ਚੂਨਾ ਲਾਇਆ ਜਾ ਰਿਹਾ ਹੈ। ਉਕਤ ਆਗੂਆਂ ਨੇ ਡਿਪਟੀ ਕਮਿਸ਼ਨਰ ਕੋਲੋਂ ਮੰਗ ਕੀਤੀ ਕਿ ਉਹ ਇਸ ਸਬੰਧ ਵਿਚ ਲੋੜੀਂਦੀ ਜਾਂਚ ਕਰਵਾਉਣ ਅਤੇ ਕਿਸਾਨਾਂ ਨੂੰ ਇਨਸਾਫ਼ ਦਿਵਾਉਣ।