ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਨੇ ਫਿਰ ਕੀਤਾ ‘ਖਾਕੀ’ ਨੂੰ ਸ਼ਰਮਸਾਰ

04/27/2019 5:58:04 AM

ਝਬਾਲ/ਬੀਡ਼ ਸਾਹਿਬ, (ਲਾਲੂਘੁੰਮਣ, ਬਖਤਾਵਰ)- ਪੁਲਸ ਸਮਾਜ ਦਾ ਅਹਿਮ ਅੰਗ ਮੰਨੀ ਜਾਂਦੀ ਹੈ, ਜਦਕਿ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਵਾਲਿਆਂ ਦੇ ਵਿਸ਼ਵਾਸ ਨੂੰ ਮਜ਼ਬੂਤ ਬਣਾਈ ਰੱਖਣ ਲਈ ਪੁਲਸ ਦੀ ਵਿਸ਼ੇਸ਼ ਜਿੰਮੇਵਾਰੀ ਹੁੰਦੀ ਹੈ, ਪਰ ਜਦੋਂ ਪੁਲਸ ਹੀ ਕਈ ਪ੍ਰਕਾਰ ਦੇ ਜਰਾਇਮ ਪੇਸ਼ਾ ਲੋਕਾਂ ਵਾਲੇ ਕਾਰਨਾਮਿਆਂ ਨੂੰ ਲੈ ਕੇ ਕਟਿਹਰੇ ’ਚ ਘਿਰੀ ਹੋਵੇ ਤਾਂ ਲੋਕਾਂ ਦਾ ਵਿਸ਼ਵਾਸ ਪੁਲਸ ਤੋਂ ਉੱਠਣਾ ਲਾਜ਼ਮੀ ਹੀ ਹੈ। ਪਿਛਲੇ ਦਿਨਾਂ ਤੋਂ ਇਕ ਅਜਿਹੀ ਸੱਚਾਈ ਬਿਆਨ ਕਰ ਰਹੀ ਵੀਡੀਓ ਬਹੁਤ ਹੀ ਤੇਜ਼ੀ ਨਾਲ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜੋ ਪੁਲਸ ਦੇ ਕਿਰਦਾਰ ਨੂੰ ਦਾਗਦਾਰ ਕਰ ਰਹੀ ਹੈ। ਵੀਡੀਓ ਸਬੰਧੀ ਇਹ ਪੁਸ਼ਟੀ ਤਾਂ ਨਹੀਂ ਹੋ ਸਕੀ ਕਿ ਇਹ ਪੰਜਾਬ ਦੇ ਕਿਸ ਇਲਾਕੇ ਦੀ ਹੈ ਪਰ ਇਸ ਵੀਡੀਓ ’ਚ ਇਕ ਗੁਰਸਿੱਖ ਪੁਲਸ ਕਰਮਚਾਰੀ ਦੀ ਘਨੌਣੀ ਕਰਤੂਤ ਕਾਰਨ ਜਿੱਥੇ ਪੁਲਸ ਤੇ ਅਪਰਾਧਿਆਂ ਦੇ ਵੱਧ ਰਹੇ ਗੱਠਜੋਡ਼ ਸਬੰਧੀ ਇਕ ਵੱਡੀ ਸੱਚਾਈ ਜੱਗ ਜਾਹਿਰ ਹੋ ਰਹੀ ਹੈ, ਉੱਥੇ ਹੀ ਪੰਜਾਬ ’ਚ ਨਸ਼ਾਖੋਰੀ ਨੂੰ ਬਡ਼ਾਵਾ ਦੇਣ ਦੇ ਪੁਲਸ ’ਤੇ ਲੋਕਾਂ ਵਲੋਂ ਲਾਏ ਜਾ ਰਹੇ ਇਲਜਾਮਾਂ ਨੂੰ ਇਹ ਵੀਡੀਓ ਸੱਚਾ ਸਾਬਤ ਕਰਨ ਦੇ ਪੁੱਖਤਾ ਸਬੂਤ ਵਜੋਂ ਮਿਸਾਲ ਵੀ ਪੇਸ਼ ਕਰ ਰਹੀ ਹੈ।

ਦੱਸਣਯੋਗ ਹੈ ਕਿ ਇਸ ਵੀਡੀਓ ’ਚ ਉਕਤ ਪੁਲਸ ਕਰਮਚਾਰੀ ਦੀ ਇਕ ਹੋਰ ਪੁਲਸ ਵਰਦੀ ਵਲੋਂ ਉਸ ਦੀ ਪੈਂਟ ਉਤਰਵਾ ਕੇ ਤਲਾਸ਼ੀ ਲੈਂਦੇ ਵਿਖਾਇਆ ਗਿਆ ਹੈ, ਜਿਸ ਦੌਰਾਨ ਕਾਬੂ ਕੀਤੇ ਗਏ ਅੰਮ੍ਰਿਤਧਾਰੀ ਉਕਤ ਪੁਲਸ ਦੇ ਜਵਾਨ ਵਲੋਂ ਅੰਗਵਸਤਰ (ਕਸਹਿਰੇੇ) ਦੇ ਨਾਲੇ ਨਾਲ ਬੰਨ੍ਹੀਆਂ ਗਈਆਂ 2 ਤੰਬਾਕੂ ਦੀਆਂ ਪੁਡ਼ੀਆਂ ਵਿਖਾਈ ਦੇ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਪੰਜਾਬ ਦੀ ਕਿਸੇ ਜੇਲ ’ਚ ਤਾਇਨਾਤ ਹੋਮਗਾਰਡ ਦੇ ਕਰਮਚਾਰੀ ਦੀ ਹੈ, ਜਿਸ ਵਲੋਂ ਗੁਰਸਿੱਖੀ ਭੇਸ ਦਾ ਫਾਇਦਾ ਚੁੱਕਦਿਆਂ ਅੰਗਵਸਤਰ ਦੇ ਅੰਦਰ ਨਸ਼ੇ ਵਾਲੇ ਪਦਾਰਥ ਛੁਪਾ ਕੇ ਅਜਿਹੇ ਢੰਗ ਨਾਲ ਕੈਦੀਆਂ ਨੂੰ ਨਸ਼ਾ ਸਪਲਾਈ ਕਰਨ ਦਾ ਧੰਦਾ ਕੀਤਾ ਜਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਉਕਤ ਕਰਮਚਾਰੀ ਨੂੰ ਵਿਜੀਲੈਂਸ ਵਲੋਂ ਕਾਬੂ ਕੀਤਾ ਗਿਆ ਹੈ । ਉਕਤ ਕਰਮਚਾਰੀ ਨੂੰ ਦਫਤਰ ਵਰਗੇ ਕਿਸੇ ਕਮਰੇ ’ਚ ਲਿਜਾ ਕਿ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਪੁੱਛਗਿੱਛ ਕਰਨ ਸਮੇਂ ਦਫਤਰ ’ਚ ਹੀ ਮੌਜੂਦ ਕਿਸੇ ਵਲੋਂ ਉਕਤ ਵੀਡੀਓ ਬਣਾਈ ਗਈ ਹੈ। ਵੀਡੀਓ ’ਚ ਸੁਣਾਈ ਦੇ ਰਹੀ ਆਵਾਜ਼ ਅਨੁਸਾਰ ਵਿਜੀਲੈਂਸ ਵਿਭਾਗ ਦੇ ਕਰਮਚਾਰੀ ਵਲੋਂ ਕਾਬੂ ਕੀਤੇ ਗਏ ਉਕਤ ਮੁਲਾਜ਼ਮ ਨੂੰ ਪੁੱਛਿਆ ਜਾ ਰਿਹਾ ਹੈ ਕਿ ‘ਇਹ ਪੁਡ਼ੀਆਂ ਤੂੰ ਕਿਸ ਨੂੰ ਦੇਣੀਆਂ ਹਨ ਤਾਂ ਕਥਿਤ ਮੁਲਜ਼ਮ ਵਲੋਂ ਜੁਆਬ ਦਿੱਤਾ ਜਾਂਦਾ ਹੈ ਕਿ ਜੇਲ ’ਚ ਫਲਾਣੇ ਕੈਦੀ ਨੂੰ ਦੇਣੀਆਂ ਹਨ’। ਪੁਡ਼ੀਆਂ ਕਿੰਨੇ ਪੈਸਿਆਂ ’ਚ ਵੇਚਣੀਆਂ ਹਨ, ਦੇ ਜੁਆਬ ’ਚ ਮੁਲਜ਼ਮ (ਕਰਮਚਾਰੀ) ਹੱਥ ਜੋਡ਼ ਕੇ ਮਾਫੀ ਮੰਗਦਿਆਂ ਅੱਗੇ ਤੋਂ ਅਜਿਹਾ ਨਾ ਕਰਨ ਦਾ ਵਾਅਦਾ ਕਰਦਿਆਂ ਦੱਸਦਾ ਹੈ ਕਿ 550 ਰੁਪਏ ’ਚ ਇਕ ਪੁਡ਼ੀ ਵੇਚੀ ਜਾਣੀ ਹੈ। ਇਹ ਵੀਡੀਓ ਸੱਚਾਈ ਬਿਆਨ ਕਰਦੀ ਹੈ, ਕਿ ਜੇਲ ’ਚ ਤਾਇਨਾਤ ਪੁਲਸ ਦੇ ਕਰਮਚਾਰੀ ਤੇ ਅਧਿਕਾਰੀ ਹੀ ਜੇਲਾਂ ’ਚ ਕੈਦੀਆਂ ਨੂੰ ਨਸ਼ਾ ਸਪਲਾਈ ਕਰਨ ਦਾ ਕਾਰੋਬਾਰ ਚਲਾ ਰਹੇ ਹਨ।

ਡੀ. ਜੀ. ਜੇਲਾਂ ਤੋਂ ਲਈ ਜਾਵੇਗੀ ਰਿਪੋਰਟ : ਡੀ.ਜੀ.ਪੀ. ਦਿਨਕਰ ਗੁਪਤਾ

ਇਸ ਵੀਡੀਓ ਸਬੰਧੀ ਡੀ.. ਦਿਨਕਰ ਗੁਪਤਾ ਨੇ ਇਸ ਸਬੰਧੀ ਡੀ.ਜੀ. (ਡਾਇਰੈਕਟਰ ਜਨਰਲ) ਜੇਲਾਂ ਮਿਸ. ਰੋਹਿਤ ਚੌਧਰੀ ਪਾਸੋਂ ਉਕਤ ਵਾਇਰਲ ਵੀਡੀਓ ਸਬੰਧੀ ਰਿਪੋਰਟ ਲਏ ਜਾਣ ਦੀ ਗੱਲ ਕਰਦਿਆਂ ਕਿਹਾ ਕਿ ਰਿਪੋਰਟ ਆਉਣ ਉਪਰੰਤ ਹੀ ਉਹ ਇਸ ਸਬੰਧੀ ਕੁਝ ਦੱਸ ਸਕਦੇ ਹਨ।

ਸ੍ਰੀ ਅਕਾਲ ਤਖਤ ਸਾਹਿਬ ’ਤੇ ਕਰਾਂਗੇ ਇਸ ਕਰਤੂਤ ਦੀ ਸ਼ਿਕਾਇਤ :ਭਾਈ ਸੋਹਲ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਪੰਜਾਬ ਦੇ ਪ੍ਰਧਾਨ ਭਾਈ ਤਰਲੋਚਨ ਸਿੰਘ ਸੋਹਲ ਨੇ ਅੰਮ੍ਰਿਤਧਾਰੀ ਉਕਤ ਪੁਲਸ ਕਰਮਚਾਰੀ ਦੀ ਘਟੀਆ ਕਰਤੂਤ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕਰਦਿਆਂ ਕਿਹਾ ਕਿ ਗੁਰਸਿੱਖੀ ਦੇ ਲਿਬਾਸ ’ਚ ਅਜਿਹੀਆਂ ਕਾਲੀਆਂ ਭੇਡਾਂ ਸਿੱਖੀ ਨੂੰ ਬਦਨਾਮ ਕਰ ਰਹੀਆਂ ਹਨ। ਉਨ੍ਹਾਂ ਨੇ ਸਿੱਖੀ ਦੇ ਕਰਾਰਾਂ ਦੀ ਉਕਤ ਪੁਲਸ ਕਰਮਚਾਰੀ ਵਲੋਂ ਬੇਅਦਬੀ ਕਰਨ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਿਕਾਇਤ ਦਰਜ ਕਰਾਉਣ ਦੀ ਗੱਲ ਕਰਦਿਆਂ ਕਿਹਾ ਕਿ ਉਕਤ ਪੁਲਸ ਕਰਮਚਾਰੀ ਦਾ ਪਤਾ ਲਗਾ ਕਿ ਉਸ ਖਿਲਾਫ ਸਬੰਧਤ ਥਾਣੇ ’ਚ ਸਿੱਖ ਕੌਮ ਦੀਆਂ ਧਾਰਮਕ ਭਾਵਨਾਵਾਂ ਦਾ ਨਿਰਾਦਰ ਕਰਨ ਦੇ ਦੋਸ਼ਾਂ ਹੇਠ ਕੇਸ ਵੀ ਦਰਜ ਕਰਾਇਆ ਜਾਵੇਗਾ।

ਧਾਰਮਕ ਤੇ ਕਾਨੂੰਨੀ ਕਾਰਵਾਈ ਲਈ ਕੀਤੀ ਜਾਵੇਗੀ ਵਿਚਾਰ : ਸਿੰਘ ਸਾਹਿਬ ਗਿ. ਹਰਪ੍ਰੀਤ ਸਿੰਘ

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇ. ਸਿੰਘ ਸਾਹਿਬ ਗਿ. ਹਰਪ੍ਰੀਤ ਸਿੰਘ ਨੇ ਉਕਤ ਘਟਨਾ ਨੂੰ ਬਹੁਤ ਹੀ ਮੰਦਭਾਗੀ ਤੇ ਸਿੱਖ ਸੰਗਤਾਂ ਦੀਆਂ ਧਾਰਮਕ ਭਾਵਾਨਾਵਾਂ ਨੂੰ ਸੱਟ ਮਾਰਨ ਵਾਲੀ ਕਰਾਰ ਦਿੰਦਿਆਂ ਕਿਹਾ ਕਿ ਇਕ ਗੁਰਸਿੱਖ ਵਿਅਕਤੀ ਨੂੰ ਅਜਿਹਾ ਕਰਨਾ ਸ਼ੋਭਾ ਨਹੀਂ ਦਿੰਦਾ ਹੈ। ਉਨ੍ਹਾਂ ਨੇ ਉਕਤ ਅੰਮ੍ਰਿਤਧਾਰੀ ਪੁਲਸ ਕਰਮਚਾਰੀ ਵਿਰੋਧ ਧਾਰਮਕ ਅਤੇ ਕਾਨੂੰਨੀ ਕਾਰਵਾਈ ਕਰਨ ਲਈ ਵਿਚਾਰ ਕਰਨ ਦਾ ਦਾਅਵਾ ਕਰਦਿਆਂ ਕਿਹਾ ਕਿ ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਜਲਦ ਹੀ ਫੈਸਲਾ ਲਿਆ ਜਾਵੇਗਾ।


Bharat Thapa

Content Editor

Related News