ਚੋਰਾਂ ਨੇ ਠੇਕੇ ਦਾ ਸ਼ਟਰ ਤੋੜ ਕੇ 2.85 ਲੱਖ ਦੀ ਸ਼ਰਾਬ ਕੀਤੀ ਚੋਰੀ

01/29/2020 10:43:35 AM

ਵਲਟੋਹਾ/ਅਮਰਕੋਟ (ਗੁਰਮੀਤ,ਸੰਦੀਪ) : ਥਾਣਾ ਵਲਟੋਹਾ ਅਧੀਨ ਆਉਂਦੇ ਕਸਬਾ ਅਮਰਕੋਟ ਵਿਖੇ ਬੀਤੀ ਰਾਤ ਚੋਰਾਂ ਵਲੋਂ ਸ਼ਰਾਬ ਦੇ ਠੇਕੇ ਨੂੰ ਨਿਸ਼ਾਨਾ ਬਣਾਉਂਦਿਆਂ ਦੁਕਾਨ ਦਾ ਸ਼ਟਰ ਤੋੜ ਕੇ ਲੱਖਾਂ ਰੁਪਏ ਦੀ ਸ਼ਰਾਬ ਚੋਰੀ ਕਰਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਹੋਏ ਠੇਕੇ ਦੇ ਸੇਲਜ਼ਮੈਨ ਗਗਨਦੀਪ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਬੀਤੀ ਰਾਤ ਵੀ ਉਹ ਠੇਕਾ ਬੰਦ ਕਰ ਕੇ ਆਪਣੇ ਦਫ਼ਤਰ ਚਲੇ ਗਏ। ਅੱਜ ਸਵੇਰੇ ਆਸ-ਪਾਸ ਦੇ ਘਰਾਂ ਨੇ ਠੇਕੇ ਦਾ ਸ਼ਟਰ ਟੁੱਟਾ ਹੋਇਆ ਦੇਖਿਆ ਤਾਂ ਉਨ੍ਹਾਂ ਨੇ ਫੋਨ ਕਰ ਕੇ ਸੂਚਿਤ ਕੀਤਾ। ਜਦ ਉਹ ਦੁਕਾਨ 'ਤੇ ਆਏ ਤਾਂ ਵੇਖਿਆ ਕਿ ਠੇਕੇ ਦਾ ਸ਼ਟਰ ਪੂਰੀ ਤਰ੍ਹਾਂ ਟੁੱਟਾ ਹੋਇਆ ਸੀ ਅਤੇ ਅੰਦਰ ਸਾਮਾਨ ਖਿੱਲਰਿਆ ਹੋਇਆ ਸੀ। ਉਨ੍ਹਾਂ ਵਲੋਂ ਚੈੱਕ ਕਰਨ 'ਤੇ 1 ਪੇਟੀ ਫਾਈਵ ਸਟਾਰ, ਇਕ ਪੇਟੀ ਬਲੈਕ ਹੌਰਸ, ਇਕ ਪੇਟੀ ਡਿਊਟ, 3 ਪੇਟੀਆਂ ਮੈਕਡਾਵਲ, 5 ਪੇਟੀਆਂ ਇੰਪੀਰੀਅਲ ਬਲਿਊ, 4 ਪੇਟੀਆਂ ਰਾਇਲ ਸਟੈਗ, 9 ਪੇਟੀਆਂ ਆਲ ਸੀਜ਼ਨ, ਇਕ ਪੇਟੀ 100 ਪਾਈਪਰ, ਇਕ ਪੇਟੀ ਬਲੈਂਡਰ ਪਰਾਈਡ, 2 ਪੇਟੀਆਂ ਸਿਗਨੇਚਰ, ਦੋ ਪੇਟੀਆਂ ਬਲੈਕ ਐਂਡ ਵਾਈਟ, 5 ਪੇਟੀਆਂ ਬੀਅਰ ਤੋਂ ਇਲਾਵਾ ਹੋਰ ਦੇਸੀ ਮਾਰਕਾ ਦੀਆਂ ਸ਼ਰਾਬ ਦੀਆਂ ਪੇਟੀਆਂ ਗਾਇਬ ਸਨ। ਇਸ ਤੋਂ ਇਲਾਵਾ ਕੁੱਝ ਨਕਦੀ ਵੀ ਚੋਰੀ ਹੋ ਚੁੱਕੀ ਸੀ।

ਇਸ ਸਬੰਧੀ ਫਰੈਂਡਜ਼ ਕੰਪਨੀ ਦੇ ਮਾਲਕ ਹਰਜੀਤ ਸਿੰਘ ਕਾਲੀਆ ਨੇ ਦੱਸਿਆ ਕਿ 2.85 ਲੱਖ 580 ਰੁਪਏ ਦੀ ਸ਼ਰਾਬ ਚੋਰੀ ਹੋਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਸਾਡੇ ਸਰਕਲ ਦੇ ਠੇਕੇ ਘਰਿਆਲਾ ਤੋਂ 5 ਲੱਖ 27 ਹਜ਼ਾਰ 520 ਰੁਪਏ ਅਤੇ ਭਿੱਖੀਵਿੰਡ ਤੋਂ 3 ਲੱਖ 23 ਹਜ਼ਾਰ 940 ਰੁਪਏ ਦੀ ਸ਼ਰਾਬ ਚੋਰੀ ਹੋਈ ਸੀ ਪਰ ਅੱਜ ਤੱਕ ਪੁਲਸ ਕਿਸੇ ਵੀ ਚੋਰ ਨੂੰ ਫੜ੍ਹਨ 'ਚ ਨਾਕਾਮਯਾਬ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਚੋਰਾਂ ਨੂੰ ਕਾਬੂ ਕੀਤਾ ਜਾਵੇ। ਉੱਧਰ ਘਟਨਾ ਦਾ ਪਤਾ ਚਲਦਿਆਂ ਸਬ-ਡਵੀਜ਼ਨ ਭਿੱਖੀਵਿੰਡ ਦੇ ਡੀ. ਐੱਸ. ਪੀ. ਰਾਜਬੀਰ ਸਿੰਘ, ਥਾਣਾ ਵਲਟੋਹਾ ਦੇ ਐੱਸ. ਐੱਚ. ਓ. ਬਲਵਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ। ਡੀ. ਐੱਸ. ਪੀ. ਰਾਜਬੀਰ ਸਿੰਘ ਨੇ ਕਿਹਾ ਕਿ ਪੁਲਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਨਜ਼ਦੀਕ ਲੱਗੇ ਸੀ. ਸੀ. ਟੀ. ਵੀ. ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਲਦੀ ਹੀ ਚੋਰਾਂ ਦਾ ਪਤਾ ਲਾ ਕੇ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


Baljeet Kaur

Content Editor

Related News