ਯੂਕ੍ਰੇਨ ਭੇਜਣ ਦਾ ਝਾਂਸਾ ਦੇ ਕੇ ਪਿਓ-ਪੁੱਤ ਨੇ ਮਾਰੀ 4 ਲੱਖ ਰੁਪਏ ਦੀ ਠੱਗੀ

05/12/2022 8:30:30 PM

ਤਰਨਤਾਰਨ (ਰਾਜੂ)- ਥਾਣਾ ਖਾਲੜਾ ਪੁਲਸ ਨੇ ਯੂਕ੍ਰੇਨ ਭੇਜਣ ਦਾ ਝਾਂਸਾ ਦੇ ਕੇ 4 ਲੱਖ ਦੀ ਠੱਗੀ ਮਾਰਨ ਦੇ ਦੋਸ਼ ਹੇਠ ਪਿਓ-ਪੁੱਤ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨ ’ਚ ਕੰਵਲਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਰਾਜੋਕੇ ਨੇ ਦੱਸਿਆ ਕਿ ਉਸ ਨੇ ਸਾਲ 2016 ਵਿਚ 12ਵੀਂ ਜਮਾਤ ਪਾਸ ਕੀਤੀ ਸੀ ਅਤੇ ਉਹ ਪਿੰਡ ਵਿਚ ਡੇਅਰੀ ਦੀ ਦੁਕਾਨ ਚਲਾਉਂਦੇ ਅਮਰੀਕ ਸਿੰਘ ਪੁੱਤਰ ਮਹਿੰਦਰ ਸਿੰਘ ਕੋਲ ਦੁੱਧ ਪਾਉਣ ਆਉਂਦਾ ਸੀ। 

ਅਮਰੀਕ ਸਿੰਘ ਨੇ ਉਸ ਨੂੰ ਕਿਹਾ ਕਿ ਮੇਰਾ ਮੁੰਡਾ ਯੂਕ੍ਰੇਨ ਵਿਚ ਹੈ। ਜੇਕਰ ਉਹ ਯੂਕ੍ਰੇਨ ਜਾਣਾ ਚਾਹੁੰਦਾ ਹੋਵੇ ਤਾਂ ਉਹ ਉਸ ਨੂੰ ਭੇਜ ਦੇਣਗੇ, ਜਿਸ ’ਤੇ ਉਹ ਉਕਤ ਵਿਅਕਤੀ ਦੀਆਂ ਗੱਲਾਂ ਵਿਚ ਆ ਗਿਆ ਅਤੇ ਥੋੜ੍ਹੇ ਦਿਨਾਂ ਬਾਅਦ ਜਦ ਉਹ ਡੇਅਰੀ ’ਤੇ ਗਿਆ ਤਾਂ ਅਮਰੀਕ ਸਿੰਘ ਨੇ ਮੋਬਾਇਲ ’ਤੇ ਆਪਣੇ ਮੁੰਡੇ ਅੰਮ੍ਰਿਤਪਾਲ ਸਿੰਘ ਦੀ ਗੱਲ ਕਰਵਾਈ, ਜਿਸ ਨੇ ਉਸ ਨੂੰ ਭਰੋਸਾ ਦਿੱਤਾ ਕਿ ਉਹ ਉਸ ਨੂੰ ਯੂਕ੍ਰੇਨ ਭੇਜ ਦੇਵੇਗਾ।ਅੰਮ੍ਰਿਤਪਾਲ ਸਿੰਘ ਨੇ ਉਨ੍ਹਾਂ ਕੋਲੋਂ 4 ਲੱਖ 50 ਹਜ਼ਾਰ ਦੀ ਮੰਗ ਕੀਤੀ, ਜਿਸ ’ਤੇ ਉਸ ਨੇ ਉਕਤ ਰਾਸ਼ੀ ਅਤੇ ਪਾਸਪੋਰਟ ਅਮਰੀਕ ਸਿੰਘ ਨੂੰ ਦੇ ਦਿੱਤੇ। 

ਉਕਤ ਵਿਅਕਤੀਆਂ ਨੇ ਉਸ ਨੂੰ ਜਾਅਲੀ ਵੀਜ਼ਾ ਲਗਵਾ ਦਿੱਤਾ ਅਤੇ ਉਸ ਦੀ ਰਕਮ ਹੜੱਪ ਕਰ ਗਏ, ਜਿਸ ਦੀ ਸ਼ਿਕਾਇਤ ਉਸ ਨੇ ਪੁਲਸ ਨੂੰ ਕਰ ਦਿੱਤੀ। ਇਸ ਸਬੰਧੀ ਡੀ.ਐੱਸ.ਪੀ ਤਰਸੇਮ ਮਸੀਹ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਅੰਮ੍ਰਿਤਪਾਲ ਸਿੰਘ ਪੁੱਤਰ ਅਮਰੀਕ ਸਿੰਘ ਅਤੇ ਅਮਰੀਕ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀਆਨ ਰਾਜੋਕੇ ਖ਼ਿਲਾਫ਼ ਮੁਕੱਦਮਾ ਨੰਬਰ 35 ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

rajwinder kaur

This news is Content Editor rajwinder kaur