ਬੈਰੀਕੇਡ ਤੋੜਨ ਤੇ ਗਾਲੀ ਗਲੋਚ ਮਗਰੋਂ 2 ਨੌਜਵਾਨਾਂ ਨੇ ਭਜਾਈ ਕਾਰ, ਪੁਲਸ ਨੇ ਕਾਬੂ ਕਰ ਦਰਜ ਕੀਤਾ ਮਾਮਲਾ

11/26/2022 1:58:21 PM

ਗੁਰਦਾਸਪੁਰ (ਵਿਨੋਦ)- ਥਾਣਾ ਸਦਰ ਪੁਲਸ ਵੱਲੋਂ ਹਰਦੋਛੰਨੀਆਂ ਬਾਈਪਾਸ ਚੌਂਕ ਵਿਖੇ ਲਗਾਏ ਨਾਕੇ ਦੌਰਾਨ ਬੈਰੀਕੇਡ ਨੂੰ ਸਾਈਡ ਮਾਰ ਕੇ ਤੋੜਣ, ਪੁਲਸ ਪਾਰਟੀ ਨੂੰ ਗਾਲੀ ਗਲੋਚ ਕਰਨ ਅਤੇ ਮਾੜੀ ਸ਼ਬਦਾਵਲੀ ਵਰਤਣ ਵਾਲੇ ਦੋ ਨੌਜਵਾਨਾਂ ਨੂੰ ਥਾਣਾ ਸਦਰ ਪੁਲਸ ਨੇ ਗ੍ਰਿਫ਼ਤਾਰ ਕਰਕੇ ਦੋਵਾਂ ਦੇ ਖ਼ਿਲਾਫ਼ ਧਾਰਾ 353,186,427,279 ਦੇ ਤਹਿਤ ਮਾਮਲਾ ਦਰਜ਼ ਕੀਤਾ ਹੈ।

ਇਹ ਵੀ ਪੜ੍ਹੋ- ਦਾਜ ਦੀ ਗੱਡੀ ’ਚ ਕਾਲੇ ਕਾਰਨਾਮਿਆਂ ਨੂੰ ਅੰਜਾਮ ਦੇ ਰਹੇ ਸੀ ਜੀਜਾ-ਸਾਲਾ, ਇੰਝ ਖੁੱਲਿਆ ਭੇਤ

ਇਸ ਸਬੰਧੀ ਸਹਾਇਕ ਸਬ ਇੰਸਪੈਕਟਰ ਹਰਮਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਪੁਲਸ ਪਾਰਟੀ ਦੇ ਨਾਲ ਮਾਨਯੋਗ ਐੱਸ.ਐੱਸ.ਪੀ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਸਿਟੀ ਸੀਲਿੰਗ ਦੇ ਸਬੰਧ ’ਚ ਹਰਦੋਛੰਨੀਆ ਬਾਈਪਾਸ ਚੌਂਕ ਵਿਖੇ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਵਹੀਕਲਾਂ ਦੀ ਸ਼ੱਕ ਦੇ ਆਧਾਰ ’ਤੇ ਚੈਕਿੰਗ ਕਰ ਰਿਹਾ ਸੀ। ਇਸ ਦੌਰਾਨ ਇਕ ਬਰੀਜਾ ਕਾਰ ਨਬੀਪੁਰ ਸਾਇਡ ਵੱਲੋਂ ਤੇਜ਼ ਰਫ਼ਤਾਰ ਨਾਲ ਬਿਨਾਂ ਹਾਰਨ ਦਿੱਤੇ ਆਈ। ਜਿਸ ਨੂੰ ਜਦ ਪੁਲਸ ਕਰਮਚਾਰੀਆਂ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ ’ਚ ਸਵਾਰ ਕਾਰ ਚਾਲਕ ਪੁਲਸ ਨਾਕੇ ਦੌਰਾਨ ਲਗਾਏ ਬੈਰੀਕੇਡ ਨੂੰ ਸਾਈਡ ਮਾਰ ਕੇ ਤੋੜ ਕੇ, ਪੁਲਸ ਪਾਰਟੀ ਨੂੰ ਗਾਲੀ ਗਲੋਚ ਕਰਕੇ ਅਤੇ ਮਾੜੀ ਸ਼ਬਦਾਂਵਲੀ ਬੋਲ ਕੇ ਕਾਰ ਨੂੰ ਤੇਜ਼ ਰਫ਼ਤਾਰ ਨਾਲ ਭਜਾ ਕੇ ਲੈ ਗਏ। ਜਿਸ ਨੂੰ ਪੁਲਸ ਪਾਰਟੀ ਵੱਲੋਂ ਪਿੱਛਾ ਕਰਕੇ ਕਾਬੂ ਕੀਤਾ ਗਿਆ।

ਇਹ ਵੀ ਪੜ੍ਹੋ- ਇਕ ਸਾਲ ਤੋਂ ਕੋਮਾ ’ਚ ਹੈ ਮਾਸੂਮ ਬੱਚੇ ਦੀ ਮਾਂ, ਸਵੇਰੇ ਜਾਂਦਾ ਸਕੂਲ ਸ਼ਾਮ ਨੂੰ ਕਰਦਾ ਘਰ ਦੇ ਕੰਮ

ਪੁਲਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਕਾਬੂ ਕੀਤੇ ਦੋਸ਼ੀਆਂ ਤੋਂ ਪੁੱਛਗਿਛ ਕੀਤੀ ਗਈ ਤਾਂ ਕਾਰ ਨੂੰ ਚਲਾਉਣ ਵਾਲਾ ਦੋਸ਼ੀ ਵਿਕਰਮ ਸਿੰਘ ਪੁੱਤਰ ਸੁਖਜਿੰਦਰ ਅਤੇ ਨਾਲ ਵਾਲੀ ਸੀਟ ’ਤੇ ਬੈਠਾ ਦੋਸ਼ੀ ਸੁਖਜਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀਆਨ ਗੁਰਦਾਸਪੁਰ ਦਾ ਸੀ। ਜਿਸ ’ਤੇ ਦੋਵਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਕਾਰ ਨੂੰ ਕਬਜ਼ੇ ’ਚ ਲੈ ਕੇ ਮਾਮਲਾ ਦਰਜ਼ ਕੀਤਾ ਗਿਆ।

Shivani Bassan

This news is Content Editor Shivani Bassan