353 ਗ੍ਰਾਮ ਹੈਰੋਇਨ ਸਮੇਤ ਦੋ ਸਮੱਗਲਰ ਪੁਲਸ ਅੜਿੱਕੇ

01/14/2020 9:16:28 PM

ਤਰਨਤਾਰਨ, (ਬਲਵਿੰਦਰ ਕੌਰ,ਰਾਜੂ)- ਸੀ. ਆਈ. ਏ. ਸਟਾਫ ਤਰਨਤਾਰਨ ਨੇ 353 ਗ੍ਰਾਮ ਹੈਰੋਇਨ ਸਮੇਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਹਾਲਾਂਕਿ ਪੁਲਸ ਨੇ ਹੈਰੋਇਨ ਵੇਚਣ ਅਤੇ ਸਪਲਾਈ ਕਰਨ ਵਾਲੇ ਦੋ ਹੋਰ ਮੁਲਜ਼ਮਾਂ ਸਮੇਤ ਇਨ੍ਹਾਂ ਚਾਰ ਲੋਕਾਂ ਖਿਲਾਫ ਕੇਸ ਦਰਜ ਕਰਨ ਦਾ ਦਾਅਵਾ ਵੀ ਕੀਤਾ ਹੈ। ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. (ਆਈ.) ਸੁਖਨਿੰਦਰ ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਹਰਿਤ ਸ਼ਰਮਾ ਦੀਆਂ ਹਦਾਇਤਾਂ ਅਨੁਸਾਰ ਏ. ਐੱਸ. ਆਈ. ਨਿਰਮਲ ਸਿੰਘ ਪੁਲਸ ਪਾਰਟੀ ਸਮੇਤ ਤਰਨਤਾਰਨ ਤੋਂ ਵੈਰੋਂਵਾਲ ਨੂੰ ਜਾ ਰਹੇ ਸਨ ਜਦ ਟੀ ਪੁਆਇੰਟ ਏਕਲਗੱਡਾ ਕੋਲ ਪਹੁੰਚੇ ਤਾਂ ਦੋ ਨੌਜਵਾਨਾਂ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕੀਤਾ। ਜਿਨ੍ਹਾਂ ਦੀ ਪਛਾਣ ਨਵਜੀਤ ਸਿੰਘ ਉਰਫ ਦੀਪ ਪੁੱਤਰ ਜਗਜੀਤ ਸਿੰਘ ਵਾਸੀ ਨੱਥੋਕੇ ਅਤੇ ਅੰਮ੍ਰਿਤਪਾਲ ਸਿੰਘ ਉਰਫ ਕਾਲੂ ਪੁੱਤਰ ਦਿਲਬਾਗ ਸਿੰਘ ਵਾਸੀ ਭੱੁਲਰ ਵਜੋਂ ਹੋਈ। ਇਨ੍ਹਾਂ ਵਿਅਕਤੀਆਂ ਦੀ ਸਬ ਇੰਸਪੈਕਟਰ ਪਰਮਜੀਤ ਸਿੰਘ ਵਲੋਂ ਤਲਾਸ਼ੀ ਲੈਣ ’ਤੇ ਨਵਜੀਤ ਸਿੰਘ ਕੋਲੋਂ 178 ਗ੍ਰਾਮ ਅਤੇ ਅੰਮ੍ਰਿਤਪਾਲ ਸਿੰਘ ਕੋਲੋਂ 175 ਗ੍ਰਾਮ ਹੈਰੋਇਨ ਕੁੱਲ 353 ਗ੍ਰਾਮ ਹੈਰੋਇਨ ਬਰਾਮਦ ਹੋਈ। ਡੀ. ਐੱਸ. ਪੀ. ਸੁਖਨਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਅਜੇ ਮਸੀਹ ਵਾਸੀ ਰਈਆ ਕੋਲੋਂ ਹੈਰੋਇਨ ਮੰਗਵਾਉਂਦੇ ਸਨ ਅਤੇ ਅਜੇ ਮਸੀਹ ਦੇ ਕਹਿਣ ’ਤੇ ਮੰਨੂੰ ਵਾਸੀ ਰਈਆ ਉਨ੍ਹਾਂ ਨੂੰ ਹੈਰੋਇਨ ਦੀ ਸਪਲਾਈ ਕਰਦਾ ਸੀ। ਡੀ. ਐੱਸ. ਪੀ. ਸੁਖਨਿੰਦਰ ਸਿੰਘ ਨੇ ਦੱਸਿਆ ਕਿ ਨਵਜੀਤ ਸਿੰਘ ਉਰਫ ਦੀਪ, ਅੰਮ੍ਰਿਤਪਾਲ ਸਿੰਘ, ਅਜੇ ਮਸੀਹ ਅਤੇ ਮੰਨੂੰ ਵਾਸੀ ਰਈਆ ਖਿਲਾਫ ਕੇਸ ਦਰਜ ਕਰ ਕੇ ਫਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Bharat Thapa

This news is Content Editor Bharat Thapa