160 ਗ੍ਰਾਮ ਹੈਰੋਇਨ ਸਮੇਤ ਦੋ ਅੜਿੱਕੇ, ਇਕ ਫਰਾਰ

07/13/2019 1:24:20 AM

ਖਾਲਡ਼ਾ, ਭਿੱਖੀਵਿੰਡ, (ਭਾਟੀਆ)- ਥਾਣਾ ਖਾਲਡ਼ਾ ਦੀ ਪੁਲਸ ਨੇ 160 ਗ੍ਰਾਮ ਹੈਰੋਇਨ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਥਾਣਾ ਖਾਲਡ਼ਾ ਦੇ ਮੁਖੀ ਐੱਸ.ਐੱਚ.ਓ. ਹਰਪ੍ਰੀਤ ਸਿੰਘ ਵਿਰਕ ਨੇ ਦੱਸਿਆ ਕਿ ਐੱਸ.ਆਈ. ਅਮਰੀਕ ਸਿੰਘ, ਏ.ਐੱਸ.ਆਈ. ਸਲਵਿੰਦਰ ਸਿੰਘ ਚੌਕੀ ਇਚਾਰਜ ਰਾਜੋਕੇ ਸਮੇਤ ਪੁਲਸ ਪਾਰਟੀ ਪਿੰਡ ਪੁਲ ਡਿਫੈਂਸ ਡਰੇਨ ਰਾਜੋਕੇ ਵਿਖੇ ਵਾਹਨਾਂ ਦੀ ਚੈਕਿੰੰਗ ਕਰ ਰਹੇ ਸੀ ਕਿ ਇਕ ਮੋਟਰਸਾਈਕਲ, ਜਿਸ ’ਤੇ ਤਿੰਨ ਨੌਜਵਾਨ ਪਲੋ ਪੱਤੀ ਪਿੰਡ ਰਾਜੋਕੇ ਦੀ ਤਰਫੋਂ ਆਉਂਦੇ ਦਿਖਾਈ ਦਿੱਤੇ ਜੋ ਕਿ ਪੁਲਸ ਪਾਰਟੀ ਨੂੰ ਵੇਖ ਕੇ ਪਿੱਛੇ ਮੋਡ਼ਨ ਲੱਗੇ ਤਾਂ ਮੋਟਰਸਾਈਕਲ ਸਲਿੱਪ ਹੋਣ ਕਾਰਣ ਉਹ ਡਿੱਗ ਪਏ ਜਿਨ੍ਹਾਂ ਨੂੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਦੋ ਨੌਜਵਾਨਾਂ ਨੂੰ ਕਾਬੂ ਕੀਤਾ ਤੇ ਤੀਜਾ ਨੌਜਵਾਨ ਭੱਜਣ ਵਿਚ ਸਫਲ ਹੋ ਗਿਆ। ਥਾਣਾ ਮੁਖੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਜਦੋਂ ਪੁਲਸ ਪਾਰਟੀ ਨੇ ਕਾਬੂ ਕੀਤੇ ਨੌਜਵਾਨਾਂ ਦਾ ਨਾਂ-ਪਤਾ ਪੁੱਛਿਆ ਤਾਂ ਉਨ੍ਹਾਂ ਨੇ ਆਪਣਾ ਨਾਂ ਜੁਗਰਾਜ ਸਿੰਘ ਉਰਫ ਲਾਡੀ ਉਰਫ ਕਾਲਾ ਪੁੱਤਰ ਅਜੀਤ ਸਿੰਘ ਵਾਸੀ ਰੰਗੇ ਕੀ ਪੱਤੀ ਰਾਜੋਕੇ ਅਤੇ ਦੂਸਰੇ ਨੇ ਲਵਪ੍ਰੀਤ ਸਿੰਘ ਉਰਫ ਲਵ ਪੁੱਤਰ ਸਤਨਾਮ ਸਿੰਘ ਵਾਸੀ ਵੱਡਾ ਵਿਹਡ਼ਾ ਪਿੰਡ ਰਾਜੋਕੇ ਦੱਸਿਆ ਅਤੇ ਭੱਜਣ ਵਾਲੇ ਮੋਨੇ ਨੌਜਵਾਨ ਦਾ ਨਾਂ ਹਰਜੀਤ ਸਿੰਘ ਉਰਫ ਜੀਤਾ ਵਾਪਰੀ ਪੁੱਤਰ ਮੁਖਤਾਰ ਸਿੰਘ ਵਾਸੀ ਰਾਜੋਕੇ ਦੱਸਿਆ। ਜਦੋਂ ਪੁਲਸ ਨੇ ਮੋਟਰਸਾਈਕਲ ਦੀ ਤਲਾਸ਼ੀ ਕੀਤੀ ਤਾਂ ਮੋਟਰਸਾਈਕਲ ਦੀ ਹੈੱਡ ਲਾਈਟ ਦੇ ਕਵਰ ਸ਼ੀਸ਼ੇ ’ਚ ਇਕ ਮੋਮੀ ਲਿਫਾਫਾ ਸੀ ਜਿਸ ਵਿਚ ਕੁਝ ਵਸਤੂ ਲਪੇਟੀ ਹੋਈ ਬਰਾਮਦ ਹੋਈ। ਜਦੋਂ ਪੁਲਸ ਨੇ ਉਸ ਨੂੰ ਖੋਲ੍ਹ ਕੇ ਚੈੱਕ ਕੀਤਾ ਤਾਂ ਉਸ ’ਚੋਂ 160 ਗ੍ਰਾਮ ਹੈਰੋਇਨ ਬਰਾਮਦ ਹੋਈ। ਥਾਣਾ ਮੁਖੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਕਤ ਤਿੰਨਾਂ ਨੌਜਵਾਨਾਂ ਖਿਲਾਫ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਭੱਜੇ ਹੋਏ ਨੌਜਵਾਨ ਸਬੰਧੀ ਪੁਲਸ ਛਾਪੇਮਾਰੀ ਕਰ ਰਹੀ ਹੈ, ਉਹ ਜਲਦੀ ਪੁਲਸ ਗ੍ਰਿਫਤ ’ਚ ਹੋਵੇਗਾ।

Bharat Thapa

This news is Content Editor Bharat Thapa