ਪੁਲਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਖੰਡਵਾਲਾ ’ਚ ਚੋਰਾਂ ਦੀ ਦਹਿਸ਼ਤ

10/03/2018 2:02:09 AM

ਅੰਮ੍ਰਿਤਸਰ,   (ਅਗਨੀਹੋਤਰੀ) -  ਥਾਣਾ ਛੇਹਰਟਾ ਅਧੀਨ ਆਉਂਦੇ ਇਲਾਕਾ ਖੰਡਵਾਲਾ ਸਥਿਤ ਕੁੱਝ ਇਲਾਕਿਆਂ ’ਚ ਪਿਛਲੇ ਕਈ ਦਿਨਾਂ ਤੋਂ ਆਏ ਦਿਨ ਚੋਰਾਂ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਚੋਰੀ ਦੀਆਂ ਵਾਰਦਾਤਾਂ ਕਾਰਨ ਇਲਾਕੇ ਦੇ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਗੋਬਿੰਦਪੁਰਾ ਦੀ ਗਲੀ ਨੰ. 9 ’ਚ ਬੀਤੀ ਰਾਤ ਇਕ ਘਰ ’ਚੋਂ 24 ਹਜ਼ਾਰ ਰੁਪਏ ਦੀ ਕੀਮਤ ਦੇ 2 ਮੋਬਾਇਲ ਤੇ 34 ਹਜ਼ਾਰ ਰੁਪਏ ਨਕਦ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਉਪਰੋਕਤ ਘਰ ਦੇ ਮਾਲਕ ਅਸ਼ੋਕ ਕੁਮਾਰ ਪੁੱਤਰ ਕੁਲਦੀਪ ਨਾਥ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ਤੋਂ ਘਰ ਆ ਕੇ ਉਪਰਲੀ ਮੰਜ਼ਿਲ ਸਥਿਤ ਕਮਰਿਆਂ ’ਚ ਸੌਂ ਗਏ, ਜਦ ਉਨ੍ਹਾਂ ਦੀ ਪਤਨੀ ਮਧੂ ਬਾਲਾ ਸਵੇਰੇ ਕਰੀਬ ਸਾਢੇ 4 ਵਜੇ ਉੱਠੀ ਤਾਂ ਉਸ ਨੇ ਦੇਖਿਆ ਕਿ ਕਮਰੇ ’ਚ ਪਏ ਦੋਵੇਂ ਮੋਬਾਇਲ ਗਾਇਬ ਸਨ ਤੇ ਜਦ ਉਨ੍ਹਾਂ ਹੇਠਲੇ ਕਮਰਿਆਂ ’ਚ ਜਾ ਕੇ ਦੇਖਿਆ ਤਾਂ ਅਲਮਾਰੀ ਖੁੱਲ੍ਹੀ ਹੋਈ ਸੀ ਅਤੇ 2 ਪੈਂਟਾਂ ’ਚ ਪਏ ਬਟੂਏ ’ਚੋਂ ਵੱਖ-ਵੱਖ ਬੈਂਕਾਂ ਦੇ ਏ. ਟੀ. ਐੱਮ. ਕਾਰਡ, ਅਾਧਾਰ ਕਾਰਡ, ਡਰਾਈਵਿੰਗ ਲਾਇਸੈਂਸ ਆਦਿ ਤੋਂ ਇਲਾਵਾ ਕਰੀਬ 34 ਹਜ਼ਾਰ ਰੁਪਏ ਚੋਰੀ ਹੋ ਚੁੱਕੇ ਸਨ।
ਚੋਰੀ ਹੋਣ ਸਬੰਧੀ ਲਿਖਤੀ ਸ਼ਿਕਾਇਤ ਥਾਣਾ ਛੇਹਰਟਾ ਵਿਖੇ ਪਰਿਵਾਰਕ ਮੈਂਬਰਾਂ ਨੇ ਦਿੱਤੀ, ਜਿਸ ’ਤੇ ਪੁਲਸ ਨੇ ਮੌਕੇ ’ਤੇ ਪੁੱਜ ਕੇ ਜਾਣਕਾਰੀ ਹਾਸਲ ਕੀਤੀ। ਲੋਕਾਂ ਨੇ ਦੱਸਿਆ ਕਿ ਉਪਰੋਕਤ ਇਲਾਕੇ ’ਚ ਕੁਝ ਦਿਨਾਂ ’ਚ 10 ਦੇ ਕਰੀਬ ਚੋਰੀ ਦੀਆਂ ਵਾਰਦਾਤਾਂ ਹੋ ਚੁੱਕੀਆਂ ਹਨ, ਜਿਸ ਨੂੰ ਪੁਲਸ ਗੰਭੀਰਤਾ ਨਾਲ ਨਹੀਂ ਲੈ ਰਹੀ। ਉਨ੍ਹਾਂ ਪ੍ਰਸ਼ਾਸਨ ਨੂੰ ਛੇਹਰਟਾ ਖੇਤਰ ’ਚ ਪੁਲਸ ਦੀ ਗਸ਼ਤ ਵਧਾਉਣ ਦੀ ਅਪੀਲ ਕਰਨ ਦੇ ਨਾਲ-ਨਾਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਚੋਰਾਂ ਨੂੰ ਫੜਨ ਦੀ ਵੀ ਮੰਗ ਕੀਤੀ।
ਇਸ ਸਬੰਧੀ ਥਾਣਾ ਛੇਹਰਟਾ ਦੇ ਇੰਚਾਰਜ ਹਰੀਸ਼ ਬਹਿਲ ਨੇ ਦੱਸਿਆ ਕਿ ਛੇਹਰਟਾ ਖੇਤਰ ’ਚ ਪੀ. ਸੀ. ਆਰ. ਦੀ ਗਸ਼ਤ ਵਧਾਈ ਗਈ ਹੈ। ਚੋਰੀ ਸਬੰਧੀ ਮਾਮਲਾ ਉਨ੍ਹਾਂ ਦੇ ਧਿਆਨ ’ਚ ਹੈ, ਜਾਂਚ ਕੀਤੀ ਜਾਵੇਗੀ ਤੇ ਜਲਦ ਹੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਕਾਬੂ ਕਰ ਲਿਆ ਜਾਵੇਗਾ।